ਸਾਬਕਾ ਫੌਜੀ ਨੂੰ ਏਐਸਆਈ ਵੱਲੋਂ ਬੇਰਹਿਮੀ ਨਾਲ ਮਾਰ ਕੁਟਾਈ ਕਰਨ ਤੇ ਬਾਹਾਂ ਬੰਨ ਕੇ ਪੰਜ ਘੰਟੇ ਇਧਰ-ਉਧਰ ਘੁਮਾਉਣ ਦੇ ਦੋਸ਼
ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਨਸਾਫ ਦੇਣ ਲਈ ਕਈ ਤਰ੍ਹਾਂ ਦੇ ਵਾਅਦੇ ਦਾਅਵੇ ਕੀਤੇ ਜਾਂਦੇ ਹਨ ਪਰ ਕੁਝ ਪੁਲਿਸ ਮੁਲਾਜ਼ਮਾਂ ਵਲੋਂ ਖਾਕੀ ਵਰਦੀ ਦੀ ਦੁਰਵਰਤੋਂ ਕਰਨ ਦੇ ਵੀ ਅਨੋਖੇ ਸ਼ਰਮਨਾਕ ਕਾਰੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ।
ਗੁਰਦਾਸਪੁਰ (ਗੁਰਪਿਆਰ ਸਿੰਘ) : ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਨਸਾਫ ਦੇਣ ਲਈ ਕਈ ਤਰ੍ਹਾਂ ਦੇ ਵਾਅਦੇ ਦਾਅਵੇ ਕੀਤੇ ਜਾਂਦੇ ਹਨ ਪਰ ਕੁਝ ਪੁਲਿਸ ਮੁਲਾਜ਼ਮਾਂ ਵਲੋਂ ਖਾਕੀ ਵਰਦੀ ਦੀ ਦੁਰਵਰਤੋਂ ਕਰਨ ਦੇ ਵੀ ਅਨੋਖੇ ਸ਼ਰਮਨਾਕ ਕਾਰੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ।
ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜਿਲਾ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਜਗਤਪੁਰ ਖੁਰਦ ਖਾਰੀਆਂ ਤੋਂ ਉਸ ਵੇਲੇ ਸਾਹਮਣੇ ਆਇਆ ਜਦੋਂ ਉਕਤ ਪਿੰਡ ਦੇ ਇੱਕ ਪਰਿਵਾਰ ’ਚ ਚਲਦੇ ਮਾਮੂਲੀ ਘਰੇਲੂ ਕਲੇਸ਼ ਨੂੰ ਲੈ ਕੇ ਵਰਦੀਧਾਰੀ ਏਐਸਆਈ ਮੇਜਰ ਸਿੰਘ ਵੱਲੋਂ ਇਥੋਂ ਦੇ ਸਾਬਕਾ ਫੌਜੀ ਗੁਰਨਾਮ ਸਿੰਘ ਦੀ ਬੇਰਹਿਮੀ ਨਾਲ ਮਾਰਕੁਟਾਈ ਕੀਤੀ ਗਈ।
ਇਹੋ ਨਹੀਂ ਸਾਬਕਾ ਫੌਜੀ ਗੁਰਨਾਮ ਸਿੰਘ ਦਾ ਦੋਸ਼ ਹੈ ਕਿ ਏਐਸਆਈ ਮੇਜਰ ਸਿੰਘ ਉਸ ਨੂੰ ਮਰਦਾ ਕੁੱਟਦਾ ਘਰੋਂ ਚੁੱਕ ਕੇ ਲੈ ਗਿਆ ਤੇ ਬਾਹਾਂ ਬੰਨ ਕੇ 112 ਨੰਬਰ ਗੱਡੀ ਵਿੱਚ ਬਿਠਾ ਕੇ ਪੰਜ ਘੰਟੇ ਇਧਰ-ਉਧਰ ਘੁਮਾਉਂਦਾ ਰਿਹਾ । ਰਸਤੇ ਵਿੱਚ ਵੀ ਉਸ ਨਾਲ ਕਾਫੀ ਮਾਰ ਕੁਟਾਈ ਕੀਤੀ ਗਈ । ਉਥੇ ਹੀ ਇਸ ਘਟਨਾ ਨੂੰ ਲੈ ਕੇ ਸਾਬਕਾ ਫੌਜੀ ਦੇ ਪਿੰਡ ਵਾਸੀਆਂ ਵਿੱਚ ਵੀ ਖਾਸਾ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਸਾਬਕਾ ਫੌਜੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਗੁਰਮੀਤ ਕੌਰ ਦਾ ਮੇਜਰ ਸਿੰਘ ਏਐਸਆਈ ਰਿਸ਼ਤੇ ਚ ਸਕਾ ਮਾਸੜ ਲੱਗਦਾ ਹੈ ਤੇ ਉਸ ਦੇ ਘਰ ਵਿੱਚ ਆਪਣੀ ਨੂੰਹ ਨਾਲ ਕੋਈ ਮਮੂਲੀ ਤਕਰਾਰ ਜਰੂਰ ਹੋਈ ਸੀ । ਜਿਸ ਤੋਂ ਬਾਅਦ ਦੇਰ ਸ਼ਾਮ ਏ,ਐਸ,ਆਈ ਮੇਜਰ ਸਿੰਘ ਇੱਕ ਹੋਰ ਸਾਥੀ ਪੁਲਿਸ ਮੁਲਾਜ਼ਮ ਸਮੇਤ ਉਹਨਾਂ ਦੇ ਘਰ ਅੰਦਰ ਦਾਖਲ ਹੋਇਆ ਅਤੇ ਕੋਈ ਵੀ ਅਪੀਲ ਦਲੀਲ ਸੁਣਨ ਤੋਂ ਬਿਨਾਂ ਹੀ ਉਸ ਦੀ ਬੇਰਹਿਮੀ ਨਾਲ ਮਾਰ ਕਟਾਈ ਕਰਨੀ ਸ਼ੁਰੂ ਕਰ ਦਿੱਤੀ ।
ਪਿੰਡ ਦੇ ਸਰਪੰਚ ਅਤੇ ਆਡ ਗੁਆਂਡ ਦੀਆਂ ਔਰਤਾਂ ਨੇ ਦੱਸਿਆ ਕਿ ਜਦੋਂ ਪਿੰਡ ਵਾਸੀਆਂ ਵੱਲੋਂ ਸਹਾਇਕ ਥਾਣੇਦਾਰ ਦੀ ਚੁੰਗਲ ਚੋਂ ਪੀੜਤ ਗੁਰਨਾਮ ਸਿੰਘ ਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਔਰਤਾਂ ਨੂੰ ਵੀ ਧੱਕੇ ਤੱਕ ਮਾਰ ਦਿੱਤੇ ਗਏ ਅਤੇ ਇੱਥੇ ਹੀ ਬੱਸ ਨਹੀਂ ਬੇਰਹਿਮੀ ਦੇ ਨਾਲ ਮਾਰਕੁਟਾਈ ਕਰਨ ਤੋਂ ਬਾਅਦ ਇਸ ਥਾਣੇਦਾਰ ਵੱਲੋਂ ਪੀੜਤ ਸਾਬਕਾ ਫੌਜੀ ਦੀਆਂ ਬਾਹਵਾਂ ਪਿੱਛੇ ਬੰਨ ਕੇ ਸਰਕਾਰੀ ਗੱਡੀ ਵਿੱਚ ਸੁੱਟ ਕੇ ਲੈ ਗਿਆ।
ਪੀੜਤ ਸਾਬਕਾ ਫੌਜੀ ਨੇ ਦੱਸਿਆ ਕਿ ਮੇਜਰ ਸਿੰਘ ਉਸ ਨੂੰ ਪੰਜ ਘੰਟੇ ਦਰ ਉਧਰ ਘੁਮਾਉਂਦਾ ਰਿਹਾ ਤੇ ਫਿਰ ਪੁਰਾਣਾ ਸ਼ਾਲਾ ਥਾਣਾ ਲੈ ਗਿਆ ਜਿੱਥੇ ਐਸਐਚਓ ਦੀ ਮੌਜੂਦਗੀ ਵਿੱਚ ਉਸਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ ਅਤੇ ਉਸ ਦੇ ਹੱਥ ਖੁਲਵਾਏ ਗਏ ਜਦਕਿ ਉਸ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਹੀਂ ਸੀ ਕਿਸੇ ਔਰਤ ਨੇ ਉਸਦੀ ਨੂੰਹ ਦਾ ਨਾਂ ਲੈ ਕੇ ਝੂਠੀ ਕਾਲ 112 ਨੰਬਰ ਤੇ ਕੀਤੀ ਸੀ।
ਉੱਥੇ ਹੀ ਸਾਬਕਾ ਫੌਜੀ ਗੁਰਨਾਮ ਸਿੰਘ ਦੀ ਨੂੰਹ ਦਾ ਕਹਿਣਾ ਹੈ ਕਿ ਟਿਊਸ਼ਨ ਤੇ ਅਧਿਆਪਕਾਂ ਵੱਲੋਂ ਬੱਚੇ ਨਾਲ ਮਾਰ ਕੁਟਾਈ ਨੂੰ ਲੈ ਕੇ ਘਰ ਵਿੱਚ ਮਾਮੂਲੀ ਜਿਹੀ ਤਕਰਾਰ ਹੋਈ ਸੀ ਪਰ ਉਸਨੇ ਇਸਦੀ ਸ਼ਿਕਾਇਤ ਪੁਲਿਸ ਜਾਂ ਫਿਰ 112 ਨੰਬਰ ਤੇ ਨਹੀਂ ਕੀਤੀ ਸੀ ਸਿਰਫ ਆਪਣੀ ਮਾਸੀ ਨਾਲ ਗੱਲ ਕੀਤੀ ਸੀ । ਉਸਦੇ ਮਾਸੜ ਨੇ ਉਸਦੇ ਸਹੁਰੇ ਨਾਲ ਜੋ ਕੀਤਾ ਹੈ ਗਲਤ ਕੀਤਾ ਹੈ।