ਕਾਮੇਡੀਅਨ ਕੁਨਾਲ ਕਾਮਰਾ ਦੇ ਸਟੂਡੀਓ 'ਤੇ ਹਮਲਾ, 40 ਸ਼ਿਵ ਸੈਨਿਕਾਂ ਖ਼ਿਲਾਫ਼ FIR
ਮੁੰਬਈ ਦੇ ਪੁਲਿਸ ਸਟੇਸ਼ਨ 'ਚ ਕਾਮਰਾ ਵਿਰੁੱਧ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਮਾਮਲਾ ਦਰਜ ਹੋਇਆ।
ਮੁੰਬਈ ਵਿੱਚ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਵਿਰੁੱਧ FIR ਦਰਜ ਹੋਣੀ ਅਤੇ ਉਨ੍ਹਾਂ ਦੇ ਸਟੂਡੀਓ 'ਤੇ ਹਮਲੇ ਦੀ ਘਟਨਾ ਚਰਚਾ ਵਿੱਚ ਹੈ। ਸੋਮਵਾਰ ਸਵੇਰੇ, ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਵਿੱਚ ਕਾਮਰਾ ਵਿਰੁੱਧ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਮਾਮਲਾ ਦਰਜ ਹੋਇਆ। ਉਨ੍ਹਾਂ 'ਤੇ ਮਾਣਹਾਨੀ ਅਤੇ ਅਸ਼ਾਂਤੀ ਫੈਲਾਉਣ ਦੇ ਦੋਸ਼ ਲਗੇ ਹਨ।
ਇਸ ਦੇ ਨਾਲ ਹੀ, 40 ਸ਼ਿਵ ਸੈਨਿਕਾਂ ਵਿਰੁੱਧ ਵੀ FIR ਦਰਜ ਕੀਤੀ ਗਈ ਹੈ, ਜਿਨ੍ਹਾਂ ਨੇ ਕਾਮਰਾ ਦੇ ਸਟੂਡੀਓ 'ਦਿ ਯੂਨੀਕੌਂਟੀਨੈਂਟਲ' ਵਿੱਚ ਭੰਨਤੋੜ ਕੀਤੀ।
ਵੀਡੀਓ ਨੇ ਪੈਦਾ ਕੀਤਾ ਵਿਵਾਦ
ਐਤਵਾਰ ਨੂੰ ਕੁਨਾਲ ਕਾਮਰਾ ਦੀ ਇੱਕ ਵੀਡੀਓ ਸਾਹਮਣੇ ਆਈ, ਜਿਸ ਵਿੱਚ ਉਹ ਇੱਕ ਵਿਅੰਗਮਈ ਗੀਤ ਰਾਹੀਂ ਡਿਪਟੀ ਸੀਐਮ ਸ਼ਿੰਦੇ 'ਤੇ ਤੰਜ ਕੱਸ ਰਹੇ ਸਨ। ਇਸ ਨਾਲ ਸ਼ਿਵ ਸੈਨਾ (ਸ਼ਿੰਦੇ ਸਮੂਹ) ਦੇ ਵਰਕਰ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਕਾਮਰਾ ਦੇ ਸਟੂਡੀਓ ਵਿੱਚ ਤੋੜਫੋੜ ਕਰ ਦਿੱਤੀ।
ਦੇਵੇਂਦਰ ਫੜਨਵੀਸ ਨੇ ਕਿਹਾ – ਕੁਨਾਲ ਨੂੰ ਮੁਆਫੀ ਮੰਗਣੀ ਚਾਹੀਦੀ ਹੈ
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ "ਕਾਮੇਡੀ ਕਰਨ ਦੀ ਆਜ਼ਾਦੀ ਹੈ, ਪਰ ਕੋਈ ਵੀ ਕਿੱਧਰੇ ਵੀ ਕੁਰਚੀਆਂ ਤੋੜੇ ਜਾਂ ਜਿਹੜੇ-ਤਿਹੜੇ ਸ਼ਬਦ ਵਰਤੇ, ਇਹ ਸਵੀਕਾਰਯੋਗ ਨਹੀਂ।" ਉਨ੍ਹਾਂ ਨੇ ਕਿਹਾ ਕਿ ਕੁਨਾਲ ਕਾਮਰਾ ਨੂੰ ਉਪ ਮੁੱਖ ਮੰਤਰੀ ਸ਼ਿੰਦੇ ਲਈ ਬੋਲੀ ਗਈ ਗੱਲ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਕਾਮਰਾ ਦਾ ਸੰਵਿਧਾਨ ਵਾਲਾ ਪੋਸਟ
ਸੋਮਵਾਰ ਦੁਪਹਿਰ, ਵਿਵਾਦ ਤੋਂ ਬਾਅਦ, ਕੁਨਾਲ ਕਾਮਰਾ ਨੇ X (ਪਹਿਲਾਂ ਟਵਿੱਟਰ) 'ਤੇ ਸੰਵਿਧਾਨ ਦੀ ਇੱਕ ਕਿਤਾਬ ਫੜੀ ਹੋਈ ਤਸਵੀਰ ਪੋਸਟ ਕਰਕੇ ਲਿਖਿਆ – "ਅੱਗੇ ਵਧਣ ਦਾ ਇੱਕੋ ਇੱਕ ਤਰੀਕਾ..."
