ਕੈਨੇਡਾ: ਸਰੀ ਦੇ ਜੁਝਾਰ ਮਾਨ ਨੇ ਨੈਟਫਲਿਕਸ ਦਾ ਸ਼ੋ ਜਿੱਤ ਕੇ ਕਰਾਈ ਬੱਲੇ-ਬੱਲੇ

ਬੇਕਰੀ ਦੇ ਕੰਮ ਲਈ ਪਰਿਵਾਰ ਦੇ ਨਾਲ-ਨਾਲ ਭਾਈਚਾਰੇ ਨੇ ਵੀ ਦਿੱਤਾ ਪੂਰਾ ਸਾਥ;

Update: 2024-12-31 18:16 GMT

ਸਰੀ ਨਿਵਾਸੀ ਜੁਝਾਰ ਮਾਨ ਪਿਛਲੇ ਕੁੱਝ ਸਮੇਂ ਤੋਂ ਇਲਾਕੇ ਦੀ ਇੱਕ ਨਾਮੀ ਸ਼ਖਸੀਅਤ ਬਣ ਗਏ ਹਨ। ਉਨ੍ਹਾਂ ਦੀ ਪ੍ਰਸਿੱਧੀ 'ਚ ਚਾਰ ਚੰਨ ਲਗਾਉਣ ਦਾ ਕੰਮ ਉਨ੍ਹਾਂ ਦੀ ਨੈਟਫਲਿੱਕਸ ਦੇ ਬੇਕਿੰਗ ਸ਼ੋਅ ਦੀ ਜਿੱਤ ਨੇ ਕੀਤਾ ਹੈ। ਕੁੱਝ ਲੋਕਾਂ ਲਈ ਇਹ ਹੈਰਾਨੀਜਨਕ ਵੀ ਹੋ ਸਕਦਾ ਹੈ ਕਿ ਇੱਕ ਪੰਜਾਬੀ ਨੌਜਵਾਨ ਬੇਕਿੰਗ ਦੇ ਮੈਦਾਨ ਨਾਲ ਜੁੜਿਆ ਹੈ, ਪਰ ਦੱਸਦਈਏ ਕਿ ਜੁਝਾਰ ਮਾਨ ਦਾ ਕੰਮ ਹੀ ਨਹੀਂ ਬਲਕਿ ਉਨ੍ਹਾਂ ਦੇ ਬਣਾਏ ਕੇਕ ਅਤੇ ਹੋਰ ਸਵਾਦੀਸ਼ਟ ਚੀਜ਼ਾਂ ਦਾ ਸੁਆਦ ਵੀ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ। ਜੁਝਾਰ ਮਾਨ ਪਿਛਲੇ ਲਗਭਗ ਦੋ ਸਾਲਾਂ ਤੋਂ ਸਰੀ 'ਚ 'ਮਾਨ ਐਂਡ ਕੰਪਨੀ' ਦੇ ਨਾਂਅ ਤੋਂ ਇੱਕ ਬੇਕਰੀ ਸ਼ਾਪ ਚਲਾ ਰਿਹਾ ਹੈ। ਜੁਝਾਰ ਮਾਨ ਨੇ ਦੱਸਿਆ ਕਿ ਬੇਕਰੀ ਦਾ ਕੰਮ ਸ਼ੁਰੂ ਕਰਨ 'ਚ ਅਤੇ ਇਸ ਨੂੰ ਚੱਲਦਾ ਰੱਖਣ 'ਚ ਜਿੱਥੇ ਉਸ ਦੇ ਪਰਿਵਾਰ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ, ਉੱਥੇ ਹੀ ਭਾਈਚਾਰੇ ਵੱਲੋਂ ਉਸ ਦੇ ਇਸ ਕੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਜੁਝਾਰ ਮਾਨ ਨੇ ਕਿਹਾ ਕਿ ਕਮਿਊਨਿਟੀ ਵੱਲੋਂ ਮਿਲਦੇ ਪਿਆਰ ਅਤੇ ਸਾਥ ਲਈ ਉਹ ਬਹੁਤ ਧੰਨਵਾਦੀ ਹੈ।

