ਮੈਟਰੋ ਪੰਜਾਬੀ ਸਪੋਰਟਸ ਕਲੱਬ ਟਰਾਂਟੋ ਦੇ ਗੋਗਾ ਗਹੂਣੀਆ ਪ੍ਰਧਾਨ ਚੁਣੇ ਗਏ

11 ਮੈਂਬਰੀ ਨਵੀਂ ਕਮੇਟੀ ਅਗਲੇ ਦੋ ਸਾਲਾਂ ਲਈ ਚੁਣੀ ਗਈ

Update: 2025-12-04 16:08 GMT

ਟਰਾਂਟੋ (ਹਮਦਰਦ ਦੇ ਵਿਸ਼ੇਸ਼ ਪ੍ਰਤੀਨਿਧ ਦੁਆਰਾ):-ਪੰਜਾਬੀਆਂ ਦੀ ਮਾਂ ਜਾਈ ਕਬੱਡੀ ਨੂੰ ਕੈਨੇਡਾ ‘ਚ ਪ੍ਰਫੁੱਲਤ ਕਰਨ ਲਈ ਮੌਢੀ ਕਲੱਬਾਂ ਚੋਂ ਇਕ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਦੋ ਸਾਲ ਲਈ ਬੀਤੇ ਦਿਨੀਂ ਚੋਣ ਕੀਤੀ ਗਈ।ਕਲੱਬ ਦੇ ਸੰਵਿਧਾਨ ਅਨੁਸਾਰ ਬਣਾਏ ਚੋਣ ਕਮਿਸ਼ਨ ਦੇ ਮੈਂਬਰਾਂ ਸਰਬ ਸ੍ਰੀ ਪਿੰਕੀ ਢਿਲੋਂ, ਜੱਸਾ ਬਰਾੜ ਤੇ ਉਂਕਾਰ ਸਿੰਘ ਗਰੇਵਾਲ ਵਲੋਂ ਬੜੀ ਸੋਚ ਵਿਚਾਰ ਮਗਰੋਂ 11 ਮੈਂਬਰਾਂ ਦੀ ਚੋਣ ਕੀਤੀ ਗਈ ਜਿੰਨ੍ਹਾਂ ਵਿਚ ਉਘੇ ਸਮਾਜ ਸੇਵੀ, ਡਿਕਸੀ ਗੁਰੂ ਘਰ ਵਿਖੇ ਅਣਥੱਕ ਸੇਵਾ ਕਰਨ ਵਾਲੇ ਕਲੱਬ ਨਾਲ ਲੰਮੇਂ ਅਰਸੇ ਤੋਂ ਜੁੜੇ ਹੋਏ ਸ੍ਰ: ਤਰਨਜੀਤ ਸਿੰਘ ਗੋਗਾ ਗਹੂਣੀਆ ਨੂੰ ਉਨ੍ਹਾਂ ਵਲੋਂ ਕਲੱਬ ਨੂੰ ਦਿੱਤੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਆਉਂਦੇ ਦੋ ਸਾਲਾਂ ਲਈ ਪ੍ਰਧਾਨ ਥਾਪਿਆ ਗਿਆ।

ਚੋਣ ਕਮਿਸ਼ਨ ਵਲੋਂ ਕਲੱਬ ਦੇ ਚੇਅਰਮੈਨ ਅਰਿੰਦਰ ਸਿੰਘ ਕਾਲਾ ਹਾਂਸ, ਉਪ ਚੇਅਰਮੈਨ ਅਮਨਦੀਪ ਸਿੰਘ ਮਾਂਗਟ, ਉਪ ਪ੍ਰਧਾਨ ਈਸ਼ਰ ਸਿੰਘ ਸਿੱਧੂ, ਸਕੱਤਰ ਬਲਰਾਜ ਸਿੰਘ ਚੀਮਾਂ, ਸਹਾਇਕ ਸਕੱਤਰ ਚਿੱਤਵੰਤ ਸਿੰਘ ਸਿੱਧੂ, ਖਜ਼ਾਨਚੀ ਮਲਕੀਤ ਸਿੰਘ ਦਿਉਲ, ਸਹਾਇਕ ਖਜ਼ਾਨਚੀ ਪਰਮਜੀਤ ਸਿੰਘ ਬੋਲੀਨਾ ਤੋਂ ਇਲਾਵਾ ਤਿੰਨ ਡਾਇਰੈਕਟਰ ਸਰਵ ਸ੍ਰੀ ਗਗਨਦੀਪ ਸਿੰਘ ਧਾਲੀਵਾਲ, ਹਰਦੀਪ ਸਿੰਘ ਧਾਲੀਵਾਲ ਅਤੇ ਬਲਬੀਰ ਸਿੰਘ ਧਾਲੀਵਾਲ ਨੂੰ ਜਿੰਮੇਵਾਰੀ ਸੌਂਪੀ ਗਈ। ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਮੌਕੇ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਤੇ ਸਕੱਤਰ ਭਾਈ ਪਰਮਜੀਤ ਸਿੰਘ ਗਿੱਲ ਵਿਸ਼ੇਸ਼ ਸੱਦੇ ਤੇ ਸ਼ਾਮਿਲ ਹੋਏ।

ਚੋਣ ਕਮਿਸ਼ਨ ਵਲੋਂ ਨਵੀਂ ਸਥਾਪਿਤ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਸ੍ਰ: ਗੋਗਾ ਗਹੂਣੀਆ ਨੇ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਲੱਬ ਵਲੋਂ ਗੁਰਦੁਆਰਾ ਸਾਹਿਬ ਦੇ ਸਮੂਹ ਕੰਮਾਂ ਵਿਚ ਪੂਰੀ ਮੱਦਦ ਕੀਤੀ ਜਾਵੇਗੀ ਤੇ ਸੇਵਾ ਨਿਰੰਤਰ ਜਾਰੀ ਰੱਖਾਂਗੇ।ਨਵੀਂ ਚੁਣੀ ਕਮੇਟੀ ਨੇ ਗੁਰੂ ਮਹਾਰਾਜ ਦੀ ਹਜ਼ੂਰੀ ‘ਚ ਆਉਣ ਵਾਲੇ ਦੋ ਸਾਲਾਂ ‘ਚ ਆਪਣੇ ਕੰਮਾਂ ਨੂੰ ਜਿੰਮੇਵਾਰੀ ਨਿਭਾਉਣ ਦਾ ਭਰੋਸਾ ਦਿਵਾਇਆ।ਨਵੇਂ ਚੁਣੇ ਅਹੁਦੇਦਾਰਾਂ ਨੂੰ ਚੋਣ ਕਮਿਸ਼ਨ ਤੋਂ ਇਲਾਵਾ ਹਾਜ਼ਰ ਮੈਂਬਰਾਂ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਕਲੱਬ ਨਾਲ ਪਹਿਲਾਂ ਵਾਂਗ ਹੀ ਤਾਲ ਮੇਲ ਰੱਖਾਂਗੇ ਤੇ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ। ਨਵੇਂ ਚੁਣੇ ਮੈਂਬਰਾਂ ਨੇ ਚੋਣ ਕਮਿਸ਼ਨ ਦੇ ਤਿੰਨੋਂ ਮੈਂਬਰਾਂ ਤੋਂ ਇਲਾਵਾ ਮੀਟਿੰਗ ਵਿਚ ਸ਼ਾਮਿਲ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।ਸ੍ਰ: ਗਹੂਣੀਆ ਨੇ ਅਖੀਰ ‘ਚ ਭਰੋਸਾ ਦਿਵਾਇਆ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਤਰ੍ਹਾਂ ਤਨਦੇਹੀ ਨਾਲ ਨਿਭਾਉਣ ਦੇ ਯਤਨ ਕਰਨਗੇ।

Tags:    

Similar News