ਭਾਰਤ ਨੇ ਰੂਸ ਅਤੇ ਯੂਕਰੇਨ ਲਈ ਵਿਚੋਲਗੀ ਕਰਨ ਤੋਂ ਕਰ ਦਿੱਤਾ ਇਨਕਾਰ

Update: 2024-08-19 12:47 GMT

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫਤੇ ਯੂਕਰੇਨ ਦਾ ਦੌਰਾ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਭਾਰਤ ਰੂਸ ਅਤੇ ਯੂਕਰੇਨ ਵਿਚਾਲੇ ਵਿਚੋਲੇ ਦੀ ਭੂਮਿਕਾ ਨਿਭਾਉਣ ਤੋਂ ਇਨਕਾਰ ਕਰ ਚੁੱਕਾ ਹੈ। ਹਾਲਾਂਕਿ ਕਿਹਾ ਕਿ ਅਸੀਂ ਦੋਹਾਂ ਦੇਸ਼ਾਂ ਵਿਚਾਲੇ ਸੰਦੇਸ਼ ਭੇਜਣ 'ਚ ਮਦਦ ਕਰ ਸਕਦੇ ਹਾਂ। ਦੱਸਣਯੋਗ ਹੈ ਕਿ ਪੀਐਮ ਮੋਦੀ 23 ਅਗਸਤ ਨੂੰ ਯੂਕਰੇਨ ਦੇ ਦੌਰੇ 'ਤੇ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਫਰਵਰੀ 2022 'ਚ ਰੂਸੀ ਹਮਲੇ ਤੋਂ ਬਾਅਦ ਕਿਸੇ ਸੀਨੀਅਰ ਭਾਰਤੀ ਨੇਤਾ ਦੀ ਇਹ ਪਹਿਲੀ ਯਾਤਰਾ ਹੈ। ਨਾਲ ਹੀ, 1991 ਵਿੱਚ ਆਜ਼ਾਦੀ ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯੂਕਰੇਨ ਦੀ ਇਹ ਪਹਿਲੀ ਯਾਤਰਾ ਹੋਵੇਗੀ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਚੀਫ ਆਫ ਸਟਾਫ ਐਂਡਰੀ ਯੇਰਮਾਕ ਨੇ ਹਾਲ ਹੀ 'ਚ ਭਾਰਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਯੂਕਰੇਨ ਵਿੱਚ ਸ਼ਾਂਤੀ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਹਾਲਾਂਕਿ, ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਨੇ ਦੋ ਜੰਗੀ ਦੇਸ਼ਾਂ ਵਿਚਾਲੇ ਸਿੱਧੇ ਵਿਚੋਲੇ ਦੀ ਭੂਮਿਕਾ ਤੋਂ ਇਨਕਾਰ ਕਰ ਦਿੱਤਾ ਹੈ। ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਉਨ੍ਹਾਂ ਕਿਹਾ ਕਿ ਭਾਰਤੀ ਪੱਖ ਨਿਸ਼ਚਿਤ ਤੌਰ 'ਤੇ ਦੋਵਾਂ ਵਿਚਾਲੇ ਕੋਈ ਸੰਦੇਸ਼ ਭੇਜ ਸਕਦਾ ਹੈ।

ਜਾਣਿਆ ਜਾਂਦਾ ਹੈ ਕਿ ਭਾਰਤ ਯੂਕਰੇਨ ਵਿੱਚ ਰੂਸ ਦੀ ਕਾਰਵਾਈ ਦੀ ਜਨਤਕ ਤੌਰ 'ਤੇ ਨਿੰਦਾ ਕਰਨ ਤੋਂ ਗੁਰੇਜ਼ ਕਰਦਾ ਰਿਹਾ ਹੈ। ਨਵੀਂ ਦਿੱਲੀ ਨੇ ਯੂਕਰੇਨ ਨਾਲ ਸਬੰਧਤ ਸੰਯੁਕਤ ਰਾਸ਼ਟਰ ਦੇ ਜ਼ਿਆਦਾਤਰ ਪ੍ਰਸਤਾਵਾਂ ਦੇ ਵਿਰੁੱਧ ਵੋਟ ਕੀਤਾ ਜਾਂ ਹਿੱਸਾ ਨਹੀਂ ਲਿਆ। ਭਾਰਤ ਕਹਿੰਦਾ ਰਿਹਾ ਹੈ ਕਿ ਰੂਸ-ਯੂਕਰੇਨ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਅੱਗੇ ਵਧਣਾ ਚਾਹੀਦਾ ਹੈ। ਸਥਾਈ ਹੱਲ ਲੱਭਣ ਦੇ ਸਾਰੇ ਯਤਨਾਂ ਦਾ ਸਮਰਥਨ ਕੀਤਾ ਜਾਵੇਗਾ। ਜੰਗ ਨਾਲ ਕੋਈ ਹੱਲ ਨਹੀਂ ਹੋਵੇਗਾ।

Tags:    

Similar News