ਦਿੱਲੀ ਦੀ ਹਵਾ ਬਣੀ ਖਤਰਨਾਕ : AQI 400 ਨੂੰ ਪਾਰ
ਨਵੀਂ ਦਿੱਲੀ : ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਦੀ ਗੁਣਵੱਤਾ ਡਿੱਗ ਰਹੀ ਹੈ। ਪ੍ਰਦੂਸ਼ਣ ਕਾਰਨ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਐਤਵਾਰ ਨੂੰ ਦਿੱਲੀ ਦਾ ਅਸਮਾਨ ਧੂੰਏਂ ਦੀ ਪਤਲੀ ਪਰਤ ਨਾਲ ਢੱਕਿਆ ਹੋਇਆ ਸੀ। ਇਸ ਦੌਰਾਨ ਦਿੱਲੀ ਦੇ ਜ਼ਿਆਦਾਤਰ ਖੇਤਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 350 ਤੋਂ ਪਾਰ ਰਿਹਾ। ਹਾਲਾਂਕਿ ਦਿੱਲੀ ਦੇ ਸਾਰੇ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ, ਪਰ 8 ਖੇਤਰ ਅਜਿਹੇ ਹਨ ਜਿੱਥੇ ਐਤਵਾਰ ਨੂੰ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
8 ਖੇਤਰਾਂ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ
ਹਾਲਾਂਕਿ ਦਿੱਲੀ ਐਨਸੀਆਰ ਦੇ ਜ਼ਿਆਦਾਤਰ ਖੇਤਰਾਂ ਵਿੱਚ ਪ੍ਰਦੂਸ਼ਣ ਕਾਰਨ ਸਥਿਤੀ ਵਿਗੜ ਗਈ ਹੈ, ਪਰ 8 ਖੇਤਰਾਂ ਵਿੱਚ ਹਵਾ ਦਾ ਪੱਧਰ ਖਤਰਨਾਕ ਹੋ ਗਿਆ ਹੈ। ਇੱਥੇ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਦਿੱਲੀ ਦੇ ਨਹਿਰੂ ਵਿਹਾਰ ਅਤੇ ਆਨੰਦ ਵਿਹਾਰ ਦੀ ਹਵਾ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਦਰਜ ਕੀਤਾ ਗਿਆ। ਇਸ ਦੇ ਨਾਲ, ਸੀਪੀਸੀਬੀ ਦੇ ਅੰਕੜਿਆਂ ਨੇ ਦਿਖਾਇਆ ਕਿ 38 ਨਿਗਰਾਨੀ ਕੇਂਦਰਾਂ ਵਿੱਚੋਂ, ਅੱਠ ਕੇਂਦਰਾਂ - ਆਨੰਦ ਵਿਹਾਰ, ਵਜ਼ੀਰਪੁਰ, ਰੋਹਿਣੀ, ਪੰਜਾਬੀ ਬਾਗ, ਨਹਿਰੂ ਮਾਰਗ, ਮੁੰਡਕਾ, ਜਹਾਂਗੀਰਪੁਰੀ ਅਤੇ ਅਸ਼ੋਕ ਵਿਹਾਰ ਵਿੱਚ AQI 400 ਤੋਂ ਵੱਧ ਸੀ।
ਦੀਵਾਲੀ 'ਤੇ ਬੇਲਗਾਮ ਪਟਾਕੇ ਚਲਾਉਣ ਤੋਂ ਬਾਅਦ ਦਿੱਲੀ ਦੀ ਹਵਾ ਦਾ ਪੱਧਰ ਡਿੱਗਣਾ ਲਾਜ਼ਮੀ ਸੀ। ਅਜਿਹਾ ਹੀ ਹੋਇਆ। ਐਤਵਾਰ ਨੂੰ ਦਿੱਲੀ ਦਾ ਔਸਤ AQI 350 ਤੋਂ ਉੱਪਰ ਰਿਹਾ। ਅਜਿਹੇ 'ਚ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਪੀਸੀਬੀ ਤੋਂ ਪ੍ਰਾਪਤ ਅਪਡੇਟ ਦੇ ਅਨੁਸਾਰ, ਐਤਵਾਰ ਸਵੇਰੇ 7 ਵਜੇ ਤੱਕ, ਦਿੱਲੀ ਦੇ ਨਿਊ ਮੋਤੀ ਬਾਗ ਖੇਤਰ ਵਿੱਚ AQI 352 ਅਤੇ ਆਰਕੇ ਪੁਰਮ ਵਿੱਚ 380 ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਿਵੇਕ ਵਿਹਾਰ ਵਿੱਚ 388, ਦਵਾਰਕਾ ਸੈਕਟਰ 8 ਵਿੱਚ 385 ਅਤੇ ਲੋਧੀ ਰੋਡ ਵਿੱਚ 330 ਦਰਜ ਕੀਤੇ ਗਏ ਹਨ। ਸੀਪੀਸੀਬੀ ਅਨੁਸਾਰ ਇਨ੍ਹਾਂ ਸਾਰੇ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ।