ਅਮਰੀਕਾ 'ਚ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀਂ ਦਿੱਤਾ ਗਿਆ ਸੱਦਾ,ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਨਹੀਂ ਹੋਏ ਸ਼ਾਮਲ;
ਡੋਨਾਲਡ ਟਰੰਪ ਨੇ ਸੋਮਵਾਰ ਨੂੰ 47ਵੇਂ ਅਮਰੀਕੀ ਰਾਸ਼ਟਰਪਤੀ ਵਜੋਂ ਇਤਿਹਾਸਕ ਦੂਜੇ ਕਾਰਜਕਾਲ ਲਈ ਸਹੁੰ ਚੁੱਕੀ। ਮੀਤ ਪ੍ਰਧਾਨ ਜੇਡੀ ਵੈਨਸ ਵੱਲੋਂ ਵੀ ਸਹੁੰ ਚੁੱਕੀ ਗਈ। ਉਦਘਾਟਨ ਤੋਂ ਪਹਿਲਾਂ, ਬਿਡੇਨ ਅਤੇ ਫਸਟ ਲੇਡੀ ਜਿਲ ਬਿਡੇਨ, ਟਰੰਪ ਅਤੇ ਉਸਦੀ ਪਤਨੀ, ਮੇਲਾਨੀਆ ਵੱਲੋਂ ਵ੍ਹਾਈਟ ਹਾਊਸ ਵਿਖੇ "ਚਾਹ ਅਤੇ ਕੌਫੀ" ਲਈ ਮੇਜ਼ਬਾਨੀ ਕੀਤੀ ਗਈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਮਹਿਮਾਨਾਂ ਦੀ ਸੂਚੀ 'ਚ ਰਾਜਨੀਤਿਕ ਨੇਤਾ, ਸਾਬਕਾ ਰਾਸ਼ਟਰਪਤੀ ਅਤੇ ਪ੍ਰਭਾਵਸ਼ਾਲੀ ਅਰਬਪਤੀ ਸ਼ਾਮਲ ਸਨ, ਜਿਸ 'ਚ ਐਲੋਨ ਮਸਕ ਅਤੇ ਜੈਫ ਬੇਜੋਸ ਸ਼ਾਮਲ ਹੋਏ।
ਹਾਂਲਾਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਮਾਗਮ 'ਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ ਸੀ, ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ, ਯੂਰਪੀਅਨ ਕਮਿਸ਼ਨ ਦੀ ਮੁਖੀ ਉਰਸੁਲਾ ਵਾਨ ਡੇਰ ਲੇਅਨ, ਜਰਮਨੀ ਦੇ ਰਾਸ਼ਟਰਪਤੀ ਓਲਾਫ ਸਕੋਲਜ਼, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਨਹੀਂ ਪਹੁੰਚੇ। ਇਸ ਖਾਸ ਮੌਕੇ 'ਤੇ ਸਿੱਖ ਭਾਈਚਾਰੇ 'ਚੋਂ ਅਮਰੀਕਾ ਦੇ ਉੱਘੇ ਬਿਜ਼ਨਸਮੈਨ ਅਤੇ ਕਾਰੋਬਾਰੀ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਅਤੇ ਡਾਕਟਰ ਮਿਸ਼ਰਾ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਏ। ਟਰੰਪ ਦੇ ਉਦਘਾਟਨ ਸਮਾਰੋਹ 'ਚ ਮਿਸ਼ੇਲ ਓਬਾਮਾ ਨੂੰ ਛੱਡ ਕੇ ਸਾਰੇ ਸਾਬਕਾ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀਆਂ ਪਤਨੀਆਂ ਸ਼ਾਮਲ ਹੋਈਆਂ। ਇੱਥੋਂ ਤੱਕ ਕਿ ਵਿਰੋਧੀ ਪਾਰਟੀ ਦੀ ਲੀਡਰ ਕਮਲਾ ਹੈਰਿਸ ਵੀ ਪਹੁੰਚੇ।
ਦੱਸਦਈਏ ਕਿ ਡੋਨਾਲਡ ਟਰੰਪ ਨੇ ਸਹੁੰ ਚੁੱਕਣ ਵਾਲੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਵਜੋਂ ਬਿਡੇਨ ਦੀ ਥਾਂ ਲੈ ਕੇ ਇਤਿਹਾਸ ਰਚ ਦਿੱਤਾ ਹੈ। ਸਹੁੰ ਚੁੱਕਣ ਤੋਂ ਪਹਿਲਾਂ 9:18 'ਤੇ ਰਾਸ਼ਟਰਪਤੀ ਟਰੰਪ ਪਤਨੀ ਮੇਲਾਨੀਆ ਨਾਲ ਸੇਂਟ ਜੌਹਨ ਚਰਚ ਪਹੁੰਚੇ। ਜਿੱਥੇ ਉਨ੍ਹਾਂ ਨੇ ਪ੍ਰਾਰਥਨਾ ਕੀਤੀ। 9:58 'ਤੇ ਟਰੰਪ ਵ੍ਹਾਈਟ ਹਾਊਸ ਪਹੁੰਚੇ ਜਿੱਥੇ ਰਾਸ਼ਟਰਪਤੀ ਜੋਅ ਬਿਡੇਨ ਨੇ ਸਵਾਗਤ ਕੀਤਾ। ਇੱਥੇ ਦੋਵਾਂ ਨੇਤਾਵਾਂ ਨੇ ਚਾਹ 'ਤੇ ਚਰਚਾ ਕੀਤੀ। 10:40 'ਤੇ ਦੋਹੇਂ ਕੈਪੀਟਲ ਹਿੱਲ ਪਹੁੰਚਣ ਲਈ ਰਵਾਨਾ ਹੋਏ। 11:03 'ਤੇ ਸਹੁੰ ਚੁੱਕ ਸਮਾਗਮ ਲਈ ਵ੍ਹਾਈਟ ਹਾਊਸ ਤੋਂ ਟਰੰਪ ਅਤੇ ਬਿਡੇਨ ਇੱਕੋ ਵਾਹਨ ਵਿੱਚ ਕੈਪੀਟਲ ਹਿੱਲ ਪਹੁੰਚੇ। ਇਸ ਤੋਂ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸਾਹਿਬਾਨਾਂ ਨੂੰ ਇੱਕ-ਇੱਕ ਕਰਕੇ ਸਟੇਜ਼ 'ਤੇ ਸੱਦਾ ਦਿੱਤਾ ਗਿਆ।
ਸਭ ਤੋਂ ਪਹਿਲਾਂ ਉਪ ਰਾਸ਼ਟਰਪਤੀ ਜੇਡੀ ਵਾਂਸ ਨੇ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕੀ। ਇਸ ਤੋਂ ਬਾਅਦ ਸੰਗੀਤ ਦੀ ਪੇਸ਼ਕਾਰੀ ਹੋਈ। 11:42 'ਤੇ ਡੋਨਾਲਡ ਟਰੰਪ ਦਾ ਜ਼ੋਰਦਾਰ ਤਾੜੀਆਂ ਨਾਲ ਸੁਆਗਤ ਕੀਤਾ ਗਿਆ। ਪੂਰੇ 12 ਵਜੇ ਟਰੰਪ ਨੇ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕੀ। ਇਸ ਤੋਂ ਬਾਅਦ ਟਰੰਪ ਨੇ ਦੇਸ਼ ਨੂੰ ਸੰਬੋਧਨ ਕੀਤਾ। ਦੱਸਦਈਏ ਕਿ ਡੋਨਾਲਡ ਟਰੰਪ ਆਪਣੇ ਦਫਤਰ ਦੇ ਪਹਿਲੇ ਦਿਨ ਟੈਰਿਫ ਨਹੀਂ ਲਗਾ ਰਹੇ ਹਨ। ਆਪਣੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਟਰੰਪ ਨੇ ਅਹੁਦਾ ਸੰਭਾਲਣ ਦੇ ਕੁਝ ਘੰਟਿਆਂ ਦੇ ਅੰਦਰ ਲਗਭਗ 100 ਕਾਰਜਕਾਰੀ ਆਦੇਸ਼ਾਂ 'ਤੇ ਦਸਤਖਤ ਕਰਨ ਦਾ ਵਾਅਦਾ ਕੀਤਾ ਸੀ। ਇਨ੍ਹਾਂ 'ਚ ਮੈਕਸੀਕੋ ਦੇ ਨਾਲ ਦੱਖਣੀ ਅਮਰੀਕਾ ਦੀ ਸਰਹੱਦ 'ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨਾ, ਅਤੇ ਵਿਿਭੰਨਤਾ ਅਤੇ ਤੇਲ ਦੀ ਖੁਦਾਈ 'ਤੇ ਬਿਡੇਨ ਪ੍ਰਸ਼ਾਸਨ ਦੇ ਨਿਰਦੇਸ਼ਾਂ ਨੂੰ ਰੱਦ ਕਰਨਾ ਸ਼ਾਮਲ ਹੈ।