ਗੈਂਗਸਟਰਾਂ ਵਿਚਕਾਰ ਮੁਕਾਬਲਾ, ਗੈਂਗ ਦੇ 2 ਸ਼ਾਰਪਸ਼ੂਟਰ ਗ੍ਰਿਫਤਾਰ
ਪੁਲਿਸ ਅਨੁਸਾਰ, ਇਹ ਦੋਵੇਂ ਬਦਮਾਸ਼ ਚਾਵਲਾ ਖੇਤਰ ਵਿੱਚ ਇੱਕ ਵਪਾਰੀ ਦੇ ਘਰ 'ਤੇ ਫਿਰੌਤੀ ਲਈ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਲੋੜੀਂਦੇ ਸਨ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਤਵਾਰ ਸਵੇਰੇ ਜਾਫਰਪੁਰ ਕਲਾਂ ਇਲਾਕੇ ਵਿੱਚ ਹੋਏ ਮੁਕਾਬਲੇ ਤੋਂ ਬਾਅਦ ਕਪਿਲ ਸਾਂਗਵਾਨ ਉਰਫ ਨੰਦੂ ਗੈਂਗ ਦੇ ਦੋ ਸ਼ਾਰਪਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਕਾਬਲੇ ਦੌਰਾਨ ਪੁਲਿਸ ਵੱਲੋਂ ਚਲਾਈ ਗਈ ਗੋਲੀ ਕਾਰਨ ਦੋਵੇਂ ਅਪਰਾਧੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਾਅਦ ਵਿੱਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਅਨੁਸਾਰ, ਇਹ ਦੋਵੇਂ ਬਦਮਾਸ਼ ਚਾਵਲਾ ਖੇਤਰ ਵਿੱਚ ਇੱਕ ਵਪਾਰੀ ਦੇ ਘਰ 'ਤੇ ਫਿਰੌਤੀ ਲਈ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਲੋੜੀਂਦੇ ਸਨ।
ਸਪੈਸ਼ਲ ਸੈੱਲ ਦੀ ਕਾਰਵਾਈ ਜਾਰੀ
ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਦਿੱਲੀ ਪੁਲਿਸ ਨੇ ਗੈਂਗਸਟਰਾਂ ਖਿਲਾਫ ਕਾਰਵਾਈ ਕੀਤੀ ਹੈ। ਸ਼ਨੀਵਾਰ ਨੂੰ, ਰੋਹਿਣੀ ਸੈਕਟਰ 28 ਵਿੱਚ ਇੱਕ ਮੁਕਾਬਲੇ ਤੋਂ ਬਾਅਦ ਨੰਦੂ-ਵੈਂਕਟ ਗਰਗ ਗੈਂਗ ਦੇ ਦੋ ਹੋਰ ਸ਼ਾਰਪਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਮੁਲਜ਼ਮਾਂ ਕੋਲੋਂ ਦੋ ਆਟੋਮੈਟਿਕ ਪਿਸਤੌਲਾਂ ਸਮੇਤ ਕਈ ਕਾਰਤੂਸ ਬਰਾਮਦ ਕੀਤੇ ਗਏ ਸਨ।
ਬਿਸ਼ਨੋਈ ਗੈਂਗ ਦੇ 4 ਅਪਰਾਧੀ ਵੀ ਗ੍ਰਿਫਤਾਰ
ਦਿੱਲੀ ਪੁਲਿਸ ਨੇ ਵਿਦੇਸ਼ੀ ਗੈਂਗਸਟਰ ਹੈਰੀ ਬਾਕਸਰ ਅਤੇ ਰੋਹਿਤ ਗੋਦਾਰਾ ਨਾਲ ਸਬੰਧਤ ਚਾਰ ਹੋਰ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਨੂੰ ਦਿੱਲੀ ਵਿੱਚ ਪੁਲਿਸ ਮੁਕਾਬਲੇ ਤੋਂ ਬਾਅਦ ਫੜਿਆ ਗਿਆ, ਜਦੋਂ ਕਿ ਬਾਕੀ ਦੋ ਨੂੰ ਮੋਹਾਲੀ ਦੇ ਇੱਕ ਹੋਟਲ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਨੁਸਾਰ, ਇਹ ਅਪਰਾਧੀ ਚੰਡੀਗੜ੍ਹ ਦੇ ਇੱਕ ਵਪਾਰੀ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਸਨ। ਇਨ੍ਹਾਂ ਅਪਰਾਧੀਆਂ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਦੱਸਿਆ ਜਾਂਦਾ ਹੈ, ਅਤੇ ਉਹ ਪਿਛਲੇ ਕੁਝ ਸਮੇਂ ਤੋਂ ਫਿਰੌਤੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ।