Independence Day 2025: PM ਮੋਦੀ ਨੇ ਕੀ ਦਿੱਤਾ ਸੰਦੇਸ਼, ਪੜ੍ਹੋ
ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦੀਆਂ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਹੁਣ ਅੱਤਵਾਦ ਨੂੰ ਤਾਕਤ ਦੇਣ ਵਾਲਿਆਂ ਅਤੇ ਅੱਤਵਾਦੀਆਂ
ਅੱਜ ਭਾਰਤ ਆਪਣਾ 79ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ 12ਵੀਂ ਵਾਰ ਤਿਰੰਗਾ ਲਹਿਰਾਇਆ ਅਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ, ਆਰਥਿਕ ਵਿਕਾਸ ਅਤੇ ਭਵਿੱਖ ਦੀਆਂ ਯੋਜਨਾਵਾਂ 'ਤੇ ਗੱਲ ਕੀਤੀ।
ਅੱਤਵਾਦ ਨੂੰ ਸਪੱਸ਼ਟ ਸੰਦੇਸ਼
ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦੀਆਂ ਅਤੇ ਉਨ੍ਹਾਂ ਨੂੰ ਸਮਰਥਨ ਦੇਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਹੁਣ ਅੱਤਵਾਦ ਨੂੰ ਤਾਕਤ ਦੇਣ ਵਾਲਿਆਂ ਅਤੇ ਅੱਤਵਾਦੀਆਂ ਨੂੰ ਵੱਖਰਾ ਨਹੀਂ ਸਮਝਦੇ। ਉਨ੍ਹਾਂ ਨੇ 'ਆਪ੍ਰੇਸ਼ਨ ਸਿੰਦੂਰ' ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਭਵਿੱਖ ਵਿੱਚ ਦੁਸ਼ਮਣਾਂ ਨੇ ਕੋਈ ਹੋਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀ ਫੌਜ ਢੁੱਕਵਾਂ ਜਵਾਬ ਦੇਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਹੋਈ ਤਬਾਹੀ ਬਾਰੇ ਅਜੇ ਵੀ ਨਵੀਆਂ ਜਾਣਕਾਰੀਆਂ ਆ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਸਿੰਧੂ ਸੰਧੀ ਦਾ ਜ਼ਿਕਰ ਕਰਦਿਆਂ ਕਿਹਾ ਕਿ 'ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ' ਅਤੇ ਦੇਸ਼ ਦੇ ਕਿਸਾਨਾਂ ਦਾ ਪਾਣੀ 'ਤੇ ਹੱਕ ਹੈ।
ਵਿਕਸਤ ਭਾਰਤ ਦਾ ਆਧਾਰ: ਆਤਮਨਿਰਭਰਤਾ
ਪ੍ਰਧਾਨ ਮੰਤਰੀ ਨੇ ਆਤਮਨਿਰਭਰਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੋ ਦੇਸ਼ ਦੂਜਿਆਂ 'ਤੇ ਨਿਰਭਰ ਹੁੰਦਾ ਹੈ, ਉਸ ਦੀ ਆਜ਼ਾਦੀ 'ਤੇ ਵੀ ਸਵਾਲ ਉੱਠਦੇ ਹਨ। ਉਨ੍ਹਾਂ ਨੇ ਦੱਸਿਆ ਕਿ 'ਆਪ੍ਰੇਸ਼ਨ ਸਿੰਦੂਰ' ਦੀ ਸਫ਼ਲਤਾ 'ਚ 'ਮੇਡ ਇਨ ਇੰਡੀਆ' ਹਥਿਆਰਾਂ ਦਾ ਵੱਡਾ ਯੋਗਦਾਨ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਅਨਾਜ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਆਤਮਨਿਰਭਰ ਹੈ ਅਤੇ ਕਿਸਾਨਾਂ ਨੇ ਦੇਸ਼ ਦੇ ਅਨਾਜ ਭੰਡਾਰ ਭਰ ਦਿੱਤੇ ਹਨ।
ਭਵਿੱਖ ਦੀਆਂ ਯੋਜਨਾਵਾਂ
ਊਰਜਾ: ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ 2030 ਦਾ 50% ਸਾਫ਼ ਊਰਜਾ ਦਾ ਟੀਚਾ 2025 ਵਿੱਚ ਹੀ ਹਾਸਲ ਕਰ ਚੁੱਕਾ ਹੈ। ਦੇਸ਼ ਹੁਣ ਗੈਸ ਅਤੇ ਤੇਲ ਦੇ ਨਵੇਂ ਭੰਡਾਰ ਲੱਭਣ ਲਈ 'ਸਮੁੰਦਰ ਮੰਥਨ' ਵੱਲ ਵਧ ਰਿਹਾ ਹੈ। ਪ੍ਰਮਾਣੂ ਊਰਜਾ ਸਮਰੱਥਾ ਨੂੰ 2047 ਤੱਕ 10 ਗੁਣਾ ਵਧਾਉਣ ਦਾ ਟੀਚਾ ਹੈ।
ਸੈਮੀਕੰਡਕਟਰ: ਉਨ੍ਹਾਂ ਕਿਹਾ ਕਿ ਪੰਜਾਹ-ਸਾਠ ਸਾਲ ਪਹਿਲਾਂ ਸੈਮੀਕੰਡਕਟਰ ਬਣਾਉਣ ਦਾ ਵਿਚਾਰ ਰੱਦ ਕਰ ਦਿੱਤਾ ਗਿਆ ਸੀ, ਪਰ ਹੁਣ ਅਸੀਂ ਇਸ 'ਤੇ ਮਿਸ਼ਨ ਮੋਡ ਵਿੱਚ ਕੰਮ ਕਰ ਰਹੇ ਹਾਂ। ਇਸ ਸਾਲ ਦੇ ਅੰਤ ਤੱਕ 'ਮੇਡ ਇਨ ਇੰਡੀਆ' ਸੈਮੀਕੰਡਕਟਰ ਚਿਪਸ ਬਾਜ਼ਾਰ ਵਿੱਚ ਆ ਜਾਣਗੇ।
ਪ੍ਰਧਾਨ ਮੰਤਰੀ ਨੇ ਕੁਦਰਤੀ ਆਫ਼ਤਾਂ ਦਾ ਜ਼ਿਕਰ ਕਰਦਿਆਂ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਯੰਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਧਾਰਾ 370 ਨੂੰ ਹਟਾ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਗਈ ਹੈ।