ਖੁਸ਼ੀ ਦੇ ਪ੍ਰਤੀਕ ਤੋਂ ਲੈ ਕੇ ਪ੍ਰਦੂਸ਼ਣ ਦੇ ਖ਼ਤਰੇ ਤੱਕ: ਪਟਾਕਿਆਂ ਦਾ ਪੂਰਾ ਸਫ਼ਰ

ਖੁਸ਼ੀ ਅਤੇ ਉਤਸ਼ਾਹ ਦਾ ਪ੍ਰਤੀਕ ਮੰਨੇ ਜਾਂਦੇ ਇਹ ਰੰਗੀਨ ਪਟਾਕੇ, ਚੀਨ ਵਿੱਚ ਪੈਦਾ ਹੋਈ ਇੱਕ ਪ੍ਰਾਚੀਨ ਕਲਾ ਦੀ ਕਹਾਣੀ ਬਿਆਨ ਕਰਦੇ ਹਨ, ਜਿਸ ਨੇ ਸਮੇਂ ਦੇ ਨਾਲ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ।

By :  Gill
Update: 2025-10-21 09:29 GMT

ਚੰਡੀਗੜ੍ਹ: ਭਾਰਤ ਵਿੱਚ ਦੀਵਾਲੀ ਹੋਵੇ ਜਾਂ ਅਮਰੀਕਾ ਦਾ ਆਜ਼ਾਦੀ ਦਿਵਸ, ਦੁਨੀਆ ਭਰ ਵਿੱਚ ਜਸ਼ਨਾਂ ਦਾ ਮਾਹੌਲ ਆਤਿਸ਼ਬਾਜ਼ੀ ਦੀ ਰੌਸ਼ਨੀ ਤੋਂ ਬਿਨਾਂ ਅਧੂਰਾ ਲੱਗਦਾ ਹੈ। ਖੁਸ਼ੀ ਅਤੇ ਉਤਸ਼ਾਹ ਦਾ ਪ੍ਰਤੀਕ ਮੰਨੇ ਜਾਂਦੇ ਇਹ ਰੰਗੀਨ ਪਟਾਕੇ, ਚੀਨ ਵਿੱਚ ਪੈਦਾ ਹੋਈ ਇੱਕ ਪ੍ਰਾਚੀਨ ਕਲਾ ਦੀ ਕਹਾਣੀ ਬਿਆਨ ਕਰਦੇ ਹਨ, ਜਿਸ ਨੇ ਸਮੇਂ ਦੇ ਨਾਲ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ।

ਚੀਨ ਵਿੱਚ ਹੋਇਆ ਜਨਮ: 'ਦਿ ਗਨਪਾਊਡਰ ਏਜ'

ਪਟਾਕਿਆਂ ਦੀਆਂ ਜੜ੍ਹਾਂ ਚੀਨ ਵਿੱਚ ਹਨ। ਦੂਜੀ ਸਦੀ ਈਸਾ ਪੂਰਵ ਵਿੱਚ, ਚੀਨੀ ਲੋਕ ਬਾਂਸ ਦੇ ਟੁਕੜਿਆਂ ਨੂੰ ਅੱਗ ਵਿੱਚ ਸੁੱਟਦੇ ਸਨ ਤਾਂ ਜੋ ਤੇਜ਼ ਆਵਾਜ਼ ਪੈਦਾ ਹੋਵੇ ਅਤੇ ਬੁਰੀਆਂ ਆਤਮਾਵਾਂ ਨੂੰ ਦੂਰ ਕੀਤਾ ਜਾ ਸਕੇ। ਇਸ ਤੋਂ ਲਗਭਗ 100 ਸਾਲ ਬਾਅਦ, ਚੀਨ ਦੇ ਰਸਾਇਣ ਵਿਗਿਆਨੀਆਂ ਨੇ ਜੀਵਨ ਦਾ ਅੰਮ੍ਰਿਤ ਲੱਭਣ ਦੀ ਕੋਸ਼ਿਸ਼ ਵਿੱਚ ਬਾਰੂਦ (ਗਨਪਾਊਡਰ) ਦੀ ਗਲਤੀ ਨਾਲ ਖੋਜ ਕਰ ਲਈ।

ਬਾਰੂਦ ਤਿੰਨ ਮੁੱਖ ਸਮੱਗਰੀਆਂ: ਪੋਟਾਸ਼ੀਅਮ ਨਾਈਟ੍ਰੇਟ, ਗੰਧਕ (Sulphur) ਅਤੇ ਚਾਰਕੋਲ (ਲੱਕੜ ਦਾ ਕੋਲਾ) ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਸ਼ੁਰੂਆਤ ਵਿੱਚ ਇਸ ਮਿਸ਼ਰਣ ਨੂੰ ਬਾਂਸ ਜਾਂ ਕਾਗਜ਼ ਦੀਆਂ ਨਲੀਆਂ ਵਿੱਚ ਭਰ ਕੇ ਆਤਿਸ਼ਬਾਜ਼ੀ ਲਈ ਵਰਤਿਆ ਗਿਆ।

ਯੂਰਪੀ ਕਲਾ ਅਤੇ ਰੰਗਾਂ ਦੀ ਖੋਜ

ਸ਼ੁਰੂ ਵਿੱਚ, ਬਾਰੂਦ ਬਲਣ 'ਤੇ ਸਿਰਫ਼ ਨਾਰੰਗੀ ਰੋਸ਼ਨੀ ਪੈਦਾ ਕਰਦਾ ਸੀ। ਹੌਲੀ-ਹੌਲੀ ਇਹ ਕਲਾ ਚੀਨ ਤੋਂ ਯੂਰਪ ਤੱਕ ਪਹੁੰਚੀ। 19ਵੀਂ ਸਦੀ ਵਿੱਚ ਯੂਰਪ ਦੇ ਵਿਗਿਆਨੀਆਂ ਨੇ ਇੱਕ ਵੱਡੀ ਖੋਜ ਕੀਤੀ। ਉਨ੍ਹਾਂ ਨੇ ਵੱਖ-ਵੱਖ ਮੈਟਲ-ਅਧਾਰਿਤ ਕੰਮਪਾਊਂਡ ਪਟਾਕਿਆਂ ਵਿੱਚ ਮਿਲਾਉਣੇ ਸ਼ੁਰੂ ਕੀਤੇ, ਜਿਸ ਨਾਲ ਰੰਗੀਨ ਰੌਸ਼ਨੀਆਂ ਪੈਦਾ ਹੋਣ ਲੱਗੀਆਂ।

ਲਾਲ ਰੰਗ: ਸਟ੍ਰੋਂਸ਼ੀਅਮ (Strontium) ਤੋਂ।

ਹਰਾ ਰੰਗ: ਬੇਰੀਅਮ (Barium) ਤੋਂ।

ਸਫ਼ੇਦ ਰੋਸ਼ਨੀ: ਟਾਈਟੇਨੀਅਮ, ਜ਼ੀਰਕੋਨੀਅਮ ਅਤੇ ਮੈਗਨੀਸ਼ੀਅਮ ਨੂੰ ਮਿਲਾ ਕੇ।

ਨੀਲਾ ਰੰਗ: ਤਾਂਬੇ (Copper) ਤੋਂ ਬਣਿਆ ਹੁੰਦਾ ਹੈ, ਪਰ 'ਪਰਫੈਕਟ ਬਲੂ' ਅੱਜ ਵੀ ਆਤਿਸ਼ਬਾਜ਼ੀ ਬਣਾਉਣ ਵਾਲੇ ਮਾਹਰਾਂ ਲਈ ਇੱਕ ਚੁਣੌਤੀ ਹੈ।

