Canada : ਚੁਸਤੀ ਕੰਮ ਨਾ ਆਈ, ਕਾਰ ਖੋਹਣ ਦਾ ਡਰਾਮਾ, 5 ਕਾਬੂ

ਇਨ੍ਹਾਂ ਵਲੋਂ ਚੁਸਤੀ ਨਾਲ਼ ਬੀਤੀ 9 ਸਤੰਬਰ ਨੂੰ ਪੁਲ਼ਸ ਨੂੰ ਦੱਸਿਆ ਗਿਆ ਅਖੇ ਦੋ ਬੰਦੂਕਧਾਰੀ ਕਾਰ ਖੋਹ ਕੇ ਲੈ ਗਏ ਜਦਕਿ ਜਾਂਚ ਦੌਰਾਨ ਪਤਾ ਲੱਗਾ ਕਿ ਏਦਾਂ ਕੁਝ ਨਹੀਂ

By :  Gill
Update: 2025-09-20 01:03 GMT

ਚੁਸਤੀ ਕੰਮ ਨਾ ਆਈ, ਕਾਰ ਖੋਹਣ ਦਾ ਡਰਾਮਾ, 5 ਕਾਬੂ

ਸਤਪਾਲ ਸਿੰਘ ਜੌਹਲ :

ਕੈਨੇਡਾ `ਚ ਕੋਈ ਚੱਜ ਦਾ ਕੰਮ ਸਾਡੇ ਲੋਕਾਂ ਲਈ ਨਹੀਂ ਰਹਿ ਗਿਆ! ਹੋਰ ਵੀ ਤਾਂ ਏਨੀ ਦੁਨੀਆਂ ਹੈ ਏਥੇ। ਅੱਜ ਇਕ ਦਿਨ ਵਿੱਚ ਮੈਨੀਟੋਬਾ ਤੇ ਉਂਟਾਰੀਓ ਵਿੱਚ 17 ਪੰਜਾਬੀਆਂ ਦੀਆਂ ਗ੍ਰਿਫਤਾਰੀਆਂ ਦੀ ਗੱਲ ਕਰਨੀ ਪੈ ਰਹੀ ਹੈ। ਓ.ਪੀ.ਪੀ. ਨੇ ਬਰੈਂਪਟਨ ਨੇੜੇ ਕੈਲੇਡਨ ਵਿੱਚ 17 ਸਾਲ ਦੇ ਮੁੰਡੇ ਨਾਲ਼ 21-22 ਸਾਲਾਂ ਦੇ ਗੁਰਕਰਨ ਸਿੰਘ, ਸਹਜਪ੍ਰੀਤ ਸੰਧੂ, ਅਪਕਰਨ ਸਿੰਘ ਤੇ ਲਕਸ਼ੇ ਸ਼ਰਮਾ ਫੜੇ ਹਨ ਜਿਨ੍ਹਾਂ ਖਿਲਾਫ ਹਥਿਆਰਬੰਦ ਲੁਟੇਰਿਆਂ ਵਲੋਂ ਕਾਰ ਖੋਹਣ ਦਾ ਡਰਾਮਾ ਰਚਣ ਦਾ ਕੇਸ ਦਰਜ ਹੋਇਆ ਹੈ।