ਜੁਝਾਰ ਮਾਨ ਨੂੰ ਬਚਪਨ ਤੋਂ ਬੇਕਿੰਗ ਦਾ ਸ਼ੌਂਕ ਸੀ ਅਤੇ ਉਹ ਬੇਕਿੰਗ ਦੇ ਕਈ ਟੀਵੀ ਸ਼ੋਅ ਵੀ ਦੇਖਦਾ ਹੁੰਦਾ ਸੀ। ਉਸ ਨੇ ਬਚਪਨ 'ਚ ਹੀ ਧਾਰਨ ਕਰ ਲਿਆ ਸੀ ਕਿ ਵੱਡੇ ਹੋ ਕੇ ਉਹ ਬੇਕਿੰਗ ਦੀ ਹੀ ਪੜ੍ਹਾਈ ਕਰੇਗਾ ਅਤੇ ਆਪਣਾ ਕੰਮ ਸ਼ੁਰੂ ਕਰੇਗਾ। ਜੁਝਾਰ ਮਾਨ ਨੇ ਜਿੱਥੇ ਆਪਣੇ ਸਵਾਦਿਸ਼ਟ ਕੇਕਾਂ ਨਾਲ ਇਲਾਕੇ 'ਚ ਪ੍ਰਸਿੱਧੀ ਖੱਟੀ, ਉੱਥੇ ਹੀ ਇੱਕ ਰੀਐਲਟੀ ਸ਼ੋਅ ਨੇ ਉਸ ਨੂੰ ਮਸ਼ਹੂਰ ਕਰ ਦਿੱਤਾ ਹੈ। ਦੱਸਦਈਏ ਕਿ ਜੁਝਾਰ ਮਾਨ ਨੇ ਮਾਰਚ ਮਹੀਨੇ 'ਚ ਨੈੱਟਫਲਿਕਸ ਦੇ ਨਾਮੀ ਸ਼ੌਅ "ਇਸ ਇਟ ਕੇਕ" ਦੇ ਸੀਜ਼ਨ 3 'ਚ ਹਿੱਸਾ ਲਿਆ ਸੀ। ਜੁਝਾਰ ਮਾਨ ਦਾ ਕਹਿਣਾ ਹੈ ਕਿ ਉਹ ਇਸ ਸ਼ੋਅ ਤੋਂ ਪਹਿਲਾਂ ਆਪਣੇ ਹੁਨਰ ਨੂੰ ਲੈ ਕੇ ਆਪਣੇ ਆਪ 'ਤੇ ਬਹੁਤਾ ਭਰੋਸਾ ਨਹੀਂ ਸੀ, ਜਿਸ ਕਾਰਨ ਉਹ ਉਸ ਸ਼ੋਅ 'ਚ ਰਨਰ ਅੱਪ ਰਿਹਾ ਸੀ, ਪਰ ਜਦੋਂ ਇਸ ਵਾਰੀ ਨੈੱਟਫਲਿਕਸ ਨੇ ਜੁਝਾਰ ਮਾਨ ਨੂੰ 'ਆਲ ਸਟਾਰ ਸੀਜ਼ਨ' ਵਾਸਤੇ ਸੰਪਰਕ ਕੀਤਾ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਸ ਨੇ ਇਸ ਵਾਰ ਦੇ ਸ਼ੋਅ 'ਚ ਨੌਰਥ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਈ ਵੱਡੇ ਸ਼ੈਫਸ ਨਾਲ ਮੁਕਾਬਲਾ ਕੀਤਾ ਅਤੇ ਜੁਝਾਰ ਮਾਨ ਇਸ ਮੁਕਾਬਲੇ ਦਾ ਜੇਤੂ ਰਿਹਾ। ਦੱਸਦਈਏ ਕਿ ਇਸ ਸ਼ੋਅ ਨੂੰ ਦੁਨੀਆਂ ਭਰ ਦੇ ਮਸ਼ਹੂਰ ਸਿਤਾਰੇ ਜੱਜ ਕਰ ਰਹੇ ਸਨ।

ਜੁਝਾਰ ਮਾਨ ਦੀ ਇਹ ਸਫਲ ਕਹਾਣੀ ਲੋਕਾਂ ਲਈ ਬਹੁਤ ਪ੍ਰੇਰਿਤ ਹੈ ਕਿਉਂਕਿ ਅਕਸਰ ਲੋਕਾਂ ਦੀ ਇਹ ਸੋਚ ਹੁੰਦੀ ਹੈ ਕਿ ਕੁਕਿੰਗ ਤੇ ਬੇਕਿੰਗ ਸਿਰਫ਼ ਔਰਤਾਂ ਦਾ ਹੀ ਕੰਮ ਹੈ, ਪਰ ਜੁਝਾਰ ਨੇ ਇਹ ਸ਼ੋਅ ਜਿੱਤ ਕੇ ਸਾਬਿਤ ਕਰ ਦਿੱਤਾ ਕਿ ਮੁੰਡੇ ਵੀ ਬੇਕਿੰਗ ਦੇ ਖੇਤਰ 'ਚ ਆ ਸਕਦੇ ਹਨ ਅਤੇ ਤਰੱਕੀਆਂ ਕਰ ਸਕਦੇ ਹਨ। ਇਹ ਕਹਾਣੀ ਉਨ੍ਹਾਂ ਲੋਕਾਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ ਜੋ ਸੁਸਾਇਟੀ ਦੇ ਡਰ ਤੋਂ ਆਪਣੇ ਕੁਕਿੰਗ ਤੇ ਬੇਕਿੰਗ ਦੇ ਹੁਨਰ ਨੂੰ ਦਰਸਾ ਨਹੀਂ ਪਾਉੇਂਦੇ। ਜੁਝਾਰ ਮਾਨ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਇੱਕ ਦਿਨ 'ਚ ਤਰੱਕੀ ਨਹੀਂ ਮਿਲਦੀ, ਥੋੜ੍ਹਾਂ ਸਮਾਂ ਲੱਗਦਾ ਹੈ ਪਰ ਇੱਕ ਦਿਨ ਵਿਅਕਤੀ ਕਾਮਯਾਬ ਜ਼ਰੂਰ ਹੁੰਦਾ ਹੈ। ਫਿਲਹਾਲ ਜੁਝਾਰ ਮਾਨ ਦੀ ਇਸ ਉਪਲਬਧੀ ਨੂੰ ਲੈ ਕੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਸਮੂਹ ਭਾਈਚਾਰੇ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

Tags:    

Similar News