ਕੈਨੇਡਾ 'ਚ ਕਤਲ ਹੋਏ ਹਰਜੀਤ ਢੱਡਾ ਦੀ ਯਾਦ 'ਚ ਕੈਂਡਲ ਮਾਰਚ, ਧੀ ਨੇ ਇਨਸਾਫ ਦੀ ਕੀਤੀ ਮੰਗ
ਡਿਕਸੀ ਗੁਰੂ ਘਰ ਹੋਈ ਮੀਟਿੰਗ ਅਤੇ ਕੈਂਡਲ ਮਾਰਚ ਵਿੱਚ ਸੈਂਕੜੇ ਲੋਕ ਹੋਏ ਸ਼ਾਮਲ, 24 ਮਈ ਨੂੰ ਹਰਜੀਤ ਢੱਡਾ ਦਾ ਕੀਤਾ ਜਾਵੇਗਾ ਸਸਕਾਰ ਅਤੇ ਅੰਤਿਮ ਅਰਦਾਸ
ਪਿਛਲੇ ਹਫ਼ਤੇ ਮਿਸੀਸਾਗਾ ਵਿੱਚ ਗੋਲੀ ਮਾਰ ਕੇ ਮਾਰੇ ਗਏ ਬਰੈਂਪਟਨ ਦੇ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਜਨਤਕ ਸੁਰੱਖਿਆ ਬਾਰੇ ਗੱਲ ਕਰਨ ਲਈ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਨੇ ਐਤਵਾਰ ਨੂੰ ਓਨਟਾਰੀਓ ਖਾਲਸਾ ਦਰਬਾਰ ਦੇ ਈਸਟ ਹਾਲ ਵਿੱਚ ਇੱਕ ਟਾਊਨ ਹਾਲ ਮੀਟਿੰਗ ਇਕੱਠੀ ਕੀਤੀ। 51 ਸਾਲਾ ਹਰਜੀਤ ਢੱਡਾ ਦੀ ਹੱਤਿਆ ਨੇ ਭਾਈਚਾਰੇ ਵਿੱਚ ਹਿੰਸਾ ਬਾਰੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਮੀਟਿੰਗ ਤੋਂ ਇਲਾਵਾ ਕੈਂਡਲ ਮਾਰਚ ਵੀ ਕੱਢਿਆ ਗਿਆ, ਜਿਸ ਦੀ ਸ਼ੁਰੂਆਤ ਡਿਕਸੀ ਗੁਰੂ ਘਰ ਦੀ ਪਾਰਕਿੰਗ ਤੋਂ ਹੋਈ ਅਤੇ ਜੀ ਐਂਡ ਜੀ ਟਰੱਕਿੰਗ ਕੰਪਨੀ ਦੇ ਬਾਹਰ ਜਾ ਕੇ ਜਿਸ ਥਾਂ 'ਤੇ ਹਰਜੀਤ ਢੱਡਾ ਨੂੰ ਗੋਲੀਆਂ ਮਾਰੀਆਂ ਗਈਆਂ ਸਨ, ਉਸੇ ਥਾਂ 'ਤੇ ਮੋਮਬੱਤੀਆਂ ਜਗਾਈਆਂ ਗਈਆਂ।
ਹਰਜੀਤ ਢੱਡਾ ਦੀ ਧੀ ਗੁਰਲਿਨ ਢੱਡਾ ਨੇ ਡਿਕਸੀ ਗੁਰਦੁਆਰੇ ਵਿੱਚ ਹੋਈ ਮੀਟਿੰਗ ਵਿੱਚ ਆਪਣੇ ਪਿਤਾ ਲਈ ਇਨਸਾਫ਼ ਦੀ ਮੰਗ ਕੀਤੀ। ਉਸਨੇ ਇਕੱਠ ਨੂੰ ਦੱਸਿਆ ਕਿ ਵਧਦੀ ਹਿੰਸਾ, ਜਿਸ ਵਿੱਚ ਬੰਦੂਕ ਹਿੰਸਾ ਵੀ ਸ਼ਾਮਲ ਹੈ ਅਤੇ ਵਧਦੀ ਅਪਰਾਧ ਦਰ ਭਾਈਚਾਰੇ ਨੂੰ ਪਰੇਸ਼ਾਨ ਕਰ ਰਹੀ ਹੈ। ਉਸਨੇ ਕਿਹਾ ਕਿ ਉਸ ਦੇ ਪਿਤਾ ਇੱਕ ਇਮਾਨਦਾਰ ਆਦਮੀ ਸਨ। ਉਨ੍ਹਾਂ ਨੇ ਹਰ ਰੋਜ਼ ਸਖ਼ਤ ਮਿਹਨਤ ਕੀਤੀ ਅਤੇ ਪਿਛਲੇ 27 ਸਾਲਾਂ ਤੋਂ ਕਾਨੂੰਨ ਦੀ ਪਾਲਣਾ ਕੀਤੀ। ਉਹ ਨਾ ਸਿਰਫ਼ ਇੱਕ ਪਿਆਰ ਕਰਨ ਵਾਲੇ ਪਿਤਾ ਸਨ, ਸਗੋਂ ਇਸ ਭਾਈਚਾਰੇ ਦੇ ਇੱਕ ਥੰਮ੍ਹ ਸਨ। ਗੁਰਲਿਨ ਨੇ ਕਿਹਾ ਕਿ ਕੈਨੇਡਾ ਨੂੰ ਸੁਰੱਖਿਅਤ ਰੱਖਣ ਲਈ ਭਾਈਚਾਰੇ ਨੂੰ ਬਿਹਤਰ ਕਾਨੂੰਨਾਂ ਅਤੇ ਬਿਹਤਰ ਸੁਰੱਖਿਆ ਦੀ ਮੰਗ ਕਰਨ ਦੀ ਲੋੜ ਹੈ। ਉਸ ਨੇ ਕਿਹਾ ਕਿ ਅੱਜ, ਇਹ ਸਾਡਾ ਪਰਿਵਾਰ ਹੈ। ਕੱਲ੍ਹ, ਇਹ ਤੁਹਾਡਾ ਵੀ ਹੋ ਸਕਦਾ ਹੈ। ਅਸੀਂ ਸਿਰਫ਼ ਇੱਕ ਗੁਆਚੀ ਜਾਨ ਦਾ ਸੋਗ ਨਹੀਂ ਮਨਾ ਰਹੇ। ਅਸੀਂ ਨਿਆਂ ਅਤੇ ਅਸਲ ਤਬਦੀਲੀ ਦੀ ਮੰਗ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ।
ਹਰਜੀਤ ਢੱਡਾ ਦੀ ਭਾਣਜੀ ਨੇ ਵੀ ਹਮਦਰਦ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਮਾਸੜ ਜੀ ਇੱਕ ਬਹੁਤ ਹੀ ਨੇਕ ਅਤੇ ਇਮਾਨਦਾਰ ਇਨਸਾਨ ਸਨ। ਗੱਲਬਾਤ ਕਰਦਿਆਂ ਉਹ ਬਹੁਤ ਹੀ ਭਾਵੁੱਕ ਨਜ਼ਰ ਆਈ। ਓਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਜੀ ਨੇ ਦੱਸਿਆ ਕਿ ਟਾਊਨ ਹਾਲ ਮੀਟਿੰਗ ਦਾ ਜਦੋਂ ਐਲਾਨ ਕੀਤਾ ਗਿਆ ਤਾਂ ਗੁਰਦੁਆਰਾ ਸਾਹਿਬ ਨੂੰ ਵੀ ਕਈ ਧਮਕੀਆਂ ਭਰੀਆਂ ਕਾਲਾਂ ਆ ਰਹੀਆਂ ਹਨ ਪਰ ਉਨ੍ਹਾਂ ਕਿਹਾ ਕਿ ਅਸੀਂ ਪਿੱਛੇ ਨਹੀਂ ਹਟਾਗੇ, ਅਸੀਂ ਭਾਈਚਾਰੇ ਦੇ ਨਾਲ ਖੜ੍ਹੇ ਹੋਏ ਹਾਂ। ਇਸ ਤੋਂ ਇਲਾਵਾ ਕੁਲਵਿੰਦਰ ਸ਼ੀਨਾ ਅਤੇ ਲਖਵਿੰਦਰ ਸਿੰਘ ਧਾਲੀਵਾਲ ਨੇ ਵੀ ਆਪੋ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਨੇਤਾਵਾਂ ਜਾਂ ਪੁਲਿਸ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਲੋੜ ਨਹੀਂ, ਸਾਨੂੰ ਖੁਦ ਹੀ ਅੱਗੇ ਵੱਧਣਾ ਪੈਣਾ ਹੈ ਅਤੇ ਚੰਗੇ ਲਾਅ ਲਿਆਉਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਮੀਟਿੰਗ ਵਿੱਚ ਪਹੁੰਚੇ ਅਵੀ ਧਾਲੀਵਾਲ ਅਤੇ ਹੋਰਾਂ ਨੇ ਕਿਹਾ ਕਿ ਕਾਨੂੰਨ ਵਿੱਚ ਬਦਲਾਅ ਲਿਆਉਣੇ ਬਹੁਤ ਜ਼ਰੂਰੀ ਹਨ।