ਕੈਨੇਡਾ ਦੇ ਸਕੂਲਾਂ 'ਚ ਵੀ ਹੁਣ ਹੋ ਰਹੇ ਨੇ ਬੱਚਿਆਂ ਦੇ ਕਬੱਡੀ ਟੂਰਨਾਮੈਂਟ
ਪੀਲ ਡਿਸਟ੍ਰਿਕਟ ਸਕੂਲ ਬੋਰਡ ਨੇ ਪਹਿਲੀ ਵਾਰ ਕਰਾਇਆ ਕਬੱਡੀ ਟੂਰਨਾਮੈਂਟ,ਵੱਖ-ਵੱਖ ਸਕੂਲਾਂ ਦੇ ਕਬੱਡੀ ਖਿਡਾਰੀਆਂ ਦੀਆਂ ਕੁੱਲ ਛੇ ਟੀਮਾਂ ਨੇ ਲਿਆ ਹਿੱਸਾ
ਬਰੈਂਪਟਨ 'ਚ ਪਹਿਲੀ ਵਾਰ ਸਕੂਲੀ ਵਿਦਿਆਰਥੀਆਂ ਦੇ ਕਬੱਡੀ ਮੁਕਾਬਲੇ ਕਰਵਾਏ ਗਏ ਜਿਸ ਨੂੰ ਪੀਲ ਰੀਜ਼ਨਲ ਕਬੱਡੀ ਮੇਲਾ ਦਾ ਨਾਂ ਦਿੱਤਾ ਗਿਆ। ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਕਬੱਡੀ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਹੈ। ਦੱਸਦਈਏ ਕਿ ਪਹਿਲੀ ਵਾਰੀ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਕਬੱਡੀ ਇਸ ਪੱਧਰ 'ਤੇ ਲਾਂਚ ਕੀਤੀ ਗਈ। 5 ਜੂਨ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਕਬੱਡੀ ਦੇ ਮੁਕਾਬਲੇ ਚੱਲੇ। ਇਹ ਕਬੱਡੀ ਟੂਰਨਾਮੈਂਟ 'ਚ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵੱਖ-ਵੱਖ ਸਕੂਲਾਂ ਦੇ ਕਬੱਡੀ ਖਿਡਾਰੀਆਂ ਦੀਆਂ ਕੁੱਲ ਛੇ ਟੀਮਾਂ ਨੇ ਹਿੱਸਾ ਲਿਆ। ਇਹ ਟੂਰਨਾਮੈਂਟ ਸੈਂਡਲਵੁੱਡ ਸਕੂਲ ਦੀ ਗਰਾਊਂਡ 'ਚ ਕਰਵਾਇਆ ਗਿਆ ਜਿੱਥੇ ਢੋਲ ਦੇ ਡਗੇ ਨਾਲ ਵੱਖ-ਵੱਖ ਸਕੂਲਾਂ ਦੀਆਂ ਕਬੱਡੀ ਟੀਮਾਂ ਦੇ ਖਿਡਾਰੀ ਅਤੇ ਕੋਚ ਪਹੁੰਚੇ। ਦੱਸਦਈਏ ਕਿ ਟੂਰਨਾਮੈਂਟ ਦੇਖਣ ਲਈ ਵੱਡੀ ਗਿਣਤੀ 'ਚ ਦੂਰ-ਦੁਰਾਡੇ ਤੋਂ ਲੋਕ ਪਹੁੰਚੇ।
ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਆਯੋਜਿਤ ਇਸ ਕਬੱਡੀ ਟੂਰਨਾਮੈਂਟ 'ਚ ਪਹਿਲਾਂ ਮੈਚ ਸੈਂਡਲਵੁੱਡ ਸਕੂਲ ਦੀ ਟੀਮ ਦਾ ਕੈੱਸਲਬਰੁੱਕ ਸਕੂਲ ਦੀਆਂ ਟੀਮਾਂ ਦਾ ਹੋਇਆ। ਲੁਇਸ ਆਰਬਰ ਸਕੂਲ ਦੀ ਟੀਮ ਦਾ ਮੁਕਾਬਲਾ ਡੇਵਿਡ ਸਕੂਜ਼ੀ ਟੀਮ ਨਾਲ ਹੋਇਆ। ਹੰਬਰਵਿਊ ਸਕੂਲ ਦੀ ਟੀਮ ਦਾ ਮੈਚ ਕੈੱਸਲਬਰੁੱਕ ਸਕੂਲ ਦੀ ਦੂਸਰੀ ਟੀਮ ਨਾਲ ਹੋਇਆ। ਬੱਚਿਆਂ ਅਤੇ ਪਰਿਵਾਰਾਂ ਦੀ ਕਬੱਡੀ 'ਚ ਭਾਰੀ ਦਿਲਚਸਪੀ ਸਦਕਾ ਡੇਵਿਡ ਸਕੂਜ਼ੀ ਤੇ ਕੈੱਸਲਬਰੁੱਕ ਸਕੂਲ ਨੇ ਦੋ-ਦੋ ਟੀਮਾਂ ਬਣਾਈਆਂ ਸਨ। ਬਰੈਂਪਟਨ ਸੈਂਟੇਨੀਅਲ ਸਕੂਲ ਮੈਚ ਡੇਵਿਡ ਸਕੂਜ਼ੀ ਨਾਲ ਹੋਇਆ। ਦਿਨ ਭਰ ਮੈਚ ਚੱਲਦੇ ਰਹੇ ਅਤੇ ਜੇਤੂ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਖਿਡਾਰੀ ਬੱਚਿਆਂ ਦੇ ਮਾਪੇ ਵੀ ਪਹੁੰਚੇ ਹੋਏ ਸਨ, ਜਿੰਨ੍ਹਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਨਜ਼ਰ ਆਇਆ।
ਜਾਣਕਾਰੀ ਦਿੰਦਿਆਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਿਪਟੀ ਚੇਅਰ ਸਤਪਾਲ ਸਿੰਘ ਜੋਹਲ ਨੇ ਦੱਸਿਆ ਕਿ ਇਸ ਕਬੱਡੀ ਟੂਰਨਾਮੈਂਟ 'ਚ ਕੁੜੀਆਂ ਦੀਆਂ ਵੀ 2 ਟੀਮਾਂ ਸਨ, ਜਿੰਨ੍ਹਾਂ ਦਾ ਮੁਕਾਬਲਾ ਦਰਸ਼ਕਾਂ ਨੇ ਬਹੁਤ ਹੀ ਦਿਲਚਸਪੀ ਨਾਲ ਦੇਖਿਆ। ਸਾਰੀਆਂ ਟੀਮਾਂ ਵਿਚਕਾਰ ਬਹੁਤ ਹੀ ਫਸਵਾਂ ਮੁਕਾਬਲਾ ਸੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਆਯੋਜਿਤ ਕਬੱਡੀ ਟੂਰਨਾਮੈਂਟ 'ਚ ਡੇਵਿਡ ਸਕੂਜ਼ੀ ਸੈਕੰਡਰੀ ਸਕੂਲ ਦੇ ਖਿਡਾਰੀਆਂ ਦੀ ਟੀਮ ਨੇ ਜਿੱਤ ਹਾਸਲ ਕਰਕੇ ਟੂਰਨਾਮੈਂਟ ਦੀ ਟਰਾਫੀ ਆਪਣੇ ਨਾਂਅ ਕੀਤੀ। ਦੂਸਰੇ ਸਥਾਨ 'ਤੇ ਕੈੱਸਲਬਰੁੱਕ ਸੈਕੰਡਰੀ ਸਕੂਲ ਦੇ ਖਿਡਾਰੀਆਂ ਦੀ ਟੀਮ ਰਹੀ। ਇਸ ਟੂਰਨਾਮੈਂਟ ਨੂੰ ਖਿਡਾਰੀਆਂ ਦੇ ਮਾਪਿਆਂ ਅਤੇ ਹੋਰ ਕਮਿਊਨਿਟੀ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਲੋਕਾਂ ਨੇ ਕਿਹਾ ਕਿ ਇਹ ਟੂਰਨਾਮੈਂਟ ਹਰ ਸਾਲ ਕਰਵਾਇਆ ਜਾਣਾ ਚਾਹੀਦਾ ਹੈ। 2025 ਦਾ ਇਹ ਟੂਰਨਾਮੈਂਟ ਵਧੀਆ ਢੰਗ ਨਾਲ ਹੋ ਨਿਬੜਿਆ ਹੈ।