Punjab ਦੇ ਵੱਖ-ਵੱਖ ਜ਼ਿਲਿਆਂ ’ਚ ਨਸ਼ਾ ਤਸਕਰਾਂ ਵਿਰੁੱਧ ਚਲਾਇਆ ਗਿਆ CASO operation
ਡੀਜੀਪੀ ਪੰਜਾਬ ਗੌਰਵ ਯਾਦਵ ਦੇ ਸਪੱਸ਼ਟ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਪੰਜਾਬ ਭਰ ਵਿੱਚ ਕਾਸੋ (ਕੌਰਡਨ ਐਂਡ ਸਰਚ ਆਪਰੇਸ਼ਨ) ਚਲਾਏ ਗਏ।
ਅੰਮ੍ਰਿਤਸਰ: ਡੀਜੀਪੀ ਪੰਜਾਬ ਗੌਰਵ ਯਾਦਵ ਦੇ ਸਪੱਸ਼ਟ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਪੰਜਾਬ ਭਰ ਵਿੱਚ ਕਾਸੋ (ਕੌਰਡਨ ਐਂਡ ਸਰਚ ਆਪਰੇਸ਼ਨ) ਚਲਾਏ ਗਏ। ਇਸੀ ਲੜੀ ਤਹਿਤ ਅੰਮ੍ਰਿਤਸਰ ਪੁਲਿਸ ਵੱਲੋਂ ਵੀ ਸ਼ਹਿਰ ਦੀਆਂ 11 ਵੱਖ-ਵੱਖ ਥਾਵਾਂ ‘ਤੇ ਅਲੱਗ-ਅਲੱਗ ਟੀਮਾਂ ਤਾਇਨਾਤ ਕਰਕੇ ਵਿਸ਼ਾਲ ਪੱਧਰ ‘ਤੇ ਕਾਸੋ ਆਪਰੇਸ਼ਨ ਅਮਲ ‘ਚ ਲਿਆਂਦਾ ਗਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਤਹਿਤ ਪਿਛਲੇ ਇੱਕ ਸਾਲ ਦੌਰਾਨ ਲਗਭਗ 282 ਕਿਲੋ ਹੀਰੋਇਨ, 37 ਕਿਲੋ ਅਫੀਮ, 8 ਕਿਲੋ ਮੈਥਾਫੈਟਾਮੀਨ (ਆਈਸ), 9 ਕਿਲੋ ਗਾਂਜਾ/ਚਰਸ ਅਤੇ ਵੱਡੀ ਮਾਤਰਾ ‘ਚ ਸਿੰਥੈਟਿਕ ਡਰੱਗ ਬਰਾਮਦ ਕੀਤੀ ਗਈ ਹੈ।
ਇਸ ਦੌਰਾਨ 2897 ਨਸ਼ਾ ਤਸਕਰਾਂ ਅਤੇ ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨਸ਼ਾ ਛੱਡਣਾ ਚਾਹੁਣ ਵਾਲੇ ਨਸ਼ੇੜੀਆਂ ਨੂੰ ਸਜ਼ਾ ਦੇਣ ਦੀ ਥਾਂ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾ ਰਿਹਾ ਹੈ। ਹੁਣ ਤੱਕ 4235 ਵਿਅਕਤੀਆਂ ਨੂੰ ਡੀ-ਐਡੀਕਸ਼ਨ ਸੈਂਟਰਾਂ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ 3177 ਲੋਕਾਂ ਨੂੰ ਓਟ ਸੈਂਟਰਾਂ ‘ਚ ਰਜਿਸਟਰ ਕਰਵਾਇਆ ਗਿਆ। ਐਨਡੀਪੀਐਸ ਐਕਟ ਦੀ ਧਾਰਾ 64-ਏ ਤਹਿਤ ਵੀ ਵੱਡੀ ਗਿਣਤੀ ‘ਚ ਕੇਸ ਦਰਜ ਕੀਤੇ ਗਏ ਹਨ।
ਉਨ੍ਹਾਂ ਨੇ ਖਾਸ ਤੌਰ ‘ਤੇ ਗੁਰੂ ਕੀ ਵਡਾਲੀ ਖੇਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇਲਾਕਾ ਕਦੇ ਨਸ਼ਿਆਂ ਲਈ ਬਦਨਾਮ ਸੀ, ਪਰ ਅੱਜ ਪਬਲਿਕ ਦੇ ਸਹਿਯੋਗ ਨਾਲ ਇੱਥੇ ਨਸ਼ਾ ਤਸਕਰਾਂ ਦੀ ਕਮਰ ਟੁੱਟ ਚੁੱਕੀ ਹੈ। ਇਸ ਖੇਤਰ ‘ਚ 17 ਐਫਆਈਆਰ ਦਰਜ ਹੋਈਆਂ, 39 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ, 9.5 ਕਿਲੋ ਦੇ ਕਰੀਬ ਹੀਰੋਇਨ ਅਤੇ 69 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ।
ਇਸੇ ਤਰ੍ਹਾਂ ਹੀ ਸਰਚ ਅਪਰੇਸ਼ਨ ਦੇ ਦੌਰਾਨ ਏਡੀਜੀਪੀ ਸ਼ਿਵ ਕੁਮਾਰ ਵਰਮਾ ਨੇ ਕਿਹਾ ਕੇ ਇਹ ਵਿਸ਼ੇਸ਼ ਅਭਿਆਨ ਅੱਜ ਪੂਰੇ ਪੰਜਾਬ ਵਿੱਚ ਇੱਕ ਨਾਲ ਚਲਾਇਆ ਗਿਆ ਹੈ। ਹਸ਼ਿਆਰਪੁਰ ਜ਼ਿਲੇ ਦੇ 46 ਥਾਵਾਂ ਸਮੇਤ ਲਗਭਗ ਕਈ ਹੋਰ ਪ੍ਰਮੁੱਖ ਥਾਵਾਂ ਉੱਤੇ ਵੀ ਛਾਪੇਮਾਰੀ ਕੀਤੀ ਗਈ। ਏਡੀਜੀਪੀ ਸ਼ਿਵ ਕੁਮਾਰ ਵਰਮਾ ਨੇ ਕਿਹਾ ਕਿ ਹੁਣ ਤੱਕ 1100 ਤੋਂ ਵੱਧ ਐਫਆਈਆਰ ਦਰਜ ਕੀਤੀ ਗਈ ਹੈ 1500 ਦੇ ਕਰੀਬ ਨਸ਼ਾ ਤਸਕਰ ਵੀ ਫੜੇ ਹਨ। 13 ਕਰੋੜ ਦੀ ਜਾਇਦਾਦ ਸਮਗਲਰਾਂ ਦੀ ਫ੍ਰੀਜ਼ ਕੀਤੀ ਗਈ ਅਤੇ 11 ਦੇ ਨੇੜੇ ਘਰ ਡਿਮੋਲਿਸ਼ ਕੀਤੇ ਗਏ।