Canada-US ਦੇ ਲੋਕਾਂ ਲਈ ਆ ਰਿਹਾ ਠੰਢ ਦਾ ਤੂਫਾਨ, ਟੁੱਟਣਗੇ ਸਾਰੇ Records
ਕੜਾਕੇ ਦੀ ਠੰਡ ਦੇ ਨਾਲ ਭਿਆਨਕ ਤੂਫ਼ਾਨ, ਆਈਸ ਸਟਾਰਮ ਅਤੇ ਐਮਰਜੈਂਸੀ ਚੇਤਾਵਨੀਆਂ,ਹੱਡੀਆਂ ਕੰਬਾਉਣ ਵਾਲੀ ਸਰਦੀ: ਟੈਕਸਾਸ ਤੋਂ ਓਨਟਾਰੀਓ ਤੱਕ ਬਿਜਲੀ ਬੰਦ ਹੋਣ ਦਾ ਖ਼ਤਰਾ,ਮਾਇਨਸ 50 ਤੱਕ ਡਿੱਗਦਾ ਪਾਰਾ: ਕੈਨੇਡਾ-ਅਮਰੀਕਾ ‘ਚ ਐਕਸਟਰੀਮ ਕੋਲਡ ਅਲਰਟ,ਆਈਸ ਸਟਾਰਮ ਦਾ ਕਹਿਰ: ਉਡਾਣਾਂ ਰੱਦ, ਸੜਕਾਂ ਬੰਦ, ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਸਲਾਹ,ਫ੍ਰਾਸਟਬਾਈਟ ਤੋਂ ਬਲੈਕਆਊਟ ਤੱਕ: ਕੜੀ ਠੰਡ ‘ਚ ਇੰਝ ਰਹਿ ਸਕਦੇ ਹੋ ਸੁਰੱਖਿਅਤ
ਅਮਰੀਕਾ ਵਿੱਚ ਇੱਕ ਭਿਆਨਕ ਸਰਦੀਲਾ ਤੂਫ਼ਾਨ ਕਹਿਰ ਵਰਤਾਉਣ ਜਾ ਰਿਹਾ ਹੈ, ਜਿਸ ਦੀ ਚਪੇਟ ‘ਚ ਦੇਸ਼ ਦੀ ਲਗਭਗ ਦੋ-ਤਿਹਾਈ ਆਬਾਦੀ ਆ ਰਹੀ ਹੈ। ਟੈਕਸਾਸ ਤੋਂ ਲੈ ਕੇ ਨਿਊ ਇੰਗਲੈਂਡ ਤੱਕ 2,000 ਮੀਲ ਤੋਂ ਵੱਧ ਖੇਤਰ ਵਿੱਚ ਭਾਰੀ ਬਰਫ਼ ਅਤੇ ਆਈਸ ਪੈਣ ਦੀ ਸੰਭਾਵਨਾ ਹੈ। ਦੱਖਣੀ ਰਾਜਾਂ ਵਿੱਚ ਤਬਾਹਕੁਨ ਆਈਸ ਸਟਾਰਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਰੀ ਆਈਸ ਕਾਰਨ ਬਿਜਲੀ ਦੀਆਂ ਤਾਰਾਂ ਅਤੇ ਦਰੱਖ਼ਤ ਟੁੱਟ ਸਕਦੇ ਹਨ, ਜਿਸ ਨਾਲ ਲੱਖਾਂ ਲੋਕ ਕਈ ਦਿਨਾਂ ਲਈ ਬਿਜਲੀ ਤੋਂ ਵੰਝੇ ਰਹਿ ਸਕਦੇ ਹਨ। ਸਫ਼ਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸੈਂਕੜਿਆਂ ਉਡਾਣਾਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਸੜਕਾਂ ‘ਤੇ ਹਾਲਾਤ ਬਹੁਤ ਖਤਰਨਾਕ ਬਣੇ ਹੋਏ ਹਨ। ਇਸਦੇ ਨਾਲ ਹੀ ਰਿਕਾਰਡ ਤੋੜ ਠੰਡ ਦੀ ਵੀ ਚੇਤਾਵਨੀ ਹੈ। ਜਾਰਜੀਆ ਸਮੇਤ ਕਈ ਇਲਾਕਿਆਂ ਵਿੱਚ ਆਈਸ ਸਟਾਰਮ ਵਾਰਨਿੰਗ ਦਾ ਦਾਇਰਾ ਵਧਾ ਦਿੱਤਾ ਗਿਆ ਹੈ, ਜਿੱਥੇ ਸਫ਼ਰ ਕਰਨਾ ਲਗਭਗ ਅਸੰਭਵ ਹੋ ਸਕਦਾ ਹੈ। ਹਵਾਈ ਅੱਡਿਆਂ ਨੇ ਤਿਆਰੀ ਦਿਖਾਈ ਹੈ, ਪਰ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਡਾਣ ਤੋਂ ਪਹਿਲਾਂ ਆਪਣੀ ਸਥਿਤੀ ਜ਼ਰੂਰ ਚੈੱਕ ਕਰਨ।
ਕੈਨੇਡਾ ਭਰ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਆਪਣਾ ਕਹਿਰ ਵਰਤਾ ਰਹੀ ਹੈ। ਹੱਡੀਆਂ ਤੱਕ ਕੰਬਾ ਦੇਣ ਵਾਲੀ ਇਸ ਠੰਡ ਕਾਰਨ ਕਈ ਇਲਾਕਿਆਂ ਵਿੱਚ ਹਵਾ ਨਾਲ ਮਿਲ ਕੇ ਤਾਪਮਾਨ ਮਾਇਨਸ 30 ਤੋਂ ਲੈ ਕੇ ਮਾਇਨਸ 50 ਡਿਗਰੀ ਸੈਲਸੀਅਸ ਤੱਕ ਮਹਿਸੂਸ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗਾਂ ਵੱਲੋਂ ਲਗਾਤਾਰ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਇਹ ਹਾਲਾਤ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੇ ਹਨ। ਹੈਲਥ ਕੈਨੇਡਾ ਮੁਤਾਬਕ, ਫ੍ਰਾਸਟਬਾਈਟ ਉਸ ਸਮੇਂ ਹੁੰਦੀ ਹੈ ਜਦੋਂ ਬਹੁਤ ਜ਼ਿਆਦਾ ਠੰਡ ਅਤੇ ਖੂਨ ਦੀ ਘੱਟ ਗਤੀ ਇਕੱਠੇ ਪ੍ਰਭਾਵ ਪਾਉਂਦੇ ਹਨ। ਇਹ ਸਮੱਸਿਆ ਆਮ ਤੌਰ ‘ਤੇ ਸਰੀਰ ਦੇ ਉਹਨਾਂ ਹਿੱਸਿਆਂ ਵਿੱਚ ਵੱਧ ਹੁੰਦੀ ਹੈ ਜੋ ਦਿਲ ਤੋਂ ਦੂਰ ਹੁੰਦੇ ਹਨ, ਜਿਵੇਂ ਹੱਥ, ਪੈਰ, ਨੱਕ ਅਤੇ ਕੰਨ। ਫ੍ਰਾਸਟਬਾਈਟ ਤੋਂ ਬਚਾਅ ਲਈ ਸਹੀ ਕੱਪੜੇ ਪਹਿਨਣਾ ਬਹੁਤ ਜ਼ਰੂਰੀ ਹੈ। ਮਾਹਿਰਾਂ ਦੀ ਸਲਾਹ ਹੈ ਕਿ ਉਨ ਜਾਂ ਸਿੰਥੈਟਿਕ ਕਪੜਿਆਂ ਤੋਂ ਬਣੇ ਗਰਮ ਕੱਪੜੇ ਪਹਿਨੋ, ਜੋ ਸਰੀਰ ਨੂੰ ਸੁੱਕਾ ਰੱਖਣ ਅਤੇ ਪਸੀਨਾ ਘੱਟ ਬਣਨ ਵਿੱਚ ਮਦਦ ਕਰਦੇ ਹਨ। ਪਰਤਾਂ ਵਿੱਚ ਕੱਪੜੇ ਪਹਿਨਣਾ, ਗਰਮ ਮੋਜ਼ੇ, ਦਸਤਾਨੇ, ਟੋਪੀ ਅਤੇ ਮਫ਼ਲਰ ਵਰਤਣਾ ਬਹੁਤ ਲਾਜ਼ਮੀ ਹੈ। ਜੇਕਰ ਕੋਈ ਐਮਰਜੈਂਸੀ ਹਾਲਤ ਹੈ ਅਤੇ ਇਸ ਵਿੱਚ ਤੁਰੰਤ 911 ‘ਤੇ ਕਾਲ ਕਰਨੀ ਚਾਹੀਦੀ ਹੈ।
ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਨਵਾਇਰਮੈਂਟ ਕੈਨੇਡਾ ਨੇ ਦੇਸ਼ ਦੇ ਕਈ ਹਿੱਸਿਆਂ ਲਈ ਐਕਸਟਰੀਮ ਕੋਲਡ ਵਾਰਨਿੰਗ ਜਾਰੀ ਕੀਤੀ ਹੈ। ਸਸਕੈਚਵਨ ਅਤੇ ਮੈਨਿਟੋਬਾ ਦੇ ਸਾਰੇ ਇਲਾਕਿਆਂ ਸਮੇਤ ਉੱਤਰੀ ਓਂਟਾਰੀਓ ਦੇ ਬਹੁਤ ਸਾਰੇ ਹਿੱਸਿਆਂ ਲਈ ਆਰੇਂਜ ਅਲਰਟ ਜਾਰੀ ਹੈ। ਇਨ੍ਹਾਂ ਖੇਤਰਾਂ ਵਿੱਚ ਹਵਾ ਨਾਲ ਤਾਪਮਾਨ ਮਾਇਨਸ 45 ਤੋਂ ਮਾਇਨਸ 50 ਡਿਗਰੀ ਤੱਕ ਮਹਿਸੂਸ ਹੋ ਸਕਦਾ ਹੈ। ਓਂਟਾਰੀਓ ਅਤੇ ਕਿਊਬੈਕ ਦੇ ਬਾਕੀ ਹਿੱਸਿਆਂ ਵਿੱਚ ਵੀ ਅਰਕਟਿਕ ਹਵਾ ਦੇ ਪ੍ਰਭਾਵ ਕਾਰਨ ਹਵਾ ਨਾਲ ਤਾਪਮਾਨ ਲਗਾਤਾਰ ਮਾਇਨਸ 40 ਤੋਂ ਮਾਇਨਸ 45 ਤੱਕ ਰਹਿਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਨਿਊ ਬ੍ਰਨਜ਼ਵਿਕ ਸੂਬੇ ਵਿੱਚ ਵੀ ਹਾਲਾਤ ਗੰਭੀਰ ਬਣੇ ਹੋਏ ਹਨ, ਜਿੱਥੇ ਹਫ਼ਤੇ ਦੇ ਅੰਤ ਤੋਂ ਤਾਪਮਾਨ ਮਾਇਨਸ 30 ਤੋਂ ਮਾਇਨਸ 37 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ, ਖ਼ਾਸ ਕਰਕੇ ਸੂਬੇ ਦੇ ਉੱਤਰੀ-ਪੱਛਮੀ ਇਲਾਕਿਆਂ ਵਿੱਚ।
