ਹਮੇਸ਼ਾ ਖ਼ੁਸ਼ ਰਹਿਣ ਲਈ ਕਰੋ ਇਹ ਕੰਮ

ਪਰਮਾਤਮਾ ਦਾ ਸਦਾ-ਥਿਰ ਨਾਮ ਜਿਨ੍ਹਾਂ ਮਨੁੱਖਾਂ (ਦੀ ਜ਼ਿੰਦਗੀ) ਦਾ ਆਸਰਾ ਬਣਦਾ ਹੈ, ਉਹਨਾਂ ਨੂੰ ਸਦਾ ਆਨੰਦ ਮਿਲਦਾ ਹੈ ਸਦਾ ਸੁੱਖ ਮਿਲਦਾ ਹੈ, (ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ

By :  Gill
Update: 2025-08-03 10:24 GMT

ਸਿਰੀਰਾਗੁ ਮਹਲਾ ੩ ॥ ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰੁ ॥ ਗੁਰ ਸਬਦੀ ਸਚੁ ਪਾਇਆ ਦੂਖ ਨਿਵਾਰਣਹਾਰੁ ॥ ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਇ ਪਿਆਰੁ ॥ ਕਿਰਪਾ ਕਰਿ ਕੈ ਆਪਣੀ ਦਿਤੋਨੁ ਭਗਤਿ ਭੰਡਾਰੁ ॥੧॥ ਮਨ ਰੇ ਸਦਾ ਅਨੰਦੁ ਗੁਣ ਗਾਇ ॥ ਸਚੀ ਬਾਣੀ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥ ਸਚੀ ਭਗਤੀ ਮਨੁ ਲਾਲੁ ਥੀਆ ਰਤਾ ਸਹਜਿ ਸੁਭਾਇ ॥ ਗੁਰ ਸਬਦੀ ਮਨੁ ਮੋਹਿਆ ਕਹਣਾ ਕਛੂ ਨ ਜਾਇ ॥ ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ ॥ ਗੁਰਮੁਖਿ ਏਹੁ ਰੰਗੁ ਪਾਈਐ ਜਿਸ ਨੋ ਕਿਰਪਾ ਕਰੇ ਰਜਾਇ ॥੨॥ ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ ॥ ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ ॥ ਆਪੇ ਹੀ ਆਪਿ ਮਨਿ ਵਸਿਆ ਮਾਇਆ ਮੋਹੁ ਚੁਕਾਇ ॥ ਆਪਿ ਵਡਾਈ ਦਿਤੀਅਨੁ ਗੁਰਮੁਖਿ ਦੇਇ ਬੁਝਾਇ ॥੩॥ ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ ਸਮਝਾਇ ॥ ਇਕਿ ਆਪੇ ਆਪਿ ਖੁਆਇਅਨੁ ਦੂਜੈ ਛਡਿਅਨੁ ਲਾਇ ॥ ਗੁਰਮਤੀ ਹਰਿ ਪਾਈਐ ਜੋਤੀ ਜੋਤਿ ਮਿਲਾਇ ॥ ਅਨਦਿਨੁ ਨਾਮੇ ਰਤਿਆ ਨਾਨਕ ਨਾਮਿ ਸਮਾਇ ॥੪॥੨੫॥੫੮॥ {ਪੰਨਾ 36}

ਪਦ ਅਰਥ: ਆਧਾਰੁ = ਆਸਾਰਾ। ਸਚੁ = ਸਦਾ-ਥਿਰ ਰਹਿਣ ਵਾਲਾ। ਨਿਵਾਰਣਹਾਰੁ = ਦੂਰ ਕਰਨ ਦੀ ਤਾਕਤ ਰੱਖਣ ਵਾਲਾ। ਗਾਵਹਿ = ਗਾਂਦੇ ਹਨ। ਨਾਇ = ਨਾਮ ਵਿਚ। ਦਿਤੋਨੁ = ਦਿੱਤਾ ਉਨਿ, ਉਸ (ਪ੍ਰਭੂ) ਨੇ ਦਿੱਤਾ। ਭੰਡਾਰ = ਖ਼ਜ਼ਾਨਾ।1।

ਸਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ (ਜੁੜਿਆਂ) । ਸਿਉ = ਨਾਲ।1। ਰਹਾਉ।

ਥੀਆ = ਹੋ ਜਾਂਦਾ ਹੈ। ਸਹਜਿ ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਰਸਿ = ਰਸ ਨਾਲ, ਪ੍ਰੇਮ ਨਾਲ। ਗਾਇ = ਗਾ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਰਜਾਇ = ਰਜ਼ਾ ਅਨੁਸਾਰ।2।

ਸੰਸਾ = ਸਹਮ। ਰੈਣਿ = (ਜ਼ਿੰਦਗੀ-ਰੂਪ) ਰਾਤ। ਇਕਿ = ਕਈ ਜੀਵ। ਕਢਿ ਲਇਅਨੁ ਉਸ (ਪ੍ਰਭੂ) ਨੇ ਕੱਢ ਲਏ। ਲਇਓਨੁ ਮਿਲਾਇ = ਉਸ ਨੇ ਮਿਲਾ ਲਿਆ। ਮਨਿ = ਮਨ ਵਿਚ। ਚੁਕਾਇ = ਦੂਰ ਕਰ ਕੇ। ਦਿਤੀਅਨੁ = ਉਸ ਨੇ ਦਿੱਤੀ। ਦੇਇ ਬੁਝਾਇ = ਸਮਝਾ ਦੇਂਦਾ ਹੈ।3।

ਖੁਆਇਨੁ = ਉਸ ਨੇ ਖੁੰਝਾ ਦਿੱਤੇ ਹਨ। ਦੂਜੈ = ਹੋਰ (ਪ੍ਰੇਮ) ਵਿਚ। ਛਡਿਅਨੁ ਲਾਇ = ਲਾ ਛੱਡੇ ਹਨ ਉਸ ਨੇ। ਜੋਤਿ = ਸੁਰਤਿ। ਅਨਦਿਨੁ = ਹਰ ਰੋਜ਼। ਨਾਮਿ = ਨਾਮ ਵਿਚ।4।

ਅਰਥ: ਹੇ (ਮੇਰੇ) ਮਨ! ਪਰਮਾਤਮਾ ਦੇ ਗੁਣ ਗਾਂਦਾ ਰਹੁ। (ਗੁਣ ਗਾਵਣ ਨਾਲ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ। ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜਿਆਂ ਪ੍ਰਭੂ ਮਿਲ ਪੈਂਦਾ ਹੈ। (ਜੇਹੜਾ ਜੀਵ ਸਿਫ਼ਤਿ-ਸਾਲਾਹ ਕਰਦਾ ਹੈ ਉਹ) ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ।1। ਰਹਾਉ।

ਪਰਮਾਤਮਾ ਦਾ ਸਦਾ-ਥਿਰ ਨਾਮ ਜਿਨ੍ਹਾਂ ਮਨੁੱਖਾਂ (ਦੀ ਜ਼ਿੰਦਗੀ) ਦਾ ਆਸਰਾ ਬਣਦਾ ਹੈ, ਉਹਨਾਂ ਨੂੰ ਸਦਾ ਆਨੰਦ ਮਿਲਦਾ ਹੈ ਸਦਾ ਸੁੱਖ ਮਿਲਦਾ ਹੈ, (ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਉਹ ਸਦਾ-ਥਿਰ ਪਰਮਾਤਮਾ ਪਾ ਲਿਆ ਹੁੰਦਾ ਹੈ ਜੋ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਉਹ ਮਨੁੱਖ ਸਦਾ ਹੀ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਪਾਈ ਰੱਖਦੇ ਹਨ। ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ।1।