ਇਨ੍ਹਾਂ ਵਲੋਂ ਚੁਸਤੀ ਨਾਲ਼ ਬੀਤੀ 9 ਸਤੰਬਰ ਨੂੰ ਪੁਲ਼ਸ ਨੂੰ ਦੱਸਿਆ ਗਿਆ ਅਖੇ ਦੋ ਬੰਦੂਕਧਾਰੀ ਕਾਰ ਖੋਹ ਕੇ ਲੈ ਗਏ ਜਦਕਿ ਜਾਂਚ ਦੌਰਾਨ ਪਤਾ ਲੱਗਾ ਕਿ ਏਦਾਂ ਕੁਝ ਨਹੀਂ ਹੋਇਆ ਸਗੋਂ ਫਰਾਡ ਦੀ ਮਣਸ਼ਾ ਨਾਲ਼ ਗੱਲ ਬਣਾਈ ਗਈ ਸੀ। ਅੱਜ ਅਜੇ ਕੁਝ ਘੰਟੇ ਪਹਿਲਾਂ ਵਿਨੀਪੈਗ `ਚ ਪੁਲ਼ਸ ਨੇ ਨਸ਼ੇ (ਚਿੱਟੇ) ਦੇ ਵਿਓਪਾਰ `ਚ ਸ਼ਾਮਿਲ ਦੋ ਗਰੋਹ ਬੇਨਕਾਬ ਕਰਨ ਦਾ ਦਾਅਵਾ ਕੀਤਾ ਜਿਨ੍ਹਾਂ ਦੇ ਆਗੂ ਜਗਵਿੰਦਰ ਸਿੰਘ ਬਰਾੜ (45) ਤੇ ਨੀਲਮ ਗਰੇਵਾਲ (53) ਦੱਸੇ। ਨੀਲਮ ਦੇ ਸਾਥੀ ਦੋਸ਼ੀ ਦਲਗੀਰ ਤੂਰ, ਰਣਜੋਧ ਸਿੰਘ, ਮਨਪ੍ਰੀਤ ਪੰਧੇਰ, ਸੰਦੀਪ ਸਿੰਘ, ਸੁਖਰਾਜ ਸਿੰਘ ਬਰਾੜ ਤੇ ਬਲਵਿੰਦਰ ਗਰੇਵਾਲ ਚਾਰਜ ਹੋਏ। ਜਗਵਿੰਦਰ ਨਾਲ਼ ਉਸ ਦੇ ਸਾਥੀ ਪਰਮਪ੍ਰੀਤ ਸਿੰਘ ਬਰਾੜ, ਸੁਖਦੀਪ ਸਿੰਘ ਧਾਲੀਵਾਲ, ਕੁਲਵਿੰਦਰ ਬਰਾੜ, ਕੁਲਜੀਤ ਸਿੰਘ ਸਿੱਧੂ ਤੇ ਜਸਪ੍ਰੀਤ ਸਿੰਘ ਪੁਲ਼ਸ਼ ਦੇ ਹੱਥ ਆਏ।

ਕੈਨੇਡਾ ਵਿੱਚ ਕਿਸੇ ਹੋਰ ਭਾਈਚਾਰੇ ਦੇ ਮੁਜ਼ਰਮਾਂ ਦੀ ਥੋਕ ਵਿੱਚ ਗ੍ਰਿਫ਼ਤਾਰੀਆਂ ਦੀ ਸਾਰਾ ਸਾਲ ਝੜੀ ਲੱਗੀ ਰਹਿੰਦੀ ਹੋਵੇ ਤਾਂ ਦੱਸਣਾ। ਕੁਝ ਹੋਰ ਕਿਹਾ ਤਾਂ ਸਿਰਾਂ ਦੇ ਘੁੱਪ ਹਨੇਰੇ ਜਰਨਗੇ ਨਹੀਂ। ਵੈਸੇ ਕੈਨੇਡਾ ਦੀ ਭੱਲ ਪਚਾਈਏ। ਅਜੇ ਨਰਮ ਕਾਨੂੰਨਾਂ ਵਾਲ਼ੇ ਇਸ ਸੋਹਣੇ ਦੇਸ਼ ਵਿੱਚ ਅਜਿਹਾ ਪਾਸਾ ਕਿਤੇ ਦੂਰ ਤੱਕ ਨਹੀਂ ਦਿਸ ਰਿਹਾ ਜਿੱਥੋਂ ਫਰਾਡਾਂ/ਚੋਰੀਆਂ/ਲੁੱਟਾਂ ਵਿੱਚ ਸਾਡੀ ਜੰਤਾ ਹੱਥ ਰੰਗਦੇ ਹੋਏ ਕਾਬੂ ਨਹੀਂ ਆ ਰਹੀ। ਹੱਥ ਪਏ ਦੀ ਗੱਲ ਹੈ ਬੱਸ! (ਸਤਪਾਲ ਸਿੰਘ ਜੌਹਲ)

Tags:    

Similar News