Akal Takht Sahib ’ਤੇ ਸਪਸ਼ਟੀਕਰਨ ਤੋਂ ਬਾਅਦ Inderbir Singh Nijjar ਦਾ ਬਿਆਨ: “ਸੰਵਿਧਾਨ ਮੁਤਾਬਕ ਸਾਰੇ ਮੈਂਬਰ ਅੰਮ੍ਰਿਤਧਾਰੀ ਹੋਣਗੇ”
ਅਕਾਲ ਤਖਤ ਸਾਹਿਬ ਦੇ ਸਕੱਤਰਾਲੇ ਵਿਖੇ ਆਪਣਾ ਸਪਸ਼ਟੀਕਰਨ ਪੇਸ਼ ਕਰਨ ਤੋਂ ਬਾਅਦ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਝਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਥਾ ਦੇ ਸੰਵਿਧਾਨ ਅਨੁਸਾਰ ਸਾਰੇ ਮੈਂਬਰਾਂ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ ਅਤੇ ਇਸ ਮਾਮਲੇ ’ਤੇ ਸੰਸਥਾ ਅਤੇ ਜਥੇਦਾਰ ਸਾਹਿਬ ਦੇ ਵਿਚਾਰਾਂ ਵਿੱਚ ਕੋਈ ਭੇਦਭਾਵ ਨਹੀਂ ਹੈ।
ਅੰਮ੍ਰਿਤਸਰ : ਅਕਾਲ ਤਖਤ ਸਾਹਿਬ ਦੇ ਸਕੱਤਰਾਲੇ ਵਿਖੇ ਆਪਣਾ ਸਪਸ਼ਟੀਕਰਨ ਪੇਸ਼ ਕਰਨ ਤੋਂ ਬਾਅਦ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਝਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਥਾ ਦੇ ਸੰਵਿਧਾਨ ਅਨੁਸਾਰ ਸਾਰੇ ਮੈਂਬਰਾਂ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ ਅਤੇ ਇਸ ਮਾਮਲੇ ’ਤੇ ਸੰਸਥਾ ਅਤੇ ਜਥੇਦਾਰ ਸਾਹਿਬ ਦੇ ਵਿਚਾਰਾਂ ਵਿੱਚ ਕੋਈ ਭੇਦਭਾਵ ਨਹੀਂ ਹੈ।
ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਵੱਲੋਂ ਜਿਹੜੀ ਗੱਲ ਦੁਬਾਰਾ ਦੋਹਰਾਈ ਗਈ ਹੈ, ਉਹੀ ਚੀਫ ਖਾਲਸਾ ਦੀਵਾਨ ਦੀ ਸੋਚ ਵੀ ਹੈ। “ਜੇ ਅੱਜ ਵੀ ਕਿਸੇ ਮੈਂਬਰ ਨੇ ਅੰਮ੍ਰਿਤ ਨਹੀਂ ਛਕਿਆ, ਤਾਂ ਉਸਨੂੰ ਪਿਆਰ ਨਾਲ ਗੁਰੂ ਦੇ ਕੋਲ ਲੈ ਕੇ ਆਉਣਾ ਚਾਹੀਦਾ ਹੈ, ਨਾ ਕਿ ਉਸਨੂੰ ਅਲੱਗ ਕੀਤਾ ਜਾਵੇ,” ਨਿੱਝਰ ਨੇ ਕਿਹਾ। ਉਹਨਾਂ ਜ਼ੋਰ ਦਿੱਤਾ ਕਿ ਅਕਾਲ ਤਖਤ ਸਾਹਿਬ ਪ੍ਰਤੀ ਸੰਸਥਾ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਇਸ ਮਸਲੇ ’ਤੇ ਕੋਈ ਦੋ ਰਾਏ ਨਹੀਂ ਹਨ।
ਸਕੂਲਾਂ ਦੇ ਮਸਲੇ ’ਤੇ ਗੱਲ ਕਰਦਿਆਂ ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਸਰਹੱਦੀ ਖੇਤਰਾਂ ਵਿੱਚ ਸਕੂਲ ਖੋਲ੍ਹਣ ਬਾਰੇ ਵੀ ਵਿਚਾਰ-ਵਟਾਂਦਰਾ ਹੋਈ ਹੈ। ਉਹਨਾਂ ਕਿਹਾ ਕਿ ਹਾਲਾਂਕਿ ਬਾਰਡਰ ਖੇਤਰਾਂ ਵਿੱਚ ਪਹਿਲਾਂ ਹੀ ਕਈ ਸਕੂਲ ਮੌਜੂਦ ਹਨ, ਪਰ ਗੁਰਦਾਸਪੁਰ ਇਲਾਕੇ ਵਿੱਚ ਨਵਾਂ ਸਕੂਲ ਖੋਲ੍ਹਣ ਲਈ ਵੀ ਚਰਚਾ ਹੋਈ ਹੈ। ਬਟਾਲਾ ਦੇ ਆਖਰੀ ਛੋਰ ’ਤੇ ਖੋਲ੍ਹੇ ਗਏ ਸਕੂਲ ਦੀ ਤਰ੍ਹਾਂ, ਗੁਰਦਾਸਪੁਰ ਵਿੱਚ ਵੀ ਜਮੀਨ ਦੀ ਵਿਵਸਥਾ ਹੋਣ ’ਤੇ ਸਕੂਲ ਸ਼ੁਰੂ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਅਟਾਰੀ ਵਿੱਚ ਮੌਜੂਦਾ ਸਕੂਲ ਨੂੰ ਵੱਡਾ ਕਰਨ ਲਈ ਛੇ ਏਕੜ ਜਮੀਨ ਦੀ ਯੋਜਨਾ ਹੈ ਅਤੇ ਸਾਰਾ ਕੰਮ ਸਰਕਾਰੀ ਪਰਮਿਸ਼ਨਾਂ ਨਾਲ ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸ਼ਿਕਾਗੋ ਤੋਂ ਬਾਬਾ ਦਿਲਜੀਤ ਸਿੰਘ ਵੱਲੋਂ ਬਲਾਚੌਰ ਵਿੱਚ ਪੰਜ ਏਕੜ ਜਮੀਨ ਦਾਨ ਕੀਤੀ ਗਈ ਹੈ, ਜਿੱਥੇ ਵੀ ਨਵਾਂ ਸਕੂਲ ਖੋਲ੍ਹਣ ਦੀ ਤਿਆਰੀ ਚੱਲ ਰਹੀ ਹੈ।
ਅੰਤ ਵਿੱਚ ਨਿੱਝਰ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਦਾ ਮਕਸਦ ਸਿੱਖਿਆ ਰਾਹੀਂ ਸੰਸਥਾ ਅਤੇ ਪੰਥ ਦਾ ਵਿਕਾਸ ਕਰਨਾ ਹੈ।