ਕੈਨੇਡਾ: ਪੰਜਾਬੀ ਟਰੱਕ ਚਾਲਕ ਦੀ ਲਾਸ਼ ਮਿਲਣ ਤੋਂ ਬਿਨ੍ਹਾਂ ਹੀ ਕੀਤੀ ਗਈ ਅੰਤਿਮ ਅਰਦਾਸ
25 ਸਾਲਾ ਨਵਦੀਪ ਧਾਲੀਵਾਲ ਸਰੀ 'ਚ 30 ਅਪ੍ਰੈਲ ਨੂੰ ਹੋਇਆ ਸੀ ਲਾਪਤਾ
ਨਵਦੀਪ ਧਾਲੀਵਾਲ ਬਰੈਂਪਟਨ ਦਾ ਰਹਿਣ ਵਾਲਾ 25 ਸਾਲਾ ਨੌਜਵਾਨ ਸੀ ਜੋ ਕਿ ਟਰੱਕ ਚਲਾਉਂਦਾ ਸੀ। ਬਰੈਂਪਟਨ ਤੋਂ ਟਰੱਕ ਲੈ ਕੇ ਉਹ ਸਰੀ ਪਹੁੰਚਿਆ ਪਰ ਮੁੜ ਕੇ ਵਾਪਸ ਨਹੀਂ ਆਇਆ। 29 ਅਪ੍ਰੈਲ ਨੂੰ ਨਵਦੀਪ ਨੂੰ ਆਖਰੀ ਵਾਰ ਦੇਖਿਆ ਗਿਆ ਸੀ ਅਤੇ 30 ਅਪ੍ਰੈਲ ਨੂੰ ਉਸ ਦੇ ਗੁਮਸ਼ੁਦਾ ਹੋਣ ਦੀ ਖਬਰ ਪੁਲਿਸ ਨੂੰ ਦਿੱਤੀ ਗਈ ਸੀ। ਨਵਦੀਪ ਦੇ ਦੋਸਤਾਂ ਨੇ ਦੱਸਿਆ ਕਿ ਸਰੀ ਵਿੱਚ 29 ਅਪ੍ਰੈਲ ਨੂੰ ਨਵਦੀਪ ਕਿਸੇ ਲੜਕੀ ਨੂੰ ਮਿਲਣ ਲਈ ਗਿਆ ਸੀ। 4 ਮਈ ਨੂੰ ਪੁਲਿਸ ਨੇ ਇਹ ਸਪੱਸ਼ਟ ਕੀਤਾ ਕਿ ਨਵਦੀਪ ਧਾਲੀਵਾਲ ਦਾ ਕਤਲ ਹੋ ਗਿਆ ਹੈ ਪਰ ਉਸ ਦੀ ਮ੍ਰਿਤਕ ਦੇਹ ਬਰਾਮਦ ਨਹੀਂ ਹੋਈ ਹੈ। ਪਰਿਵਾਰਕ ਮੈਂਬਰਾਂ ਨੂੰ ਇਹ ਯਕੀਨ ਕਰਨਾ ਬਹੁਤ ਔਖਾ ਹੋਇਆ ਕਿ ਨਵਦੀਪ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ ਕਿਉਂਕਿ ਉਸ ਦੀ ਮ੍ਰਿਤਕ ਦੇਹ ਵੀ ਬਰਾਮਦ ਨਹੀਂ ਹੋਈ ਹੈ।
ਬਰੈਂਪਟਨ ਵਿੱਚ ਰਹਿੰਦੇ ਨਵਦੀਪ ਦੇ ਦੋਸਤਾਂ ਅਤੇ ਉਸ ਦੇ ਭਰਾ ਵੱਲੋਂ 18 ਮਈ ਨੂੰ ਨਵਦੀਪ ਦੀ ਅੰਤਿਮ ਅਰਦਾਸ ਕਰ ਦਿੱਤੀ ਗਈ। ਬਰੈਂਪਟਨ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਸਹਿਜ ਪਾਠ ਰੱਖਿਆ ਗਿਆ ਜਿਸ ਦਾ ਭੋਗ 18 ਮਈ ਨੂੰ ਪਾਇਆ ਗਿਆ। ਇਸ ਮੌਕੇ ਨਵਦੀਪ ਦੇ ਦੋਸਤ ਭਾਵੁੱਕ ਨਜ਼ਰ ਆਏ। ਦੋਸਤਾਂ ਨੇ ਦੱਸਿਆ ਕਿ ਨਵਦੀਪ ਦੇ ਪਰਿਵਾਰਕ ਮੈਂਬਰਾਂ ਦਾ ਬਹੁਤ ਬੁਰਾ ਹਾਲ ਹੈ। ਨਵਦੀਪ ਦੇ ਮਾਤਾ ਜੀ ਇਸ ਦੁਨੀਆਂ ਵਿੱਚ ਪਹਿਲਾਂ ਹੀ ਨਹੀਂ ਸਨ ਅਤੇ ਪਿੱਛੇ ਹੁਣ ਉਸ ਦੇ ਪਿਤਾ ਅਤੇ ਇੱਕ ਭੈਣ ਇਕੱਲੀ ਰਹਿ ਗਈ ਹੈ। ਦੋਸਤਾਂ ਨੇ ਦੱਸਿਆ ਕਿ ਨਵਦੀਪ ਬਹੁਤ ਚੰਗਾ ਇਨਸਾਨ ਸੀ ਅਤੇ ਉਸ ਦੀ ਬਹੁਤ ਘਾਟ ਮਹਿਸਦੂਸ ਹੁੰਦੀ ਹੈ। ਨਵਦੀਪ ਦੇ ਭਰਾ ਕੁਲਵਿੰਦਰ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਉਹ ਚਾਹੁੰਦਾ ਹੈ ਕਿ ਪੁਲਿਸ ਜਲਦ ਤੋਂ ਜਲਦ ਨਵਦੀਪ ਦੇ ਕਾਤਲਾਂ ਦਾ ਪਤਾ ਲਗਾਏ ਅਤੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।