ਸਦਾ-ਥਿਰ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਜਿਸ ਮਨੁੱਖ ਦਾ ਮਨ ਗੂੜਾ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਮਸਤ ਰਹਿੰਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਦਾ ਮਨ (ਪ੍ਰਭੂ-ਚਰਨਾਂ ਵਿਚ ਅਜੇਹਾ) ਮਸਤ ਹੁੰਦਾ ਹੈ ਕਿ ਉਸ (ਮਸਤੀ) ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਦੀ ਜੀਭ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਰੰਗੀ ਜਾਂਦੀ ਹੈ, ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ਕੇ ਉਹ ਆਤਮਕ ਜੀਵਨ ਦੇਣ ਵਾਲਾ ਰਸ ਪੀਂਦਾ ਹੈ। ਪਰ ਇਹ ਰੰਗ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ (ਉਹੀ ਮਨੁੱਖ ਪ੍ਰਾਪਤ ਕਰਦਾ ਹੈ) ਜਿਸ ਉਤੇ ਪ੍ਰਭੂ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ।2।

ਜਗਤ (ਦਾ ਮੋਹ) ਤੌਖਲੇ ਦਾ ਮੂਲ ਹੈ, (ਮੋਹ ਦੀ ਨੀਂਦ ਵਿਚ) ਸੁਤਿਆਂ ਹੀ (ਜ਼ਿੰਦਗੀ-ਰੂਪ) ਰਾਤ ਬੀਤ ਜਾਂਦੀ ਹੈ। ਕਈ (ਭਾਗਾਂ ਵਾਲੇ) ਜੀਵਾਂ ਨੂੰ ਪਰਮਾਤਮਾ ਨੇ ਆਪਣੀ ਰਜ਼ਾ ਵਿਚ (ਜੋੜ ਕੇ ਇਸ ਮੋਹ ਵਿਚੋਂ) ਕੱਢ ਲਿਆ ਤੇ ਆਪ ਹੀ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੈ, ਆਪ ਹੀ (ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰਕੇ ਆਪ ਹੀ ਉਹਨਾਂ ਦੇ ਮਨ ਵਿਚ ਆ ਵੱਸਿਆ ਹੈ। ਪ੍ਰਭੂ ਨੇ ਆਪ (ਹੀ) ਉਹਨਾਂ ਨੂੰ ਇੱਜ਼ਤ ਦਿੱਤੀ ਹੈ। (ਭਾਗਾਂ ਵਾਲਿਆਂ ਨੂੰ) ਪਰਮਾਤਮਾ ਗੁਰੂ ਦੀ ਸ਼ਰਨ ਪਾ ਕੇ (ਜੀਵਨ ਦਾ ਇਹ ਸਹੀ ਰਸਤਾ) ਸਮਝਾ ਦੇਂਦਾ ਹੈ।3।

ਪਰਮਾਤਮਾ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੀਵਨ-ਰਾਹ ਤੋਂ ਖੁੰਝਿਆਂ ਨੂੰ ਭੀ ਸੂਝ ਦੇਂਦਾ ਹੈ। ਕਈ ਜੀਵਾਂ ਨੂੰ ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲੋਂ ਖੁੰਝਾਇਆ ਹੋਇਆ ਹੈ, ਤੇ ਮਾਇਆ ਦੇ ਮੋਹ ਵਿਚ ਲਾ ਰੱਖਿਆ ਹੈ।

ਗੁਰੂ ਦੀ ਮਤਿ ਤੇ ਤੁਰਿਆਂ ਪਰਮਾਤਮਾ ਮਿਲਦਾ ਹੈ, (ਗੁਰੂ ਦੀ ਮਤਿ ਤੇ ਤੁਰ ਕੇ ਜੀਵ) ਆਪਣੀ ਸੁਰਤਿ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾਂਦਾ ਹੈ, ਤੇ ਹੇ ਨਾਨਕ! ਹਰ ਵੇਲੇ ਨਾਮ ਵਿਚ ਰੰਗਿਆ ਰਹਿ ਕੇ ਨਾਮ ਵਿਚ ਹੀ ਲੀਨ ਰਹਿੰਦਾ ਹੈ।4। 25।

Page 36

Tags:    

Similar News