ਭਾਰਤੀ ਮੂਲ ਦੇ ਵਿਅਕਤੀ ਨੂੰ ਇਕ ਕੈਫੇ 'ਚ ਮਹਿਲਾ ਕੈਸ਼ੀਅਰ 'ਤੇ ਨਸਲੀ ਟਿੱਪਣੀ ਕਰਨ ਅਤੇ 'ਟਿਪ ਬਾਕਸ' ਨੂੰ ਸੁੱਟਣ ਦੇ ਦੋਸ਼ 'ਚ 4 ਹਫਤਿਆਂ ਲਈ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਸ 'ਤੇ 4,000 ਸਿੰਗਾਪੁਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। 27 ਸਾਲਾ ਰਿਸ਼ੀ ਡੇਵਿਡ ਨੂੰ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੇ ਇੱਕ ਦੋਸ਼ ਅਤੇ ਪੀੜਤ ਦੀ ਸੁਰੱਖਿਆ ਨੂੰ ਖਤਰੇ 'ਚ ਪਾਉਣ ਵਾਲੇ ਕਾਹਲੀ ਵਾਲੇ ਕੰਮ ਦੇ ਇੱਕ ਦੋਸ਼ ਲਈ ਦੋਸ਼ੀ ਮੰਨਿਆ ਗਿਆ ਹੈ। ਰਿਸ਼ੀ ਆਪਣੇ ਰਿਮਾਂਡ ਵਾਲੀ ਥਾਂ ਤੋਂ ਵੀਡੀਓ ਲਿੰਕ ਰਾਹੀਂ ਅਦਾਲਤ 'ਚ ਪੇਸ਼ ਹੋਇਆ। ਦੱਸਦਈਏ ਕਿ ਹਾਲੈਂਡ ਵਿਲੇਜ ਦੇ ਪ੍ਰੋਜੈਕਟ ਅਕਾਈ 'ਚ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੈਫੇ 'ਚ ਭੀੜ ਅਤੇ ਬੱਚੇ ਮੌਜੂਦ ਸਨ।
ਦਰਅਸਲ ਕੈਫੇ 'ਚ ਆਰਡਰ ਦੇਣ ਲਈ ਕਾਊਂਟਰ 'ਤੇ ਲੰਬੀ ਲਾਈਨ ਲੱਗੀ ਹੋਈ ਸੀ ਅਤੇ ਰਿਸ਼ੀ ਆਪਣਾ ਆਰਡਰ ਦੇਣ ਲਈ ਲੰਬੀ ਲਾਈਨ 'ਚ ਸ਼ਾਮਲ ਹੋਣ ਦੀ ਬਜਾਏ ਗਲਤ ਸਿਰੇ ਤੋਂ ਲਾਈਨ 'ਚ ਲੱਗ ਗਿਆ। ਜਦੋਂ ਉਹ ਕੈਸ਼ੀਅਰ ਦੇ ਸਾਹਮਣੇ ਆਇਆ ਅਤੇ ਆਰਡਰ ਕਰਨ ਲੱਗਾ ਤਾਂ ਕੈਸ਼ੀਅਰ ਨੇ ਰਿਸ਼ੀ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਉਸਨੂੰ ਲਾਈਨ ਦੇ ਪਿਛਲੇ ਪਾਸੇ ਜਾਣ ਅਤੇ ਆਪਣੀ ਵਾਰੀ ਦੀ ਉਡੀਕ ਕਰਨ ਲਈ ਕਿਹਾ। ਕੈਸ਼ੀਅਰ ਵੱਲੋਂ ਸੇਵਾ ਕਰਨ ਤੋਂ ਇਨਕਾਰ ਕਰਨ 'ਤੇ ਰਿਸ਼ੀ ਨਾਰਾਜ਼ ਹੋ ਗਿਆ ਅਤੇ ਉਸ ਨੂੰ ਮਾੜਾ ਬੋਲਣ ਲੱਗ ਗਿਆ, ਜਿਸ 'ਚ ਚੀਨੀ ਲੋਕਾਂ ਦੇ ਖਿਲਾਫ ਨਸਲੀ ਗਾਲਾਂ ਵੀ ਸ਼ਾਮਲ ਸਨ। ਰਿਸ਼ੀ ਨੇ ਲਾਈਨ ਦੇ ਪਿਛਲੇ ਪਾਸੇ ਜਾਣ ਤੋਂ ਇਨਕਾਰ ਕਰ ਦਿੱਤਾ। ਰਿਸ਼ੀ ਪੀੜਤਾ ਕੈਸ਼ੀਅਰ 'ਤੇ ਰੌਲਾ ਪਾਉਂਦਾ ਰਿਹਾ। ਉਸ ਨੇ ਫਿਰ ਕਾਊਂਟਰ ਤੋਂ ਟਿਪ ਬਾਕਸ ਚੁੱਕਿਆ ਅਤੇ ਉਸ 'ਤੇ ਸੁੱਟ ਦਿੱਤਾ ਜੋ ਕਿ ਪੀੜਤਾਂ ਦੀ ਪਿੱਠ ਦੇ ਹੇਠਲੇ ਹਿੱਸੇ 'ਤੇ ਵੱਜਿਆ। ਆਖਰਕਾਰ ਪੀੜਤਾ ਨੇ ਇੱਕ "ਰੈਗਿੰਗ" ਗਾਹਕ ਦੀ ਰਿਪੋਰਟ ਕਰਨ ਲਈ ਪੁਲਿਸ ਨੂੰ ਬੁਲਾਇਆ ਅਤੇ ਰਿਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਅਦਾਲਤ 'ਚ ਉਸ ਦੇ ਟਿਪ ਬਾਕਸ ਨੂੰ ਸੁੱਟਣ ਦੀਆਂ ਵੀਡੀਓਜ਼ ਚਲਾਈਆਂ ਗਈਆਂ ਸਨ। ਡਿਪਟੀ ਸਰਕਾਰੀ ਵਕੀਲ ਰਿਆਨ ਲਿਮ ਨੇ ਚਾਰ ਹਫ਼ਤਿਆਂ ਦੀ ਕੈਦ ਅਤੇ ਵੱਧ ਤੋਂ ਵੱਧ 5,000 ਸਿੰਗਾਪੁਰ ਡਾਲਰ ਦੇ ਜੁਰਮਾਨੇ ਦੀ ਮੰਗ ਕੀਤੀ। ਉਸ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਨਸਲੀ ਵਿਵਹਾਰ ਨੂੰ ਆਮ ਬਣਾਉਣ ਤੋਂ ਰੋਕਣ ਲਈ ਸਖ਼ਤ ਸਜ਼ਾ ਦਿੱਤੀ ਜਾਵੇ। ਇਹ ਘਟਨਾ ਛੋਟੇ ਬੱਚਿਆਂ ਦੇ ਸਾਹਮਣੇ ਹੋਈ। ਦੱਸਦਈਏ ਕਿ ਇਸ ਤੋਂ ਪਹਿਲਾਂ ਵੀ ਅਗਸਤ 'ਚ ਰਿਸ਼ੀ ਨੂੰ ਅੱਗ ਲਾ ਕੇ ਸ਼ਰਾਰਤ ਕਰਨ ਦੇ ਦੋਸ਼ 'ਚ ਤਿੰਨ ਮਹੀਨੇ ਦੀ ਜੇਲ੍ਹ ਹੋਈ ਸੀ। ਰਿਸ਼ੀ, ਜਿਸ ਕੋਲ ਕੋਈ ਵਕੀਲ ਨਹੀਂ ਸੀ, ਨੇ ਜੱਜ ਨੂੰ ਕਿਹਾ ਕਿ ਉਸਦੀ ਕਾਰਵਾਈ ਇੱਕ ਗਲਤੀ ਸੀ। ਸਜ਼ਾ ਸੁਣਾਉਂਦੇ ਹੋਏ, ਜ਼ਿਲ੍ਹਾ ਜੱਜ ਜੈਨੇਟ ਵੈਂਗ ਨੇ ਕਿਹਾ ਕਿ ਰਿਸ਼ੀ ਦੇ ਅਪਰਾਧਾਂ ਨੇ ਜਨਤਕ ਬੇਚੈਨੀ ਪੈਦਾ ਕੀਤੀ। ਇਸ ਕਾਰਨ ਰਿਸ਼ੀ ਨੂੰ ਅਦਾਲਤ ਵੱਲੋਂ 'ਚ 4 ਹਫਤਿਆਂ ਲਈ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਗਿਆ ਅਤੇ ਉਸ 'ਤੇ 4,000 ਸਿੰਗਾਪੁਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ।