ਦੱਖਣ-ਪੂਰਬੀ ਐਡਮੰਟਨ ਵਿੱਚ ਗੋਲੀਬਾਰੀ ਦੀ ਰਿਪੋਰਟ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਬੁੱਧਵਾਰ ਨੂੰ ਤੜਕਿਉਂ ਐਮਰਜੈਂਸੀ ਅਮਲੇ ਨੂੰ 16 ਐਵੇਨਿਊ ਅਤੇ 65 ਸਟਰੀਟ 'ਤੇ ਬੁਲਾਇਆ ਗਿਆ। ਇੱਕ 41 ਸਾਲਾ ਵਿਅਕਤੀ ਦਾ ਈਐੱਮਐੱਸ ਦੁਆਰਾ ਇਲਾਜ ਕੀਤਾ ਗਿਆ ਪਰ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਵੀਰਵਾਰ ਨੂੰ ਪੋਸਟਮਾਰਟਮ ਕੀਤਾ ਗਿਆ। ਜਾਂਚ ਹੁਣ ਐਡਮਿੰਟਨ ਪੁਲਿਸ ਸਰਵਿਸ ਦੇ ਕਤਲ ਸੈਕਸ਼ਨ ਨੂੰ ਸੌਂਪ ਦਿੱਤੀ ਗਈ ਹੈ। ਹਾਲਾਂਕਿ ਪੁਲਿਸ ਵੱਲੋਂ ਮ੍ਰਿਤਕ ਵਿਅਕਤੀ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ, ਪਰ ਗੋ-ਫੰਡ ਮੀ ਉੱਪਰ ਇੱਕ ਫੰਡ ਰੇਜ਼ ਕੀਤਾ ਗਿਆ ਹੈ, ਜਿਸ 'ਚ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਨਾਲ ਹੀ 41 ਸਾਲਾ ਸਾਲਾ ਦੀ ਪਛਾਣ ਵੀ ਦੱਸੀ ਗਈ ਹੈ। ਪੀੜਤ ਦੀ ਪਛਾਣ ਪੰਜਾਬੀ ਭਾਈਚਾਰੇ ਦੇ 41 ਸਾਲਾ ਇੰਦਰਪਾਲ ਸਿੰਘ ਵਜੋਂ ਹੋਈ ਹੈ।
ਪ੍ਰੀਤ ਦਿਓਲ ਨੇ ਫੰਡ ਰੇਜ਼ ਕਰਦਿਆਂ ਨਾਲ ਦੱਸਿਆ ਕਿ ਅਸੀਂ ਭਾਰੀ ਦਿਲਾਂ ਨਾਲ ਇੰਦਰਪਾਲ ਸਿੰਘ ਦੇ ਦੁਖਦਾਈ ਵਿਛੋੜੇ ਨੂੰ ਸਾਂਝਾ ਕਰਦੇ ਹਾਂ ਜਿਸਨੂੰ ਪਿਆਰ ਨਾਲ ਇੰਦਰਪਾਲ ਅੰਕਲ ਵਜੋਂ ਜਾਣਿਆ ਜਾਂਦਾ ਸੀ। ਇੱਕ ਜੋਸ਼ੀਲਾ, ਮਿਲਣਸਾਰ ਵਿਅਕਤੀ ਇਸ ਦੁਨੀਆਂ ਤੋਂ ਚਲਿਆ ਗਿਆ ਹੈ। ਅੱਗੇ ਲਿਖਿਆ ਕਿ ਇੰਦਰਪਾਲ ਇੱਕ ਅਜਿਹਾ ਵਿਅਕਤੀ ਸੀ ਜਿਸਨੇ ਹਰ ਉਸ ਵਿਅਕਤੀ 'ਤੇ ਇੱਕ ਛਾਪ ਛੱਡੀ ਜਿਸਨੂੰ ਉਹ ਮਿਲਦਾ ਸੀ। 3 ਜੂਨ ਦੀ ਰਾਤ ਨੂੰ, ਇੱਕ ਲੰਬੀ ਉਬਰ ਸ਼ਿਫਟ ਖਤਮ ਕਰਨ ਤੋਂ ਬਾਅਦ, ਇੰਦਰਪਾਲ ਅੰਕਲ ਨੂੰ ਉਨ੍ਹਾਂ ਦੇ ਆਪਣੇ ਡਰਾਈਵਵੇਅ ਵਿੱਚ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਦੇ ਅਚਾਨਕ ਅਤੇ ਵਿਨਾਸ਼ਕਾਰੀ ਦੇਹਾਂਤ ਨੇ ਉਨ੍ਹਾਂ ਦੇ ਅਜ਼ੀਜ਼ਾਂ ਨੂੰ ਅਕਲਪਿਤ ਸੋਗ ਵਿੱਚ ਛੱਡ ਦਿੱਤਾ ਹੈ ਅਤੇ ਜਵਾਬਾਂ ਦੀ ਭਾਲ ਕਰ ਰਹੇ ਹਨ। ਉਹ ਇੱਕ ਮਿਹਨਤੀ ਅਣਥੱਕ ਪਤੀ ਅਤੇ ਪਿਤਾ ਸਨ, ਆਪਣੇ ਪਰਿਵਾਰ ਦੀ ਦੇਖਭਾਲ ਕਰਦੇ ਸਨ। ਹੁਣ ਉਹ ਆਪਣੇ ਪਿੱਛੇ ਆਪਣੀ ਪਿਆਰੀ ਪਤਨੀ, ਇੱਕ 9 ਸਾਲ ਦੀ ਧੀ ਪਿੱਛੇ ਛੱਡ ਗਏ ਹਨ। ਉਨ੍ਹਾਂ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਪ੍ਰੀਤ ਦਿਓਲ ਨੇ ਅੱਗੇ ਲਿਖਿਆ ਕਿ ਅਸੀਂ ਤੁਹਾਡੇ ਸਮਰਥਨ ਦੀ ਮੰਗ ਕਰਨ ਲਈ ਪਹੁੰਚ ਕਰ ਰਹੇ ਹਾਂ। ਕਿਰਪਾ ਕਰਕੇ ਅੰਤਿਮ ਸਸਕਾਰ ਦੇ ਖਰਚਿਆਂ ਨੂੰ ਪੂਰਾ ਕਰਨ ਅਤੇ ਆਉਣ ਵਾਲੇ ਮੁਸ਼ਕਲ ਦਿਨਾਂ ਵਿੱਚ ਉਸਦੇ ਪਰਿਵਾਰ ਨੂੰ ਕੁਝ ਸਥਿਰਤਾ ਪ੍ਰਦਾਨ ਕਰਨ ਲਈ ਦਾਨ ਕੀਤਾ ਜਾਵੇ। ਕੋਈ ਵੀ ਰਕਮ ਬਹੁਤ ਛੋਟੀ ਨਹੀਂ ਹੁੰਦੀ ਹਰ ਯੋਗਦਾਨ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਨੂੰ ਉਹ ਪਿੱਛੇ ਛੱਡ ਗਿਆ ਹੈ। ਆਓ ਇਕੱਠੇ ਹੋ ਕੇ ਉਸਦੀ ਜ਼ਿੰਦਗੀ ਦਾ ਸਨਮਾਨ ਕਰੀਏ ਅਤੇ ਉਸ ਪਰਿਵਾਰ ਦਾ ਸਮਰਥਨ ਕਰੀਏ ਜਿਸਦੀ ਦੇਖਭਾਲ ਲਈ ਉਸਨੇ ਇੰਨੀ ਮਿਹਨਤ ਕੀਤੀ। ਇੰਦਰਪਾਲ ਦੇ ਕਰੀਬੀ ਨੇ ਹਮਦਰਦ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇੰਦਰਪਾਲ ਪੱਖੋਵਾਲ ਦੇ ਜਿੰਦ ਪਿੰਡ ਨਾਲ ਸਬੰਧਿਤ ਸੀ ਤੇ ਡੇਢ ਸਾਲ ਪਹਿਲਾਂ ਚੰਗੇ ਭਵਿੱਖ ਲਈ ਕੈਨੇਡਾ ਆਇਆ ਸੀ। ਇੰਦਰਪਾਲ ਦੀ ਪਤਨੀ ਇਸ ਸਮੇਂ ਗਰਭਵਤੀ ਹੈ ਅਤੇ ਉਸ ਦਾ ਬਹੁਤ ਹੀ ਬਹੁਤ ਹਾਲ ਹੋਇਆ ਹੈ। ਇੰਦਰਪਾਲ ਦੇ ਪਿਤਾ ਦਾ ਵੀ ਹਾਲ ਹੀ 'ਚ ਜਨਵਰੀ 'ਚ ਦਿਹਾਂਤ ਹੋਇਆ ਸੀ। ਦੋਸਤ ਨੇ ਕਿਹਾ ਕਿ ਇਹ ਗਲਤ ਪਛਾਣ (ਮਿਸਟੇਕਨ ਆਈਡੈਂਟਿਟੀ) ਦਾ ਮਾਮਲਾ ਹੈ, ਕਿਉਂਕਿ ਇੰਦਰਪਾਲ ਬਹੁਤ ਚੰਗਾ ਇਨਸਾਨ ਸੀ, ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸਤ ਨੇ ਕਿਹਾ ਕਿ ਗੋ-ਫੰਡ ਮੀ 'ਤੇ ਜਾ ਕੇ ਇੰਦਰਪਾਲ ਸਰਚ ਕਰਕੇ ਕੇ ਵੱਧ ਤੋਂ ਵੱਧ ਦਾਨ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਕਿਉਂਕਿ ਪਰਿਵਾਰ ਦੇ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੈ।