ਗੈਂਗਸਟਰ ਛੋਟਾ ਰਾਜਨ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ, ਜ਼ਮਾਨਤ ਦਿੱਤੀ
ਮੁੰਬਈ : ਬੰਬਈ ਹਾਈ ਕੋਰਟ ਨੇ ਬੁੱਧਵਾਰ ਨੂੰ ਗੈਂਗਸਟਰ ਛੋਟਾ ਰਾਜਨ ਦੀ 2001 ਵਿੱਚ ਮੁੰਬਈ ਵਿੱਚ ਹੋਟਲ ਮਾਲਕ ਜਯਾ ਸ਼ੈਟੀ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਅਤੇ ਉਸ ਨੂੰ ਜ਼ਮਾਨਤ ਦੇ ਦਿੱਤੀ।
ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਪ੍ਰਿਥਵੀਰਾਜ ਚਵਾਨ ਦੀ ਡਿਵੀਜ਼ਨ ਬੈਂਚ ਨੇ ਛੋਟਾ ਰਾਜਨ ਨੂੰ ਜ਼ਮਾਨਤ ਲਈ 1 ਲੱਖ ਰੁਪਏ ਦਾ ਮੁਚੱਲਕਾ ਭਰਨ ਦਾ ਨਿਰਦੇਸ਼ ਦਿੱਤਾ। ਹਾਲਾਂਕਿ ਛੋਟਾ ਰਾਜਨ ਹੋਰ ਅਪਰਾਧਿਕ ਮਾਮਲਿਆਂ ਦੇ ਮਾਮਲੇ 'ਚ ਜੇਲ 'ਚ ਹੀ ਰਹੇਗਾ।
ਮਈ ਵਿੱਚ ਇੱਕ ਵਿਸ਼ੇਸ਼ ਅਦਾਲਤ ਨੇ ਛੋਟਾ ਰਾਜਨ ਨੂੰ ਹੋਟਲ ਮਾਲਕ ਦੇ ਕਤਲ ਦਾ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਰਾਜਨ ਨੇ ਸਜ਼ਾ ਖ਼ਿਲਾਫ਼ ਬੰਬੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਗੈਂਗਸਟਰ ਨੇ ਮੰਗ ਕੀਤੀ ਸੀ ਕਿ ਸਜ਼ਾ ਨੂੰ ਮੁਅੱਤਲ ਕੀਤਾ ਜਾਵੇ ਅਤੇ ਅੰਤਰਿਮ ਜ਼ਮਾਨਤ ਦਿੱਤੀ ਜਾਵੇ।
ਕੌਣ ਹੈ ਜਯਾ ਸ਼ੈੱਟੀ ?
ਮੱਧ ਮੁੰਬਈ ਦੇ ਗਾਮਦੇਵੀ ਵਿੱਚ ਗੋਲਡਨ ਕਰਾਊਨ ਹੋਟਲ ਦੀ ਮਾਲਕਣ ਜਯਾ ਸ਼ੈਟੀ ਦੀ 4 ਮਈ 2001 ਨੂੰ ਹੋਟਲ ਦੀ ਪਹਿਲੀ ਮੰਜ਼ਿਲ 'ਤੇ ਛੋਟਾ ਰਾਜਨ ਗੈਂਗ ਦੇ ਦੋ ਕਥਿਤ ਮੈਂਬਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਜਯਾ ਸ਼ੈੱਟੀ ਨੂੰ ਛੋਟਾ ਰਾਜਨ ਗੈਂਗ ਦੇ ਮੈਂਬਰ ਹੇਮੰਤ ਪੁਜਾਰੀ ਤੋਂ ਫਿਰੌਤੀ ਦੀ ਕਾਲ ਆਈ ਸੀ ਅਤੇ ਪੈਸੇ ਨਾ ਦੇਣ ਕਾਰਨ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ।
ਰਾਜਨ ਪਹਿਲਾਂ ਹੀ ਸੀਨੀਅਰ ਅਪਰਾਧ ਪੱਤਰਕਾਰ ਜੇ ਡੇ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਪਿਛਲੇ ਸਾਲ, ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਛੋਟਾ ਰਾਜਨ ਨੂੰ ਮੁੰਬਈ ਦੇ ਮਸ਼ਹੂਰ ਟਰੇਡ ਯੂਨੀਅਨ ਨੇਤਾ ਡਾ. ਦੱਤਾ ਸਾਮੰਤਾ ਦੇ ਬਹੁਤ ਚਰਚਿਤ ਕਤਲ ਦੇ ਮਾਸਟਰਮਾਈਂਡ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਡਾ: ਦੱਤਾ ਸਾਮੰਤ ਦੀ 1997 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।