ਕੈਨੇਡਾ: ਲਵਜੋਤ ਸਿੰਘ ਭੁੱਲਰ ਤੇ ਜੱਸੀ ਦੇ ਵਿਆਹ 'ਤੇ ਦੇਸ਼-ਵਿਦੇਸ਼ ਤੋਂ ਪਹੁੰਚੇ ਕਈ ਮਹਿਮਾਨ, ਭਾਰਤ ਸਮੇਤ ਕੈਨੇਡਾ ਦੇ ਵੀ ਕਈ ਸਿਆਸੀ ਆਗੂਆਂ ਨੇ ਭੇਜੇ ਵਧਾਈ ਦੇ ਸੰਦੇਸ਼
ਕੈਨੇਡਾ ਦੇ ਕਈ ਮੰਤਰੀ ਤੇ ਐੱਮਪੀ ਵਿਆਹ'ਚ ਹੋਏ ਸ਼ਾਮਲ, ਪਤਨੀ ਸਮੇਤ ਪਹੁੰਚੇ ਅਮਰੀਕਾ ਦੇ ਉੱਘੇ ਕਾਰੋਬਾਰੀ ਸਰਦਾਰ ਦਰਸ਼ਨ ਸਿੰਘ ਧਾਲੀਵਾਲ
ਲੰਘੇ ਹਫਤੇ ਹਮਦਰਦ ਮੀਡੀਆ ਗਰੁੱਪ ਦੇ ਸੀਈਓ ਸਰਦਾਰ ਅਮਰ ਸਿੰਘ ਭੁੱਲਰ ਅਤੇ ਸਰਦਾਰਨੀ ਕਰਮਜੀਤ ਕੌਰ ਭੁੱਲਰ ਦੇ ਬੇਟੇ ਲਵਜੋਤ ਸਿੰਘ ਭੁੱਲਰ ਦਾ ਸ਼ੁੱਭ ਵਿਆਹ ਬਰੈਂਪਟਨ, ਕੈਨੇਡਾ ਵਿੱਚ ਬਹੁਤ ਹੀ ਖਾਸ ਅਤੇ ਧੂਮ-ਧਾਮ ਨਾਲ ਹੋਇਆ। ਇਸ ਵਿਆਹ ਦੇ ਪ੍ਰੋਗਰਾਮ ਵਿੱਚ ਕੈਨੇਡਾ ਅਤੇ ਅੰਤਰਰਾਸ਼ਟਰੀ ਸਤਰ 'ਤੇ ਵੱਸਦੇ ਪੰਜਾਬੀਆਂ ਦੇ ਨਾਲ-ਨਾਲ, ਕਈ ਮਹਿਮਾਨ ਵੀ ਸ਼ਾਮਲ ਹੋਏ। ਇਹ ਵਿਆਹ ਸਿਰਫ਼ ਇੱਕ-ਦੋ ਪਰਿਵਾਰਾਂ ਦੀ ਖੁਸ਼ੀ ਦਾ ਸਮਾਰੋਹ ਨਹੀਂ ਸੀ, ਸਗੋਂ ਪੰਜਾਬੀ ਰੀਤੀ-ਰਿਵਾਜ ਦਾ ਪੂਰਾ ਪ੍ਰਤੀਕ ਸੀ। ਇਹ ਵਿਆਹ ਸਮਾਗਮ ਪੂਰੇ ਇੱਕ ਹਫ਼ਤੇ (21 ਜੁਲਾਈ ਤੋਂ 26 ਜੁਲਾਈ 2025) ਤੱਕ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਮਨਾਇਆ ਗਿਆ। ਵਿਆਹ ਦੇ ਸਮਾਗਮਾਂ ਦੀ ਸ਼ੁੱਭ ਸ਼ੁਰੂਆਤ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ, ਜੋ ਕਿ ਓਨਟਾਰੀਓ ਖਾਲਸਾ ਦਰਬਾਰ ਵਿਖੇ ਕਰਵਾਇਆ ਗਿਆ। 21 ਜੁਲਾਈ ਨੂੰ ਭੁੱਲਰ ਪਰਿਵਾਰ ਨੇ ਆਪਣੀ ਰਿਹਾਇਸ਼ 'ਤੇ ਮਾਈਆ ਦਾ ਪ੍ਰੋਗਰਾਮ ਰੱਖਿਆ। ਇਸ ਰਸਮ ਨੂੰ ਪੂਰੀ ਰੀਤ ਅਤੇ ਰਿਵਾਜ ਨਾਲ ਮਨਾਇਆ ਗਿਆ। ਮਾਈਆ ਲਗਾਉਣ ਦੇ ਨਾਲ ਹੀ ਇੱਕ ਖੂਬਸੂਰਤ ਹਫਤੇ ਦਾ ਆਰੰਭ ਹੋਇਆ। 