ਮੌਜੂਦਾ ਤੂਫ਼ਾਨ ਨੂੰ ਲੈ ਕੇ ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ ਬਿਜਲੀ ਬੰਦ ਹੋਣ ਦੀ ਤਿਆਰੀ ਹੀ ਕਾਫ਼ੀ ਨਹੀਂ, ਸਗੋਂ ਕਈ ਦਿਨਾਂ ਤੱਕ ਘਰਾਂ ਵਿੱਚ ਫਸੇ ਰਹਿਣ ਦੀ ਸਥਿਤੀ ਲਈ ਵੀ ਤਿਆਰ ਰਹਿਣਾ ਜ਼ਰੂਰੀ ਹੈ। ਜਿੱਥੇ ਬਰਫ਼ ਅਤੇ ਫ੍ਰੀਜ਼ਿੰਗ ਰੇਨ ਕਾਰਨ ਦਰੱਖ਼ਤ ਅਤੇ ਤਾਰਾਂ ਟੁੱਟ ਸਕਦੀਆਂ ਹਨ, ਉੱਥੇ ਬਿਜਲੀ ਕਈ ਘੰਟਿਆਂ ਜਾਂ ਦਿਨਾਂ ਲਈ ਜਾ ਸਕਦੀ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬੈਟਰੀ ਜਾਂ ਹੱਥ ਨਾਲ ਚਲਣ ਵਾਲਾ ਰੇਡੀਓ ਜ਼ਰੂਰ ਰੱਖਣ, ਤਾਂ ਜੋ ਮੋਬਾਈਲ ਨੈੱਟਵਰਕ ਜਾਂ ਇੰਟਰਨੈੱਟ ਬੰਦ ਹੋਣ ਦੀ ਸਥਿਤੀ ਵਿੱਚ ਵੀ ਮੌਸਮ ਦੀ ਜਾਣਕਾਰੀ ਮਿਲਦੀ ਰਹੇ। ਫੋਨ ਅਤੇ ਪਾਵਰ ਬੈਂਕ ਚਾਰਜ ਰੱਖੋ ਅਤੇ ਟਾਰਚਾਂ, ਵਾਧੂ ਬੈਟਰੀਆਂ ਅਤੇ ਗਰਮ ਕੱਪੜੇ ਆਸਾਨੀ ਨਾਲ ਮਿਲਣ ਵਾਲੀ ਥਾਂ ‘ਤੇ ਰੱਖੋ। ਦਵਾਈਆਂ, ਬੱਚਿਆਂ ਦਾ ਫਾਰਮੂਲਾ, ਪਾਲਤੂ ਜਾਨਵਰਾਂ ਦਾ ਖਾਣਾ ਅਤੇ ਹੋਰ ਜ਼ਰੂਰੀ ਸਮਾਨ ਪਹਿਲਾਂ ਹੀ ਇਕੱਠਾ ਕਰ ਲੈਣਾ ਚਾਹੀਦਾ ਹੈ। ਖਾਣ-ਪੀਣ ਦੇ ਮਾਮਲੇ ਵਿੱਚ ਮਾਹਿਰਾਂ ਦਾ ਕਹਿਣਾ ਹੈ ਕਿ ਫ੍ਰਿਜ਼ ਨੂੰ ਹੱਦ ਤੋਂ ਵੱਧ ਭਰਨ ਦੀ ਬਜਾਏ ਐਸਾ ਸਮਾਨ ਰੱਖੋ ਜੋ ਬਿਜਲੀ ਤੋਂ ਬਿਨਾਂ ਵੀ ਵਰਤਿਆ ਜਾ ਸਕੇ। ਬਿਜਲੀ ਨਾ ਹੋਣ ‘ਤੇ ਫ੍ਰਿਜ਼ ਕਰੀਬ ਚਾਰ ਘੰਟੇ ਤੱਕ ਹੀ ਖਾਣਾ ਸੁਰੱਖਿਅਤ ਰੱਖ ਸਕਦਾ ਹੈ, ਜਦਕਿ ਪੂਰਾ ਫ੍ਰੀਜ਼ਰ ਲਗਭਗ 48 ਘੰਟੇ ਤੱਕ ਠੰਡਾ ਰਹਿੰਦਾ ਹੈ। ਹਰ ਵਿਅਕਤੀ ਅਤੇ ਪਾਲਤੂ ਜਾਨਵਰ ਲਈ ਘੱਟੋ-ਘੱਟ ਤਿੰਨ ਦਿਨਾਂ ਦਾ ਖਾਣਾ ਅਤੇ ਪਾਣੀ ਰੱਖਣ ਦੀ ਸਿਫ਼ਾਰਸ਼ ਕੀਤੀ ਗਈ ਹੈ।