ਭਾਰਤ ਵਿੱਚ ਪਟਾਕਿਆਂ ਦਾ ਆਗਮਨ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪ੍ਰੋਫੈਸਰ ਸਈਅਦ ਅਲੀ ਮੁਤਾਬਕ, ਭਾਰਤ ਵਿੱਚ ਪਟਾਕਿਆਂ ਦਾ ਸਿਲਸਿਲਾ ਲਗਭਗ 15ਵੀਂ ਸਦੀ ਤੋਂ ਸ਼ੁਰੂ ਹੋਇਆ, ਜਦੋਂ ਪੁਰਤਗਾਲੀ ਭਾਰਤ ਆਏ ਸਨ। ਸ਼ੁਰੂਆਤ ਵਿੱਚ ਗਨਪਾਊਡਰ ਦੀ ਵਰਤੋਂ ਕੇਵਲ ਫੌਜ ਲਈ ਹੁੰਦੀ ਸੀ ਅਤੇ ਬਾਬਰ ਨੇ ਆਪਣੇ ਹਥਿਆਰਾਂ ਵਿੱਚ ਇਸ ਦਾ ਕਾਫ਼ੀ ਇਸਤੇਮਾਲ ਕੀਤਾ।

ਪ੍ਰਦੂਸ਼ਣ ਅਤੇ 'ਗ੍ਰੀਨ ਪਟਾਕੇ' ਦਾ ਉਭਾਰ

ਪੁਰਾਣੇ ਜ਼ਮਾਨੇ ਵਿੱਚ ਪਟਾਕਿਆਂ ਵਿੱਚ ਸਿਰਫ਼ ਆਰਗੈਨਿਕ ਸਮੱਗਰੀ ਦੀ ਵਰਤੋਂ ਹੁੰਦੀ ਸੀ, ਜਿਸ ਨਾਲ ਹਾਦਸੇ ਘੱਟ ਹੁੰਦੇ ਸਨ। ਪਰ ਅੱਜ-ਕੱਲ੍ਹ ਬਾਜ਼ਾਰਾਂ ਵਿੱਚ ਮਿਲਣ ਵਾਲੇ ਪਟਾਕਿਆਂ ਵਿੱਚ ਕਈ ਕੈਮੀਕਲ ਸ਼ਾਮਲ ਹੁੰਦੇ ਹਨ, ਜੋ ਕਿ ਹਾਨੀਕਾਰਕ ਹਨ ਅਤੇ ਹਵਾ ਵਿੱਚ ਭਾਰੀ ਮਾਤਰਾ ਵਿੱਚ ਨਾਈਟ੍ਰੋਜਨ ਅਤੇ ਸਲਫ਼ਰ ਵਰਗੀਆਂ ਗੈਸਾਂ ਛੱਡਦੇ ਹਨ।

ਇਸ ਪ੍ਰਦੂਸ਼ਣ ਦੇ ਹੱਲ ਵਜੋਂ ਹੁਣ 'ਗ੍ਰੀਨ ਪਟਾਕੇ' ਦਾ ਸੰਕਲਪ ਆਇਆ ਹੈ। ਇਹ ਪਟਾਕੇ ਦਿੱਖ, ਬਲਣ ਅਤੇ ਆਵਾਜ਼ ਵਿੱਚ ਆਮ ਪਟਾਕਿਆਂ ਵਰਗੇ ਹੀ ਹੁੰਦੇ ਹਨ, ਪਰ ਇਹ 40 ਤੋਂ 50 ਫੀਸਦੀ ਘੱਟ ਹਾਨੀਕਾਰਕ ਗੈਸਾਂ ਪੈਦਾ ਕਰਦੇ ਹਨ।

ਦੱਸਣਯੋਗ ਹੈ ਕਿ ਪੂਰੀ ਦੁਨੀਆ ਵਿੱਚ ਆਤਿਸ਼ਬਾਜ਼ੀ 'ਤੇ ਵੱਡਾ ਖਰਚਾ ਕੀਤਾ ਜਾਂਦਾ ਹੈ, ਜਿਵੇਂ ਕਿ ਡਿਜ਼ਨੀ ਪਾਰਕ ਹਰ ਸਾਲ ਕਰੀਬ 5 ਕਰੋੜ ਡਾਲਰ ਪਟਾਕਿਆਂ 'ਤੇ ਖਰਚ ਕਰਦਾ ਹੈ।

Tags:    

Similar News