22 ਜੁਲਾਈ ਨੂੰ ਸ਼ੁੱਭ ਵਿਆਹ ਦੇ ਸਮਾਗਮਾਂ ਦੀਆਂ ਰੀਤਾਂ ਵਿੱਚ ਇਕ ਹੋਰ ਮਹੱਤਵਪੂਰਨ ਅਤੇ ਰੰਗੀਨ ਰਸਮ ਦੇ ਤੌਰ 'ਤੇ ਮਹਿੰਦੀ ਅਤੇ ਲੇਡਿਜ਼ ਸੰਗੀਤ ਦਾ ਪ੍ਰੋਗਰਾਮ ਮਨਾਇਆ ਗਿਆ। ਔਰਤਾਂ ਨੇ ਗੀਤਾਂ ਦੀਆਂ ਲੜੀਆਂ ਅਤੇ ਨੱਚ ਦੀਆਂ ਧੁਣੀਆਂ 'ਤੇ ਖੂਬ ਖੁਸ਼ੀਆਂ ਦਾ ਅਦਾਨ-ਪ੍ਰਦਾਨ ਕੀਤਾ। ਮਹਿੰਦੀ ਅਤੇ ਲੇਡਿਜ਼ ਸੰਗੀਤ ਦਾ ਇਹ ਸਮਾਗਮ ਖੂਬ ਰੌਣਕਾਂ ਨਾਲ ਭਰਪੂਰ ਸੀ। ਪ੍ਰਬੰਧਾਂ ਨੂੰ ਲੈ ਕੇ ਭੁੱਲਰ ਪਰਿਵਾਰ ਦੀਆਂ ਕਾਫੀ ਤਾਰੀਫਾਂ ਵੀ ਹੋਈਆਂ।
23 ਜੁਲਾਈ ਨੂੰ ਜਦੋਂ ਜਾਗੋ ਅਤੇ ਮਾਈਆ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ, ਤਾਂ ਇਹ ਸਮਾਗਮ ਸਿਰਫ ਸ਼ੁੱਭ ਵਿਆਹ ਦੀਆਂ ਰੀਤਾਂ ਨੂੰ ਅਦਾ ਕਰਨ ਦਾ ਹੀ ਜਰੀਆ ਨਹੀਂ ਸੀ, ਸਗੋਂ ਇਹ ਪੰਜਾਬੀ ਸੱਭਿਆਚਾਰ ਦੇ ਖਾਸ ਅੰਗ ਦਾ ਪ੍ਰਤੀਕ ਵੀ ਬਣ ਗਿਆ। ਜਾਗੋ ਕੱਢਦੇ ਸਮੇਂ, ਸਾਰੇ ਪਰਿਵਾਰਕ ਮੈਂਬਰਾਂ ਨੇ ਆਪਣੇ-ਆਪਣੇ ਗੈਟ-ਅਪ (ਪੀਲੇ ਰੰਗ ਦੇ ਕੱਪੜਿਆਂ) 'ਚ ਨੱਚਦੇ ਹੋਏ ਬਹੁਤ ਅਨੰਦ ਲਿਆ। ਢੋਲੀ ਵੱਲੋਂ ਖੂਬ ਬੋਲੀਆਂ ਪਾਈਆਂ ਗਈਆਂ ਅਤੇ ਢੋਲ ਦੀ ਧਮਾਲ 'ਤੇ ਦੋਸਤ-ਮਿੱਤਰ ਅਤੇ ਰਿਸ਼ਤੇਦਾਰ ਨੱਚਦੇ ਗਏ। ਸਰਦਾਰ ਅਮਰ ਸਿੰਘ ਭੁੱਲਰ ਅਤੇ ਸਰਦਾਰਨੀ ਕਰਮਜੀਤ ਕੌਰ ਭੁੱਲਰ ਨੇ ਵੀ ਨੱਚ-ਟੱਪ ਕੇ ਆਪਣੇ ਇਕਲੌਤੇ ਪੁੱਤ ਦੇ ਵਿਆਹ ਦੀ ਖੁਸ਼ੀ ਮਨਾਈ। ਭੁੱਲਰ ਪਰਿਵਾਰ ਨੇ ਆਪਣੀ ਰਿਹਾਇਸ਼ ਦੇ ਆਸ-ਪਾਸ ਦੀਆਂ ਗਲੀਆਂ 'ਚ ਜਾਗੋ ਕੱਢੀ ਅਤੇ ਇਸ ਦੌਰਾਨ ਗੁਆਂਢੀਆਂ ਦੇ ਘਰ ਜਾ ਕੇ ਬੋਲੀਆਂ ਪਾ ਕੇ ਇਕ‑ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਵਿਆਹ ਤੋਂ ਇੱਕ ਦਿਨ ਪਹਿਲਾਂ, ਭੁੱਲਰ ਪਰਿਵਾਰ ਦੇ ਘਰ ਨਾਨਕਾ ਮੇਲ ਆਇਆ, ਜਿਸ ਵਿੱਚ ਲਵਜੋਤ ਸਿੰਘ ਭੁੱਲਰ ਦੇ ਨਾਨਕਿਆਂ ਦਾ ਗੇਟ 'ਤੇ ਖੜ੍ਹੇ ਦਾਦਕਿਆਂ ਵੱਲੋਂ ਬਹੁਤ ਹੀ ਸ਼ਾਨਦਾਰ ਸੁਆਗਤ ਕੀਤਾ ਗਿਆ। ਇੱਥੇ ਇੱਕ ਗੱਲ ਤਾਂ ਜ਼ਰੂਰ ਸਾਬਿਤ ਹੋਈ ਕਿ ਕਈ ਸਾਲ ਪਹਿਲਾਂ ਕੈਨੇਡਾ ਆ ਕੇ ਵੱਸੇ ਪੰਜਾਬੀ ਆਪਣੇ ਰੀਤੀ ਰਿਵਾਜ਼ਾ ਨੂੰ ਬਿਲਕੁੱਲ ਵੀ ਭੁੱਲੇ ਨਹੀਂ ਹਨ, ਸਗੋਂ ਉਸੇ ਤਰ੍ਹਾਂ ਹੀ ਕਾਇਮ ਰੱਖਿਆ ਹੋਇਆ ਹੈ। ਅਜੌਕੇ ਸਮੇਂ ਤਾਂ ਪੰਜਾਬ 'ਚ ਵੀ ਇੰਨੇ ਚੰਗੇ ਤਰੀਕੇ ਨਾਲ ਵਿਆਹਾਂ ਦੇ ਰੀਤੀ ਰਿਵਾਜ਼ ਨਹੀਂ ਕੀਤੇ ਜਾਂਦੇ ਜਿੰਨੇ ਕਿ ਭੁੱਲਰ ਪਰਿਵਾਰ ਵੱਲੋਂ ਕੈਨੇਡਾ 'ਚ ਰਹਿੰਦੇ ਹੋਏ ਕੀਤੇ ਗਏ ਹਨ। ਭੁੱਲਰ ਪਰਿਵਾਰ ਨੇ ਪੰਜਾਬੀ ਸੱਭਿਆਚਾਰ ਦੀ ਮਰਿਯਾਦਾ ਨੂੰ ਕੈਨੇਡਾ 'ਚ ਵੀ ਕਾਇਮ ਰੱਖਦੇ ਹੋਏ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਜਿਸ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।
ਸਵਰਗਵਾਸੀ ਸਰਵਣ ਸਿੰਘ ਭੁੱਲਰ ਅਤੇ ਸਵਰਗਵਾਸੀ ਅੰਗ੍ਰੇਜ਼ ਕੌਰ ਭੁੱਲਰ ਦੇ ਪੋਤਰੇ ਅਤੇ ਸਰਦਾਰ ਗੁਲਜ਼ਾਰ ਸਿੰਘ ਬਾਜਵਾ ਤੇ ਸਰਦਾਰਨੀ ਗੁਰਮੀਤ ਕੌਰ ਬਾਜਵਾ ਦੇ ਦੋਹਤੇ ਲਵਜੋਤ ਸਿੰਘ ਭੁੱਲਰ ਦਾ ਸ਼ੁੱਭ ਵਿਆਹ ਸਰਦਾਰ ਹਰਜਿੰਦਰ ਸਿੰਘ ਧਾਲੀਵਾਲ ਅਤੇ ਸਰਦਾਰਨੀ ਧਰਮਵੀਰ ਕੌਰ ਧਾਲੀਵਾਲ ਦੀ ਧੀ ਜਸਪ੍ਰੀਤ ਕੌਰ ਧਾਲੀਵਾਲ ਨਾਲ ਹੋਇਆ। ਇਸ ਵਿਆਹ ਸਮਾਗਮ 'ਚ ਹਜ਼ਾਰਾਂ ਲੋਕ ਸ਼ਾਮਲ ਹੋਏ। ਕੈਨੇਡਾ, ਅਮਰੀਕਾ, ਇੰਗਲੈਂਡ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਅਨੇਕਾਂ ਹੀ ਮਹਿਮਾਨ ਪਹੁੰਚੇ। 25 ਜੁਲਾਈ ਦਿਨ ਸ਼ੁੱਕਰਵਾਰ ਨੂੰ ਕੈਲੇਡਨ ਦੇ ਐੱਮਜੀਐੱਮ ਈਵੈਂਟ ਸੈਂਟਰ 'ਚ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆਨੰਦ ਕਾਰਜ ਦੀ ਰਸਮ ਹੋਈ। ਉੱਘੇ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਆਨੰਦ ਕਾਰਜ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ 'ਤੇ ਬਹੁਤ ਹੀ ਸੋਹਣੀ ਸਜਾਵਟ ਕੀਤੀ ਗਈ ਸੀ ਜਿਸ ਦੀ ਹਰ ਇੱਕ ਮਹਿਮਾਨ ਵੱਲੋਂ ਪ੍ਰਸ਼ੰਸਾ ਕੀਤੀ ਗਈ। ਆਨੰਦ ਕਾਰਜ ਤੋਂ ਬਾਅਦ ਜਾਣੇ-ਪਛਾਣੇ ਸਪੀਕਰ ਸਰਦਾਰ ਸਤਿੰਦਰਪਾਲ ਸਿੰਘ ਸਿੱਧਵਾ ਨੇ ਦੋਵੇਂ ਪਰਿਵਾਰਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਜਸਪ੍ਰੀਤ ਧਾਲੀਵਾਲ ਇੱਕ ਬਹੁਤ ਹੀ ਚੰਗੇ ਤੇ ਸਦਭਾਵਨਾ ਵਾਲੇ ਪਰਿਵਾਰ ਵਿਚ ਵਿਆਹੀ ਗਈ ਹੈ, ਜਿੱਥੇ ਉਸਨੂੰ ਕਿਸੇ ਵੀ ਤਰ੍ਹਾਂ ਦਾ ਦੁੱਖ ਨਹੀਂ ਮਿਲੇਗਾ, ਸਗੋਂ ਉਸਨੂੰ ਧੀ ਵਾਂਗ ਪਿਆਰ ਮਿਲੇਗਾ। ਇਸ ਮੌਕੇ 'ਤੇ ਜਸਪ੍ਰੀਤ ਕੌਰ ਧਾਲੀਵਾਲ ਅਤੇ ਉਨ੍ਹਾਂ ਦੇ ਮਾਤਾ-ਪਿਤਾ ਬਹੁਤ ਹੀ ਭਾਵੁੱਕ ਨਜ਼ਰ ਆਏ। ਵਿਆਹ ਤੋਂ ਅਗਲੇ ਦਿਨ ਹੀ 26 ਜੁਲਾਈ ਨੂੰ ਰਿਸੈਪਸ਼ਨ ਪਾਰਟੀ 'ਚ ਵੀ ਖੂਬ ਰੌਣਕਾਂ ਲੱਗੀਆਂ ਜਿੱਥੇ ਕਿ 1000 ਤੋਂ ਵੀ ਵੱਧ ਮਹਿਮਾਨਾਂ ਨੇ ਹਾਜ਼ਰੀ ਭਰੀ। ਸਾਰਿਆਂ ਵੱਲੋਂ ਸਰਦਾਰ ਅਮਰ ਸਿੰਘ ਭੁੱਲਰ, ਸਰਦਾਰਨੀ ਕਰਮਜੀਤ ਕੌਰ ਭੁੱਲਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਮਹਿਮਾਨ ਨਿਵਾਜੀ ਤੋਂ ਲੋਕ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੂੰ ਖੂਬ ਵਧਾਈਆਂ ਵੀ ਦਿੱਤੀਆਂ ਗਈਆਂ। ਇਸ ਵਿਆਹ ਸਮਾਰੋਹ 'ਚ ਅਮਰੀਕਾ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਆਪਣੀ ਪਤਨੀ ਡੇਬਰਾ ਧਾਲੀਵਾਲ ਸਮੇਤ ਪਹੁੰਚੇ। ਦਰਸ਼ਨ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਭੁੱਲਰ ਪਰਿਵਾਰ ਅਤੇ ਧਾਲੀਵਾਲ ਪਰਿਵਾਰ ਨੂੰ ਬਹੁਤ ਵਧਾਈਆਂ ਦਿੱਤੀਆਂ ਗਈਆਂ। ਇੰਨ੍ਹਾਂ ਤੋਂ ਇਲਾਵਾ ਅਮਰੀਕਾ ਤੋਂ ਵਿਪਨ ਦੱਤਾ ਅਤੇ ਉਨ੍ਹਾਂ ਦੀ ਪਤਨੀ ਅਰਚਨਾ ਦੱਤਾ ਵੀ ਪਹੁੰਚੇ। ਅਮਰੀਕਾ ਤੋਂ ਮੈਂਡੀ ਧਾਲੀਵਾਲ, ਚਰਨਜੀਤ ਬਾਠ, ਗੁਰਦੇਵ ਸਿੰਘ, ਰੀਤੂ ਕਲਾਰ, ਕੁਲਵੰਤ ਸਿੰਘ ਖੈਰਾ, ਸ਼ਵਿੰਦਰ ਸਿੰਘ ਗਰੇਵਾਲ, ਨੀਨਾ ਗਰੇਵਾਲ,, ਕੈਲੀਫੋਰਨੀਆ ਤੋਂ ਨਰਿੰਦਰ ਸਿੰਘ ਮਾਨ ਅਤੇ ਦਵਿੰਦਰ ਕੌਰ ਮਾਨ ਵੱਲੋਂ ਹਾਜ਼ਰੀ ਭਰੀ ਗਈ।
ਇੰਨ੍ਹਾਂ ਤੋਂ ਇਲਾਵਾ ਕੈਲੀਫੋਰਨੀਆ ਤੋਂ ਹੀ ਗੁਰਭੇਜ ਸੰਧੂ, ਗੁਰਮੀਤ ਕੌਰ ਸੰਧੂ, ਚਰਨ ਕੌਰ ਸੰਧੂ ਅਤੇ ਕੈਲਗਰੀ ਤੋਂ ਪੰਮੀ ਸੰਧੂ ਵੀ ਉਚੇਚੇ ਤੌਰ 'ਤੇ ਵਿਆਹ ਸਮਾਗਮਾਂ 'ਚ ਸ਼ਾਮਲ ਹੋਏ। ਬੀਸੀ ਤੋਂ ਲਖਮੇਰ ਸਿੰਘ ਕਲਾਰ ਅਤੇ ਹਰਮਿੰਦਰ ਕੌਰ ਕਲਾਰ, ਐਡਮੰਟਨ ਤੋਂ ਲਾਡੀ ਗਰੇਵਾਲ, ਕੈਲਗਰੀ ਤੋਂ ਜਸਵੀਰ ਸਿੰਘ ਅਟਵਾਲ, ਕੈਲਗਰੀ ਤੋਂ ਹੀ ਰੁਪਿੰਦਰ ਕੌਰ ਸਮਰਾ, ਇੰਡੀਆ ਤੋਂ ਮੋਹਨ ਸਿੰਘ ਚੰਦੀ, ਦਿੱਲੀ ਤੋਂ ਡਾਕਟਰ ਰਾਵੇਲ ਸਿੰਘ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਬਰੈਂਪਟਨ ਦੀਆਂ ਕਈ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਵੀ ਵਿਆਹ ਦੇ ਸਮਾਗਮਾਂ 'ਚ ਸ਼ਿਰਕਤ ਕੀਤੀ ਗਈ ਜਿੰਨ੍ਹਾਂ 'ਚ ਉਚੇਚੇ ਤੌਰ 'ਤੇ ਬਰੈਂਪਟਨ ਸਾਊਥ ਤੋਂ ਐੱਮਪੀ ਸੋਨੀਆ ਸਿੱਧੂ, ਰਾਜ ਸਕੱਤਰ ਤੇ ਬਰੈਂਪਟਨ ਨੌਰਥ ਕੈਲੇਡਨ ਤੋਂ ਐੱਮਪੀ ਰੂਬੀ ਸਹੋਤਾ, ਅੰਤਰਰਾਸ਼ਟਰੀ ਵਪਾਰ ਮੰਤਰੀ ਅਤੇ ਬਰੈਂਪਟਨ ਈਸਟ ਦੇ ਐੱਮਪੀ ਮਨਿੰਦਰ ਸਿੱਧੂ ਪਹੁੰਚੇ। ਬਰੈਂਪਟਨ ਵੈਸਟ ਤੋਂ ਐੱਮਪੀਪੀ ਅਮਰਜੋਤ ਸੰਧੂ, ਬਰੈਂਪਟਨ ਈਸਟ ਤੋਂ ਐੱਮਪੀਪੀ ਹਰਦੀਪ ਗਰੇਵਾਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਬ੍ਰੈਡਫੋਰਡ ਵੈਸਟ ਦੇ ਡਿਪਟੀ ਮੇਅਰ ਰਾਜ ਸੰਧੂ, ਬਰੈਂਪਟਨ 'ਚ ਸਾਬਕਾ ਐੱਮਪੀ ਰਹਿ ਚੁੱਕੀ ਰੂਬੀ ਢੱਲਾ ਦੇ ਮਾਤਾ ਜੀ ਤਵਿੰਦਰ ਢੱਲਾ ਵੀ ਪਹੁੰਚੇ। ਰਾਜ ਸਕੱਤਰ ਤੇ ਐੱਮਪੀ ਰੂਬੀ ਸਹੋਤਾ ਦੇ ਪਿਤਾ ਜੀ ਸਰਦਾਰ ਹਰਬੰਸ ਜੰਡਾਲੀ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਪ੍ਰੋਗਰਾਮਾਂ 'ਚ ਪਹੁੰਚ ਕੇ ਸਾਰੇ ਸਿਆਸੀ ਆਗੂਆਂ ਵੱਲੋਂ ਭੁੱਲਰ ਪਰਿਵਾਰ ਅਤੇ ਧਾਲੀਵਾਲ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ। ਦੁਨੀਆਂ ਦੇ ਕੋਨੇ-ਕੋਨੇ ਤੋਂ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਸਰਦਾਰ ਅਮਰ ਸਿੰਘ ਭੁੱਲਰ ਨੂੰ ਵਧਾਈ ਸੰਦੇਸ਼ ਭੇਜੇ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਸੁਰਜੀਤ ਸਿੰਘ ਰੱਖੜਾ ਵੱਲੋਂ ਵੀ ਖਾਸ ਵਧਾਈ ਦੇ ਸੰਦੇਸ਼ ਭੇਜੇ ਗਏ ਹਨ। ਹਮਦਰਦ ਮੀਡੀਆ ਗਰੁੱਪ ਦੇ ਸੀਈਓ ਸਰਦਾਰ ਅਮਰ ਸਿੰਘ ਭੁੱਲਰ ਅਤੇ ਸਰਦਾਰਨੀ ਕਰਮਜੀਤ ਕੌਰ ਭੁੱਲਰ ਵੱਲੋਂ ਇੰਨ੍ਹਾਂ ਪ੍ਰੋਗਰਾਮਾਂ 'ਚ ਹਾਜ਼ਰੀ ਲਗਵਾਉਣ ਵਾਲਿਆਂ ਦਾ ਅਤੇ ਨਵੀਂ ਵਿਆਹੀ ਜੋੜੀ ਨੂੰ ਆਪਣਾ ਆਸ਼ੀਰਵਾਦ ਦੇਣ ਲਈ ਉਨ੍ਹਾਂ ਸਭ ਮਹਿਮਾਨਾਂ ਅਤੇ ਭੁੱਲਰ‑ਧਾਲੀਵਾਲ ਪਰਿਵਾਰ ਦੇ ਸਾਰੇ ਰਿਸ਼ਤੇਦਾਰਾਂ, ਦੋਸਤਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਵਿਆਹ ਨੂੰ ਇੱਕ ਯਾਦਗਾਰੀ ਤਜਰਬਾ ਬਣਾਇਆ। ਕੁੱਲ ਮਿਲਾ ਕੇ, ਸਾਰੇ ਪ੍ਰੋਗਰਾਮ ਇੱਕ ਯਾਦਗਾਰੀ ਹੋ ਨਿਬੜੇ।