ਸਿਹਤ ਮੰਤਰੀ ਬਲਬੀਰ ਸਿੰਘ ਨੇ 8 ਸਰਕਾਰੀ ਹਸਪਤਾਲਾਂ ਵਿੱਚ ਡਾਇਲਸਿਸ ਸੈਂਟਰਾਂ ਦਾ ਕੀਤਾ ਉਦਘਾਟਨ

Update: 2024-09-25 13:34 GMT


ਅਸੀਂ ਪ੍ਰਾਇਮਰੀ, ਸੈਕੰਡਰੀ ਅਤੇ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਹਾਂ: ਡਾ ਬਲਬੀਰ

ਐਸਐਸਐਫ ਅਤੇ ਫਰਿਸ਼ਤੇ ਸਕੀਮ ਦੀ ਤਰ੍ਹਾਂ ਮੁਹੱਲਾ ਕਲੀਨਿਕ ਵੀ ਬੀਮਾਰੀਆਂ ਦੇ ਛੇਤੀ ਨਿਦਾਨ ਅਤੇ ਕੀਮਤੀ ਜਾਨਾਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ: ਡਾ ਬਲਬੀਰ

ਚੰਡੀਗੜ੍ਹ : ਸਿਹਤ ਮੰਤਰੀ, ਡਾ. ਬਲਬੀਰ ਸਿੰਘ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਅਧੀਨ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਨੂੰ ਉਜਾਗਰ ਕਰਦੇ ਹੋਏ, ਪ੍ਰਾਇਮਰੀ, ਸੈਕੰਡਰੀ ਅਤੇ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸੇਵਾਵਾਂ ਵਿੱਚ ਪਹਿਲਕਦਮੀਆਂ 'ਤੇ ਜ਼ੋਰ ਦਿੱਤਾ।

ਬੁੱਧਵਾਰ ਨੂੰ 'ਆਪ' ਦਫ਼ਤਰ ਤੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਕਿਡਨੀ ਦੇ ਮਰੀਜ਼ਾਂ ਲਈ 8 ਅਤਿ-ਆਧੁਨਿਕ ਡਾਇਲਸਿਸ ਸੈਂਟਰਾਂ ਦਾ ਉਦਘਾਟਨ ਕੀਤਾ ਗਿਆ ਹੈ ਤਾਂ ਜੋ ਸਰਕਾਰੀ ਸਿਹਤ ਸਹੂਲਤਾਂ ਨੂੰ ਹੋਰ ਵੀ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹੰਸ ਫਾਊਂਡੇਸ਼ਨ ਦੇਹਰਾਦੂਨ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਗਏ ਇਹ ਡਾਇਲਸਿਸ ਸੈਂਟਰ, ਰਾਜ ਭਰ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਸਥਿਤ ਕੀਤੇ ਗਏ ਹਨ।

ਸਿਹਤ ਮੰਤਰੀ ਨੇ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿੱਚ ਸੁਵਿਧਾ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਅੰਮ੍ਰਿਤਸਰ, ਮਲੇਰਕੋਟਲਾ, ਮੋਗਾ, ਗੋਨਿਆਣਾ, ਫਾਜ਼ਿਲਕਾ, ਫਰੀਦਕੋਟ ਅਤੇ ਜਲੰਧਰ ਸਮੇਤ ਸੱਤ ਹੋਰ ਸ਼ਹਿਰਾਂ ਵਿੱਚ ਵਰਚੁਅਲ ਕਨੈਕਟੀਵਿਟੀ ਰਾਹੀਂ ਕੇਂਦਰਾਂ ਦੀ ਸ਼ੁਰੂਆਤ ਕੀਤੀ। ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਹੰਸ ਫਾਊਂਡੇਸ਼ਨ ਨਾਲ ਇਸ ਮਹੱਤਵਪੂਰਨ ਸਹਿਯੋਗ ਦਾ ਉਦੇਸ਼ ਮਰੀਜ਼ਾਂ ਨੂੰ ਮੁਫਤ ਡਾਇਲਸਿਸ ਸਹੂਲਤਾਂ ਪ੍ਰਦਾਨ ਕਰਨਾ ਅਤੇ ਰਾਜ ਭਰ ਵਿੱਚ ਕਿਡਨੀ ਦੇ ਮਰੀਜਾਂ ਦੀ ਬੀਮਾਰੀ 'ਚ ਮਹੱਤਵਪੂਰਨ ਸੁਧਾਰ ਕਰਨਾ ਹੈ।