ਘਰਾਂ ਵਿੱਚ ਪਾਈਪ ਜਮਣ ਕਾਰਨ ਟੁੱਟ ਸਕਦੇ ਹਨ, ਇਸ ਲਈ ਸਿੰਕ ਹੇਠਾਂ ਵਾਲੀਆਂ ਅਲਮਾਰੀਆਂ ਖੁੱਲ੍ਹੀਆਂ ਰੱਖੋ ਤਾਂ ਜੋ ਗਰਮ ਹਵਾ ਪਾਈਪਾਂ ਤੱਕ ਪਹੁੰਚ ਸਕੇ। ਬਹੁਤ ਜ਼ਿਆਦਾ ਠੰਡ ਹੋਣ ‘ਤੇ ਨਲਕਿਆਂ ਨੂੰ ਹੌਲੀ-ਹੌਲੀ ਟਪਕਦਾ ਛੱਡਣਾ ਵੀ ਫਾਇਦੇਮੰਦ ਹੁੰਦਾ ਹੈ। ਬਾਹਰ ਲੱਗੀਆਂ ਪਾਈਪਾਂ ਅਤੇ ਨਲਕਿਆਂ ਨੂੰ ਪਹਿਲਾਂ ਹੀ ਸੁਰੱਖਿਅਤ ਕਰ ਲੈਣਾ ਚਾਹੀਦਾ ਹੈ। ਜੇ ਬਿਜਲੀ ਚਲੀ ਜਾਵੇ ਤਾਂ ਗਰਮੀ ਲਈ ਗ੍ਰਿੱਲ, ਕੈਂਪ ਸਟੋਵ ਜਾਂ ਜਨਰੇਟਰ ਕਦੇ ਵੀ ਘਰ ਅੰਦਰ ਵਰਤਣੇ ਨਹੀਂ ਚਾਹੀਦੇ, ਕਿਉਂਕਿ ਇਸ ਨਾਲ ਕਾਰਬਨ ਮੋਨੋਆਕਸਾਈਡ ਬਣਦੀ ਹੈ ਜੋ ਜਾਨਲੇਵਾ ਹੋ ਸਕਦੀ ਹੈ। ਇਸ ਦੀ ਬਜਾਏ ਘਰ ਅੰਦਰ ਵੀ ਗਰਮ ਕੱਪੜਿਆਂ ਦੀਆਂ ਪਰਤਾਂ ਪਾਓ, ਟੋਪੀਆਂ ਅਤੇ ਮੋਜ਼ੇ ਪਹਿਨੋ, ਕੰਬਲਾਂ ਦੀ ਵਰਤੋਂ ਕਰੋ ਅਤੇ ਬਿਨਾਂ ਵਰਤੋਂ ਵਾਲੇ ਕਮਰੇ ਬੰਦ ਰੱਖੋ। ਆਈਸ ਸਟਾਰਮ ਦੌਰਾਨ ਮੋਬਾਈਲ ਸੇਵਾ ਵੀ ਪ੍ਰਭਾਵਿਤ ਹੋ ਸਕਦੀ ਹੈ, ਇਸ ਲਈ ਪਰਿਵਾਰਕ ਮੈਂਬਰਾਂ ਵਿਚਕਾਰ ਪਹਿਲਾਂ ਹੀ ਸੰਪਰਕ ਦੀ ਯੋਜਨਾ ਬਣਾਉਣਾ ਜ਼ਰੂਰੀ ਹੈ। ਵੱਡੀ ਉਮਰ ਦੇ ਲੋਕਾਂ, ਅਪਾਹਜ ਵਿਅਕਤੀਆਂ ਅਤੇ ਇਕੱਲੇ ਰਹਿਣ ਵਾਲਿਆਂ ਦੀ ਖ਼ਾਸ ਤੌਰ ‘ਤੇ ਖ਼ਬਰ ਲੈਣ ਦੀ ਅਪੀਲ ਕੀਤੀ ਗਈ ਹੈ।
ਤੂਫ਼ਾਨ ਤੋਂ ਪਹਿਲਾਂ ਕਾਰ ਦੀ ਤਿਆਰੀ ਕਰਨਾ ਬਹੁਤ ਜ਼ਰੂਰੀ ਹੈ। ਆਖ਼ਰੀ ਵੇਲੇ ਦੀ ਉਡੀਕ ਨਾ ਕਰੋ—ਪੈਟਰੋਲ ਦੀ ਟੈਂਕੀ ਭਰ ਕੇ ਰੱਖੋ ਅਤੇ ਯਕੀਨੀ ਬਣਾਓ ਕਿ ਗੱਡੀ ਵਿੱਚ ਸਰਦੀਆਂ ਵਾਲੇ ਟਾਇਰ ਅਤੇ ਠੀਕ ਟਾਇਰ ਪ੍ਰੈਸ਼ਰ ਹੋਵੇ। ਵਿੰਡਸ਼ੀਲਡ ਵਾਈਪਰ, ਡੀਫਰਾਸਟਰ ਅਤੇ ਹੀਟਰ ਠੀਕ ਤਰ੍ਹਾਂ ਕੰਮ ਕਰ ਰਹੇ ਹੋਣ। ਹਰ ਗੱਡੀ ਵਿੱਚ ਸਰਦੀਆਂ ਦੀ ਐਮਰਜੈਂਸੀ ਕਿੱਟ ਹੋਣੀ ਚਾਹੀਦੀ ਹੈ, ਜਿਸ ਵਿੱਚ ਗਰਮ ਕੱਪੜੇ, ਕੰਬਲ, ਟਾਰਚ, ਬੈਟਰੀਆਂ, ਪਾਣੀ, ਸੁੱਕਾ ਖਾਣਾ, ਪਾਵਰ ਬੈਂਕ ਅਤੇ ਫ਼ਸਟ-ਏਡ ਕਿੱਟ ਸ਼ਾਮਲ ਹੋਣ। ਇਸ ਤੋਂ ਇਲਾਵਾ ਬੂਸਟਰ ਕੇਬਲ, ਬਰਫ਼ ਖੁਰਚਣ ਵਾਲਾ ਸੰਦ, ਐਮਰਜੈਂਸੀ ਫਾਵੜਾ, ਰੇਤ ਜਾਂ ਨਮਕ ਅਤੇ ਟੋ ਰੋਪ ਵੀ ਨਾਲ ਰੱਖੋ। ਜੇ ਮੌਸਮ ਬਹੁਤ ਖਰਾਬ ਹੋਵੇ, ਤਾਂ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲੋ, ਕਿਉਂਕਿ ਸਨੋ ਦੌਰਾਨ ਦਿੱਖ ਘੱਟ ਹੋ ਜਾਂਦੀ ਹੈ ਅਤੇ ਸੜਕਾਂ ਬਹੁਤ ਫਿਸਲਣ ਵਾਲੀਆਂ ਹੋ ਸਕਦੀਆਂ ਹਨ। ਸਿਹਤ ਅਧਿਕਾਰੀਆਂ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਮੌਸਮ ਦੀ ਜਾਣਕਾਰੀ ਲੈ ਕੇ ਹੀ ਘਰੋਂ ਨਿਕਲਣ, ਢੰਗ ਨਾਲ ਕੱਪੜੇ ਪਹਿਨਣ, ਗਰਮ ਅਤੇ ਸੁੱਕੇ ਰਹਿਣ, ਹਵਾ ਤੋਂ ਬਚਾਅ ਕਰਨ, ਅਤੇ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਦੀ ਖ਼ਬਰ ਲੈਣ। ਕਾਰਾਂ ਅਤੇ ਟਰੱਕਾਂ ਵਿੱਚ ਜ਼ਰੂਰੀ ਸਰਦੀਆਂ ਦੀ ਐਮਰਜੈਂਸੀ ਕਿੱਟ ਰੱਖਣ ਅਤੇ ਘਰਾਂ ਦਾ ਤਾਪਮਾਨ 18 ਤੋਂ 21 ਡਿਗਰੀ ਸੈਲਸੀਅਸ ਦਰਮਿਆਨ ਬਣਾਈ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਵਧਾਨੀ ਅਤੇ ਸਮੇਂ ‘ਤੇ ਤਿਆਰੀ ਨਾਲ ਹੀ ਇਸ ਤਰ੍ਹਾਂ ਦੀ ਕੜਾਕੇ ਦੀ ਠੰਡ ਦੇ ਖਤਰੇ ਘਟਾਏ ਜਾ ਸਕਦੇ ਹਨ।