General Naravane ਦੀ ਕਿਤਾਬ ਲੀਕ ਹੋਣ ਦਾ ਮਾਮਲਾ: ਕੀ ਇਹ ਸਾਜਸ਼ ਸੀ ?, ਪੁੱਛੇ 15 ਸਵਾਲ
ਪੁਲਿਸ ਅਧਿਕਾਰੀਆਂ ਅਨੁਸਾਰ ਪੈਂਗੁਇਨ ਦੇ ਪ੍ਰਤੀਨਿਧ ਪੁੱਛਗਿੱਛ ਲਈ ਪੇਸ਼ ਹੋਏ ਅਤੇ ਕੁਝ ਸਵਾਲਾਂ ਦੇ ਜਵਾਬ ਦਿੱਤੇ ਹਨ, ਜਦਕਿ ਕੁਝ ਗੁੰਝਲਦਾਰ ਨੁਕਤਿਆਂ 'ਤੇ ਜਾਣਕਾਰੀ ਦੇਣ ਲਈ ਉਨ੍ਹਾਂ ਨੇ ਹੋਰ ਸਮਾਂ ਮੰਗਿਆ ਹੈ।
ਨਵੀਂ ਦਿੱਲੀ: 12 ਫਰਵਰੀ, 2026
ਸਾਬਕਾ ਫੌਜ ਮੁਖੀ ਜਨਰਲ ਐਮ.ਐਮ. ਨਰਵਣੇ ਦੀ ਅਣਪ੍ਰਕਾਸ਼ਿਤ ਕਿਤਾਬ 'ਫੋਰ ਸਟਾਰਸ ਆਫ ਡੈਸਟੀਨੀ' ਦੇ ਅੰਸ਼ ਲੀਕ ਹੋਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਿਸ ਇਸ ਪੂਰੀ ਘਟਨਾ ਨੂੰ ਇੱਕ ਡੂੰਘੀ ਅਪਰਾਧਿਕ ਸਾਜ਼ਿਸ਼ ਵਜੋਂ ਦੇਖ ਰਹੀ ਹੈ ਅਤੇ ਇਸੇ ਸਿਲਸਿਲੇ ਵਿੱਚ ਪ੍ਰਕਾਸ਼ਕ ਸੰਸਥਾ 'ਪੈਂਗੁਇਨ ਇੰਡੀਆ' ਦੇ ਪ੍ਰਤੀਨਿਧੀਆਂ ਤੋਂ ਵਿਸਥਾਰਪੂਰਵਕ ਪੁੱਛਗਿੱਛ ਕੀਤੀ ਗਈ ਹੈ।
ਜਾਂਚ ਏਜੰਸੀ ਨੇ ਪੈਂਗੁਇਨ ਇੰਡੀਆ ਨੂੰ ਇੱਕ ਨੋਟਿਸ ਜਾਰੀ ਕਰਕੇ 15 ਅਹਿਮ ਸਵਾਲਾਂ ਦੇ ਜਵਾਬ ਮੰਗੇ ਹਨ। ਪੁਲਿਸ ਮੁੱਖ ਤੌਰ 'ਤੇ ਇਹ ਜਾਣਨਾ ਚਾਹੁੰਦੀ ਹੈ ਕਿ ਕਿਤਾਬ ਦੇ ਖਰੜੇ (Manuscript) ਦੀ ਸੁਰੱਖਿਆ ਕਿਵੇਂ ਕੀਤੀ ਜਾ ਰਹੀ ਸੀ, ਇਸ ਤੱਕ ਕਿਹੜੇ ਲੋਕਾਂ ਦੀ ਡਿਜੀਟਲ ਜਾਂ ਭੌਤਿਕ ਪਹੁੰਚ ਸੀ ਅਤੇ ਸੰਪਾਦਨ ਤੋਂ ਲੈ ਕੇ ਛਪਾਈ ਤੱਕ ਦੀ ਪ੍ਰਕਿਰਿਆ ਵਿੱਚ ਕਿੱਥੇ ਲਾਪਰਵਾਹੀ ਹੋਈ। ਪੁਲਿਸ ਅਧਿਕਾਰੀਆਂ ਅਨੁਸਾਰ ਪੈਂਗੁਇਨ ਦੇ ਪ੍ਰਤੀਨਿਧ ਪੁੱਛਗਿੱਛ ਲਈ ਪੇਸ਼ ਹੋਏ ਅਤੇ ਕੁਝ ਸਵਾਲਾਂ ਦੇ ਜਵਾਬ ਦਿੱਤੇ ਹਨ, ਜਦਕਿ ਕੁਝ ਗੁੰਝਲਦਾਰ ਨੁਕਤਿਆਂ 'ਤੇ ਜਾਣਕਾਰੀ ਦੇਣ ਲਈ ਉਨ੍ਹਾਂ ਨੇ ਹੋਰ ਸਮਾਂ ਮੰਗਿਆ ਹੈ।
ਇਹ ਵਿਵਾਦ ਉਸ ਸਮੇਂ ਹੋਰ ਭਖ ਗਿਆ ਜਦੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਤਾਬ ਦੇ ਕੁਝ ਹਿੱਸਿਆਂ ਦਾ ਹਵਾਲਾ ਦੇ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ। ਇਸ ਦੇ ਉਲਟ, ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਕਿਤਾਬ ਅਜੇ ਤੱਕ ਪ੍ਰਕਾਸ਼ਿਤ ਹੀ ਨਹੀਂ ਹੋਈ ਅਤੇ ਨਾ ਹੀ ਇਸ ਦੀ ਕੋਈ ਕਾਪੀ ਜਨਤਕ ਕੀਤੀ ਗਈ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਜੇਕਰ ਕਿਤਾਬ ਬਾਜ਼ਾਰ ਵਿੱਚ ਆਈ ਹੀ ਨਹੀਂ, ਤਾਂ ਇਸ ਦੀ ਹੱਥ-ਲਿਖਤ (Draft) ਦੇ ਅੰਸ਼ ਬਾਹਰ ਕਿਵੇਂ ਆਏ।
ਸਪੈਸ਼ਲ ਸੈੱਲ ਦੀ ਟੀਮ ਹੁਣ 'ਡਿਜੀਟਲ ਟ੍ਰੇਲ' ਅਤੇ ਤਕਨੀਕੀ ਸਬੂਤਾਂ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਕਿਸੇ ਅੰਦਰੂਨੀ ਵਿਅਕਤੀ ਦੀ ਲਾਪਰਵਾਹੀ ਹੈ ਜਾਂ ਕੋਈ ਸੋਚੀ-ਸਮਝੀ ਸਾਜ਼ਿਸ਼। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਦਸਤਾਵੇਜ਼ਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।