ਉਨ੍ਹਾਂ ਕਿਹਾ ਕਿ “ਸ਼ੁਰੂਆਤ ਵਿੱਚ, ਅੱਠ ਸਰਕਾਰੀ ਹਸਪਤਾਲਾਂ ਵਿੱਚ ਇਹ ਡਾਇਲਸਿਸ ਸੈਂਟਰ ਸਥਾਪਿਤ ਕੀਤੇ ਗਏ ਹਨ, ਜਿਸ ਨਾਲ ਹਜ਼ਾਰਾਂ ਲੋੜਵੰਦ ਮਰੀਜ਼ਾਂ ਨੂੰ ਫਾਇਦਾ ਹੋਵੇਗਾ। ਸਾਡੀ ਯੋਜਨਾ ਇਸ ਪ੍ਰੋਗਰਾਮ ਨੂੰ ਸਾਰੇ ਸਰਕਾਰੀ ਹਸਪਤਾਲਾਂ ਤੱਕ ਪਹੁਚਾਉਣ ਦੀ ਹੈ, ਜੋ ਸਾਰਿਆਂ ਲਈ ਪਹੁੰਚਯੋਗ ਅਤੇ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਵੇਗਾ।

ਉਨ੍ਹਾਂ ਕਿਹਾ ਕਿ 872 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਨੇ ਪੰਜਾਬ ਦੀ ਮੁੱਢਲੀ ਸਿਹਤ ਸੰਭਾਲ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ, ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ ਗੁਰਦਿਆਂ ਦੀਆਂ ਬਿਮਾਰੀਆਂ ਵਿੱਚ ਮਹੱਤਵਪੂਰਨ ਕਮੀ ਲਈ ਰਾਹ ਪੱਧਰਾ ਹੋਇਆ ਹੈ। ਲਗਭਗ 2.15 ਕਰੋੜ ਇਲਾਜਾਂ ਵਿੱਚੋਂ, 92 ਲੱਖ ਨਵੇਂ ਮਰੀਜ਼ਾਂ ਨੇ ਮੁਹੱਲਾ ਕਲੀਨਿਕਾਂ ਦੀਆਂ ਸੇਵਾਵਾਂ ਦਾ ਲਾਭ ਉਠਾਇਆ ਹੈ। ਇਨ੍ਹਾਂ ਕਲੀਨਿਕਾਂ ਵਿੱਚ ਦਵਾਈਆਂ ਦੀ ਮੁਫਤ ਉਪਲਬਧਤਾ ਨੇ ਸਿਹਤ ਸਥਿਤੀਆਂ ਦੇ ਛੇਤੀ ਨਿਦਾਨ ਅਤੇ ਇਲਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਪ੍ਰਾਇਮਰੀ ਕੇਅਰ ਮਾਡਲ ਜੋ ਕਿ ਦਵਾਈਆਂ ਦੀ ਆਖਰੀ ਮੀਲ ਤੱਕ ਡਿਲਿਵਰੀ ਨੂੰ ਯਕੀਨੀ ਬਣਾਉਂਦਾ ਹੈ ਅਤੇ ਫਰਿਸ਼ਤੇ ਸਕੀਮ ਦੀ ਹਾਲ ਹੀ ਵਿੱਚ ਨੈਰੋਬੀ, ਕੀਨੀਆ ਵਿੱਚ ਹੋਏ ਇੱਕ ਸੈਮੀਨਾਰ ਵਿੱਚ ਅਪਣਾਏ ਜਾਣ ਵਾਲੇ ਗਲੋਬਲ ਮਾਡਲਾਂ ਵਜੋਂ ਸ਼ਲਾਘਾ ਕੀਤੀ ਗਈ ਸੀ।

ਉਨ੍ਹਾਂ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਨੂੰ ਐਮਰਜੈਂਸੀ ਸੇਵਾਵਾਂ ਦੇ ਨਾਲ-ਨਾਲ ਐਨਆਈਸੀਯੂ ਅਤੇ ਆਈਸੀਯੂ ਸਹੂਲਤਾਂ ਨਾਲ ਲੈਸ ਕਰਨ ਦੀ ਯੋਜਨਾ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਗੈਰ ਸਰਕਾਰੀ ਸੰਗਠਨਾਂ ਨੂੰ ਪੰਜਾਬ ਸਰਕਾਰ ਨਾਲ ਸਿਹਤ ਅਤੇ ਮੈਡੀਕਲ ਸਿੱਖਿਆ ਦੋਵਾਂ ਖੇਤਰਾਂ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ ਤਾਂ ਜੋ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਜਨਤਕ-ਨਿੱਜੀ ਭਾਗੀਦਾਰੀ ਨਾਲੋਂ ਜਨਤਕ-ਐਨਜੀਓ ਭਾਗੀਦਾਰੀ ਨੂੰ ਤਰਜੀਹ ਦੇ ਰਹੀ ਹੈ, ਕਿਉਂਕਿ ਇਹ ਮਾਡਲ ਆਮ ਲੋਕਾਂ ਲਈ ਵਧੇਰੇ ਲਾਹੇਵੰਦ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਾਰਤ ਵਿਚ ਬਹੁਤ ਸਾਰੇ ਲੋਕ ਸਿਹਤ ਸੇਵਾਵਾਂ 'ਤੇ ਜੇਬ ਤੋਂ ਖਰਚ ਕਰਕੇ ਗਰੀਬੀ ਰੇਖਾ ਤੋਂ ਹੇਠਾਂ ਆ ਜਾਂਦੇ ਹਨ। ਮਾਨ ਸਰਕਾਰ ਵੱਲੋਂ ਮੁਹੱਲਾ ਕਲੀਨਿਕਾਂ ਅਤੇ ਮੁਫਤ ਸਿਹਤ ਸਹੂਲਤਾਂ ਦੀ ਬਦੌਲਤ ਹੁਣ ਤੱਕ ਪੰਜਾਬ ਦੇ ਲੋਕਾਂ ਦੇ 1,050 ਕਰੋੜ ਰੁਪਏ ਦੀ ਬੱਚਤ ਹੋ ਚੁੱਕੀ ਹੈ। ਮੁੱਖ ਮੰਤਰੀ ਯੋਗਸ਼ਾਲਾ ਪ੍ਰੋਗਰਾਮ ਹੁਣ ਰਾਜ ਭਰ ਵਿੱਚ ਸਿਹਤ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੇ ਹੋਏ, ਯੋਗਾ ਵਿੱਚ 2 ਲੱਖ ਭਾਗੀਦਾਰਾਂ ਨੂੰ ਸ਼ਾਮਲ ਕਰ ਰਿਹਾ ਹੈ। 'ਆਪ' ਸਰਕਾਰ ਦਾ ਹੈਲਥਕੇਅਰ ਮਾਡਲ, ਜੋ ਕਿ ਦਿੱਲੀ ਦਾ ਹੈ, ਸਫਲਤਾਪੂਰਵਕ ਪੰਜਾਬ ਤੱਕ ਫੈਲਿਆ ਹੈ ਅਤੇ ਹੁਣ ਇਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਹੈ।

ਉਨ੍ਹਾਂ ਕਿਹਾ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਸਰਕਾਰ ਦਾ ਟੀਚਾ ਨਾਗਰਿਕਾਂ ਨੂੰ ਬਿਨਾਂ ਕਿਸੇ ਕੀਮਤ ਦੇ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ।

ਭਵਿੱਖ ਦੀਆਂ ਪਹਿਲਕਦਮੀਆਂ ਵਿੱਚ ਇੱਕ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ ਦੀ ਸਥਾਪਨਾ ਕਰਨਾ ਅਤੇ ਮਾਨਸਿਕ ਸਿਹਤ ਸੇਵਾਵਾਂ ਨੂੰ ਵਧਾਉਣ ਲਈ ਰਾਸ਼ਟਰੀ ਮਾਨਸਿਕ ਸਿਹਤ ਸੰਸਥਾ ਦੇ ਨਾਲ ਸਹਿਯੋਗ ਕਰਨਾ ਸ਼ਾਮਲ ਹੈ। ਹੁਸ਼ਿਆਰਪੁਰ ਵਿੱਚ ਗੁਰੂ ਰਵਿਦਾਸ ਯੂਨੀਵਰਸਿਟੀ ਦੇ ਨਿਰਮਾਣ ਅਤੇ ਸਿਹਤ ਖੇਤਰ ਲਈ ਫੰਡਾਂ ਸਬੰਧੀ ਵੀ ਕੇਂਦਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ।

Tags:    

Similar News