ਕੈਨੇਡਾ: ਬਰੈਂਪਟਨ 'ਚ ਹੋਈ ਹਾਫ਼ ਮੈਰਾਥੋਨ 'ਚ ਪੰਜਾਬੀਆਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ

1000 ਤੋਂ ਵੀ ਵੱਧ ਲੋਕਾਂ ਨੇ ਮੈਰਾਥੋਨ ਵਿੱਚ ਭਾਗ ਲਿਆ

Update: 2025-05-29 18:53 GMT

ਬਰੈਂਪਟਨ (ਗੁਰਜੀਤ ਕੌਰ)- ਬਰੈਂਪਟਨ ਦੇ ਚਿੰਗੁਆਕੌਸੀ ਪਾਰਕ ਵਿੱਚ 25 ਮਈ ਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਹਾਫ਼ ਮੈਰਾਥੋਨ ਕਰਵਾਈ ਗਈ। ਵੱਖ-ਵੱਖ ਦੌੜਾਂ ਕਰਵਾਈਆਂ ਗਈਆਂ ਜਿਸ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗਾਂ ਨੇ ਵੀ ਦੌੜ ਵਿੱਚ ਹਿੱਸਾ ਲਿਆ। ਮੈਰਾਥੋਨ ਵਿੱਚ 5,000 ਮੀਟਰ ਅਤੇ 10,000 ਮੀਟਰ ਦੀ ਦੌੜ ਸ਼ਾਮਲ ਸੀ। ਇਸ ਸਲਾਨਾ ਇਵੈਂਟ ਦਾ ਮਕਸਦ ਨਸ਼ਿਆਂ ਰਹਿਤ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ। ਬੱਚੇ ਅਤੇ ਨੌਜਵਾਨ ਪੀੜੀ ਆਪਣੇ ਸੋਸ਼ਲ ਮੀਡੀਆ ਦੀ ਦੁਨੀਆਂ ਤੋਂ ਬਾਹਰ ਆ ਸਕਣ, ਇਸ ਲਈ ਇਹ ਉਪਰਾਲਾ ਉਲੀਕਿਆ ਗਿਆ ਸੀ।

ਇਸ ਸਮਾਗਮ 'ਚ ਕਈ ਨਾਮੀ ਲੋਕ ਅਤੇ ਭਲਾਈ ਸੰਸਥਾਵਾਂ ਨੇ ਹਿੱਸਾ ਲਿਆ ਅਤੇ ਆਪਣੇ ਸਮਾਜ ਸੇਵਾ ਅਤੇ ਜਾਗਰੁਕਤਾ ਦੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਦੱਸਦਈਏ ਕਿ 6 ਚੈਰੀਟੇਬਲ ਸੰਸਥਾਵਾਂ- ਪਿੰਗਲਵਾੜਾ ਸੁਸਾਇਟੀ, ਸਹਾਇਤਾ ਸੰਸਥਾ, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ , ਤਰਕਸ਼ੀਲ ਸੁਸਾਇਟੀ, ਡਰੱਗ ਅਵੇਅਰਨੈਸ ਸੁਸਾਇਟੀ ਅਤੇ ਇੰਨਲਾਈਟ ਕਿਡਸ ਪ੍ਰਮੁੱਖ ਤੌਰ 'ਤੇ ਸ਼ਾਮਲ ਹੋਈਆਂ। ਬਰੈਂਪਟਨ ਵਿੱਚ ਹੋਏ ਇਸ ਇਵੈਂਟ ਦੀ ਕੋਈ ਐਂਟਰੀ ਫੀਸ ਨਹੀਂ ਸੀ। ਮੈਰਾਥੋਨ ਵਿੱਚ ਭਾਗ ਲੈਣ ਵਾਲੇ ਲੋਕਾਂ ਲਈ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ।

ਮੈਰਾਥੋਨ ਵਿੱਚ 1000 ਤੋਂ ਵੱਧ ਰਨਰਸ ਸ਼ਾਮਲ ਹੋਏ ਜਿੰਨ੍ਹਾਂ ਵੱਲੋਂ ਦੌੜ ਲਗਾਈ ਗਈ। ਇਸ ਮੌਕੇ ਕਈ ਰਾਜਨੀਤਿਕ ਅਤੇ ਸਮਾਜਿਕ ਹਸਤੀਆਂ ਨੇ ਸ਼ਿਰਕਤ ਕੀਤੀ। ਕਮਿਊਨਿਟੀ ਲੀਡਰਸ਼ਿਪ ਨੇ ਇਸ ਮੌਕੇ 'ਤੇ ਪਹੁੰਚ ਕੇ ਪ੍ਰਬੰਧਕਾਂ ਦੀ ਖੂਬ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਇਵੈਂਟਾਂ ਦਾ ਜ਼ਰੂਰ ਪ੍ਰਬੰਧ ਕਰਨਾ ਚਾਹੀਦਾ ਹੈ। ਮੈਰਾਥੋਨ ਵਿੱਚ ਜੇਤੂਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਪ੍ਰਬੰਧਕਾਂ ਨੇ ਇਸ ਇਵੈਂਟ ਦੀ ਸਫਲਤਾ ਲਈ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਹਾਫ ਮੈਰਾਥੋਨ ਕਰਾਉਣ ਦੀ ਥਾਂ ਫੂਲ ਮੈਰਾਥੋਨ ਕਰਾਈ ਜਾਵੇਗੀ।

Tags:    

Similar News