ਸ਼ਿਵ ਸੈਨਾ (ਸ਼ਿੰਦੇ ਧੜਾ) ਦਾ ਇਨਕਾਰ
ਸ਼ਿਵ ਸੈਨਾ ਦੇ ਸ਼ਿੰਦੇ ਧੜੇ ਨੇ ਕਿਹਾ ਕਿ "ਕਾਮਰਾ ਨੇ ਉਪ ਮੁੱਖ ਮੰਤਰੀ ਨੂੰ ਗੱਦਾਰ ਆਖਿਆ, ਜੋ ਕਿ ਅਸਵੀਕਾਰਯੋਗ ਹੈ।" ਸ਼ਿਵ ਸੈਨਾ ਦੇ ਬੁਲਾਰੇ ਕ੍ਰਿਸ਼ਨਾ ਹੇਗੜੇ ਨੇ ਕਿਹਾ, "ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ ਅਸੀਂ ਸ਼ਿਵ ਸੈਨਾ ਢੰਗ ਨਾਲ ਇਲਾਜ ਕਰਾਂਗੇ।"
ਸੰਜੇ ਰਾਉਤ ਦਾ ਬਿਆਨ
ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਸੰਜੇ ਰਾਉਤ ਨੇ ਕਾਮਰਾ ਦਾ ਸਮਰਥਨ ਕਰਦੇ ਹੋਏ ਕਿਹਾ ਕਿ "ਕੁਨਾਲ ਕਾਮਰਾ ਇੱਕ ਵਧੀਆ ਕਾਮੇਡੀਅਨ ਅਤੇ ਲੇਖਕ ਹੈ। ਪਰ ਸ਼ਿੰਦੇ ਗੈਂਗ ਨੇ ਗੁੰਡਾਗਰਦੀ ਕੀਤੀ। ਗ੍ਰਹਿ ਮੰਤਰੀ (ਫੜਨਵੀਸ) ਬਹੁਤ ਕਮਜ਼ੋਰ ਹਨ।"
ਕਾਮਰਾ ਵਿਰੁੱਧ ਗੁੱਸਾ, ਧਮਕੀਆਂ ਤਕ ਪਹੁੰਚੀ ਗੱਲ
ਸ਼ਿਵ ਸੈਨਾ ਦੇ ਸੰਸਦ ਮੈਂਬਰ ਨਰੇਸ਼ ਮਹਾਸਕੇ ਨੇ ਕਿਹਾ, "ਕੁਨਾਲ ਕਾਮਰਾ ਨੂੰ ਸਿਰਫ਼ ਮਹਾਰਾਸ਼ਟਰ ਹੀ ਨਹੀਂ, ਸਗੋਂ ਭਾਰਤ ਭਰ ਵਿੱਚ ਘੁੰਮਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਜੇਕਰ ਉਹ ਸ਼ਿਵ ਸੈਨਿਕਾਂ ਦੇ ਨਿਸ਼ਾਨੇ 'ਤੇ ਆ ਗਿਆ, ਤਾਂ ਭੱਜਣਾ ਪਵੇਗਾ।"
ਇਸ ਘਟਨਾ ਨੇ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ।