ਪੁੰਛ ਵਿੱਚ ਅੱਤਵਾਦੀਆਂ ਨਾਲ ਮੁਕਾਬਲਾ: ਸੁਰੱਖਿਆ ਬਲਾਂ ਨੇ 2 ਅੱਤਵਾਦੀ ਢੇਰ ਕੀਤੇ
ਜੰਮੂ-ਕਸ਼ਮੀਰ ਵਿੱਚ ਤਿੰਨ ਦਿਨਾਂ ਦੇ ਅੰਦਰ ਇਹ ਦੂਜਾ ਵੱਡਾ ਮੁਕਾਬਲਾ ਹੈ ਜਿਸ ਵਿੱਚ ਅੱਤਵਾਦੀ ਮਾਰੇ ਗਏ ਹਨ। ਇਸ ਤੋਂ ਪਹਿਲਾਂ 28 ਜੁਲਾਈ ਨੂੰ ਸ੍ਰੀਨਗਰ ਵਿੱਚ ਸੁਰੱਖਿਆ ਬਲਾਂ ਦਾ ਅੱਤਵਾਦੀਆਂ
ਪੁੰਛ: ਜੰਮੂ-ਕਸ਼ਮੀਰ ਵਿੱਚ ਭਾਰਤੀ ਫੌਜ ਦਾ 'ਆਪ੍ਰੇਸ਼ਨ ਮਹਾਦੇਵ' ਜਾਰੀ ਹੈ, ਜਿਸ ਤਹਿਤ ਅੱਜ ਪੁੰਛ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ 2 ਅੱਤਵਾਦੀ ਮਾਰੇ ਗਏ ਹਨ। ਸੁਰੱਖਿਆ ਬਲਾਂ ਨੇ ਕੰਟਰੋਲ ਰੇਖਾ (LOC) ਦੇ ਨੇੜੇ ਜੰਗਲ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ।
ਸੁਰੱਖਿਆ ਬਲਾਂ ਨੂੰ ਅੱਜ ਸਵੇਰੇ ਜੰਗਲ ਵਿੱਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਖੂਫੀਆ ਸੂਚਨਾ ਮਿਲੀ ਸੀ। ਇਸ ਸੂਚਨਾ 'ਤੇ ਕਾਰਵਾਈ ਕਰਦਿਆਂ ਜੰਗਲ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਸੁਰੱਖਿਆ ਬਲਾਂ ਨੇ ਮੋੜਵਾਂ ਜਵਾਬ ਦਿੱਤਾ। ਜਵਾਬੀ ਕਾਰਵਾਈ ਵਿੱਚ 2 ਅੱਤਵਾਦੀ ਮਾਰੇ ਗਏ। ਮਾਰੇ ਗਏ ਅੱਤਵਾਦੀਆਂ ਦੇ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਹੋਣ ਦੀ ਜਾਣਕਾਰੀ ਮਿਲੀ ਹੈ।
3 ਦਿਨਾਂ ਵਿੱਚ ਦੂਜਾ ਮੁਕਾਬਲਾ
ਜੰਮੂ-ਕਸ਼ਮੀਰ ਵਿੱਚ ਤਿੰਨ ਦਿਨਾਂ ਦੇ ਅੰਦਰ ਇਹ ਦੂਜਾ ਵੱਡਾ ਮੁਕਾਬਲਾ ਹੈ ਜਿਸ ਵਿੱਚ ਅੱਤਵਾਦੀ ਮਾਰੇ ਗਏ ਹਨ। ਇਸ ਤੋਂ ਪਹਿਲਾਂ 28 ਜੁਲਾਈ ਨੂੰ ਸ੍ਰੀਨਗਰ ਵਿੱਚ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ ਸੀ। ਸ੍ਰੀਨਗਰ ਦੇ ਦਾਚੀਗਾਮ ਨੈਸ਼ਨਲ ਪਾਰਕ ਨੇੜੇ ਹਰਵਾਨ ਇਲਾਕੇ ਵਿੱਚ ਹੋਏ ਇਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਹ ਤਿੰਨੋਂ ਅੱਤਵਾਦੀ ਪਹਿਲਗਾਮ ਹਮਲੇ ਵਿੱਚ ਸ਼ਾਮਲ ਦੱਸੇ ਜਾ ਰਹੇ ਸਨ। ਉਨ੍ਹਾਂ ਦੀ ਪਛਾਣ ਹਾਸ਼ਿਮ ਮੂਸਾ, ਜਿਬਰਾਨ ਅਤੇ ਹਮਜ਼ਾ ਅਫਗਾਨੀ ਵਜੋਂ ਹੋਈ ਸੀ। ਮਾਰੇ ਗਏ ਅੱਤਵਾਦੀ ਜਿਬਰਾਨ 'ਤੇ ਸਾਲ 2024 ਵਿੱਚ ਸੋਨਮਾਰਗ ਸੁਰੰਗ ਪ੍ਰੋਜੈਕਟ 'ਤੇ ਹੋਏ ਅੱਤਵਾਦੀ ਹਮਲੇ ਦਾ ਵੀ ਦੋਸ਼ ਸੀ। ਮੁਕਾਬਲੇ ਵਾਲੀ ਥਾਂ ਤੋਂ ਅਮਰੀਕਾ ਵਿੱਚ ਬਣੀ M4 ਕਾਰਬਾਈਨ, AK-47, 17 ਰਾਈਫਲਾਂ ਅਤੇ ਗ੍ਰੇਨੇਡ ਬਰਾਮਦ ਕੀਤੇ ਗਏ ਸਨ।
ਪਿਛਲੇ ਕੁਝ ਮਹੀਨਿਆਂ ਵਿੱਚ ਹੋਰ ਮੁਕਾਬਲੇ
ਮਾਰਚ ਵਿੱਚ ਕਠੂਆ: ਮਾਰਚ ਵਿੱਚ ਕਠੂਆ ਦੇ ਹੀਰਾਨਗਰ ਵਿੱਚ 27 ਤੋਂ 29 ਮਾਰਚ ਤੱਕ 3 ਦਿਨ ਚੱਲੇ ਇੱਕ ਮੁਕਾਬਲੇ ਵਿੱਚ 3 ਅੱਤਵਾਦੀ ਮਾਰੇ ਗਏ ਸਨ, ਜਦਕਿ 4 ਪੁਲਿਸ ਕਰਮਚਾਰੀ ਸ਼ਹੀਦ ਹੋ ਗਏ ਸਨ। ਇਸ ਆਪ੍ਰੇਸ਼ਨ ਵਿੱਚ ਫੌਜ, ਐਨ.ਐਸ.ਜੀ., ਬੀ.ਐਸ.ਐਫ. ਅਤੇ ਸੀ.ਆਰ.ਪੀ.ਐਫ. ਨੇ ਡਰੋਨ ਅਤੇ ਬੁਲੇਟਪਰੂਫ ਵਾਹਨਾਂ ਦੀ ਵਰਤੋਂ ਕੀਤੀ ਸੀ।
ਮਈ ਵਿੱਚ ਕਿਸ਼ਤਵਾੜ: 23 ਮਈ 2025 ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਵੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ ਸੀ, ਜਿਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਅਤੇ 2 ਜ਼ਖਮੀ ਹੋ ਗਏ ਸਨ। ਇਸ ਤੋਂ ਪਹਿਲਾਂ, ਪਿਛਲੇ ਸਾਲ ਨਵੰਬਰ ਵਿੱਚ ਕਿਸ਼ਤਵਾੜ ਦੇ ਛੱਤਰੂ ਜੰਗਲੀ ਖੇਤਰ ਵਿੱਚ 3 ਮੁਕਾਬਲੇ ਹੋਏ ਸਨ, ਜਿਸ ਵਿੱਚ ਇੱਕ ਪੈਰਾ ਟਰੂਪਰ ਸ਼ਹੀਦ ਹੋਇਆ ਸੀ ਅਤੇ 3 ਜਵਾਨ ਜ਼ਖਮੀ ਹੋਏ ਸਨ, ਜਦਕਿ ਇੱਕ ਅੱਤਵਾਦੀ ਵੀ ਮਾਰਿਆ ਗਿਆ ਸੀ।
ਅਪ੍ਰੈਲ ਵਿੱਚ ਪੁੰਛ: ਪੁੰਛ ਵਿੱਚ ਹੀ, 14-15 ਅਪ੍ਰੈਲ 2025 ਨੂੰ ਸੁਰਨਕੋਟ ਸਬ-ਡਵੀਜ਼ਨ ਦੇ ਲਾਸਾਨਾ ਪਿੰਡ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਗੋਲੀਬਾਰੀ ਹੋਈ ਸੀ, ਜਿਸ ਵਿੱਚ ਇੱਕ ਫੌਜ ਦਾ ਜਵਾਨ ਜ਼ਖਮੀ ਹੋ ਗਿਆ ਸੀ।