''ਗੁੱਸਾ ਨਾ ਕਰਨ ਨਾਲ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ''
ਹੇ ਫਰੀਦ! ਇਹ ਦੁਨੀਆ (ਇਕ) ਸੋਹਣਾ ਬਾਗ਼ ਹੈ (ਇਥੇ ਮਨ ਵਿਚ 'ਟੋਏ ਟਿੱਬੇ' ਬਣਾਏ ਕਿਉਂ ਹੋਏ? ਇਥੇ ਤਾਂ ਸਾਰੇ ਜੀਵ-ਰੂਪ) ਪੰਛੀਆਂ ਦੀ ਡਾਰ ਪਰਾਹੁਣੀ ਹੈ। ਜਦੋਂ ਸਵੇਰ ਦਾ ਧੌਂਸਾ ਵੱਜਾ
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥ {ਪੰਨਾ 1382}
ਪਦ ਅਰਥ: ਮਨਿ = ਮਨ ਵਿਚ। ਨ ਹਢਾਇ = ਨਾਹ ਆਉਣ ਦੇਹ। ਦੇਹੀ = ਸਰੀਰ ਨੂੰ। ਨ ਲਗਈ = ਨਹੀਂ ਲੱਗਦਾ। ਸਭੁ ਕਿਛੁ = ਹਰੇਕ ਚੀਜ਼। ਪਲੈ ਪਾਇ = ਪੱਲੇ ਪਈ ਰਹਿੰਦੀ ਹੈ, ਸਾਂਭੀ ਰਹਿੰਦੀ ਹੈ।
ਅਰਥ: ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ। ਗੁੱਸਾ ਮਨ ਵਿਚ ਨਾਹ ਆਉਣ ਦੇਹ। (ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ (ਭਾਵ, ਚੰਗਾ ਗੁਣ) ਸਾਂਭਿਆ ਰਹਿੰਦਾ ਹੈ।
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥ ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥੭੯॥ {ਪੰਨਾ 1382}
ਪਦ ਅਰਥ: ਪੰਖ = ਪੰਛੀਆਂ ਦੀ ਡਾਰ। ਦੁਨੀ = ਦੁਨੀਆ। ਸੁਹਾਵਾ = ਸੋਹਣਾ। ਨਉਬਤਿ = ਧੌਂਸਾ। ਸੁਬਹ ਸਿਉ = ਸਵੇਰ ਦਾ। ਸਾਜੁ = ਸਾਮਾਨ, ਆਹਰ, ਤਿਆਰੀ।
ਅਰਥ: ਹੇ ਫਰੀਦ! ਇਹ ਦੁਨੀਆ (ਇਕ) ਸੋਹਣਾ ਬਾਗ਼ ਹੈ (ਇਥੇ ਮਨ ਵਿਚ 'ਟੋਏ ਟਿੱਬੇ' ਬਣਾਏ ਕਿਉਂ ਹੋਏ? ਇਥੇ ਤਾਂ ਸਾਰੇ ਜੀਵ-ਰੂਪ) ਪੰਛੀਆਂ ਦੀ ਡਾਰ ਪਰਾਹੁਣੀ ਹੈ। ਜਦੋਂ ਸਵੇਰ ਦਾ ਧੌਂਸਾ ਵੱਜਾ (ਸਭ ਨੇ ਜ਼ਿੰਦਗੀ ਦੀ ਰਾਤ ਕੱਟ ਕੇ ਤੁਰ ਜਾਣਾ ਹੈ) । (ਹੇ ਫਰੀਦ! ਇਹ 'ਟੋਏ ਟਿੱਬੇ' ਦੂਰ ਕਰ, ਤੇ ਤੂੰ ਭੀ) ਤੁਰਨ ਦੀ ਤਿਆਰੀ ਕਰ। 79।
ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥ ਜਿੰਨ੍ਹ੍ਹਾ ਨੈਣ ਨੀਦ੍ਰਾਵਲੇ ਤਿੰਨ੍ਹ੍ਹਾ ਮਿਲਣੁ ਕੁਆਉ ॥੮੦॥ {ਪੰਨਾ 1382}
ਪਦ ਅਰਥ: ਕਥੂਰੀ = ਕਸਤੂਰੀ। ਭਾਉ = ਹਿੱਸਾ। ਜਿੰਨ੍ਹ੍ਹਾ, ਤਿੰਨ੍ਹ੍ਹਾ = ਇਥੇ ਅੱਖਰ 'ਨ' ਦੇ ਹੇਠਾ ਅੱਧਾ 'ਹ' ਹੈ। ਨੀਦ੍ਰਾਵਲੇ = ਨੀਂਦ ਨਾਲ ਘੁੱਟੇ ਹੋਏ। ਮਿਲਣੁ = ਮੇਲ, ਪ੍ਰਾਪਤੀ। ਕੁਆਉ = ਕਿਥੋਂ? ਕਿਵੇਂ?
ਅਰਥ: ਹੇ ਫਰੀਦ! (ਉਹ ਤਿਆਰੀ ਰਾਤ ਨੂੰ ਹੀ ਹੋ ਸਕਦੀ ਹੈ) ਰਾਤਿ (ਦੀ ਇਕਾਂਤ) ਵਿਚ ਕਸਤੂਰੀ ਵੰਡੀਦੀ ਹੈ (ਭਾਵ, ਰਾਤਿ ਦੀ ਇਕਾਂਤ ਵੇਲੇ ਭਜਨ ਦੀ ਸੁਗੰਧੀ ਪੈਦਾ ਹੁੰਦੀ ਹੈ) , ਜੋ ਸੁੱਤੇ ਰਹਿਣ ਉਹਨਾਂ ਨੂੰ (ਇਸ ਵਿਚੋਂ) ਹਿੱਸਾ ਨਹੀਂ ਮਿਲਦਾ। ਜਿਨ੍ਹਾਂ ਦੀਆਂ ਅੱਖਾਂ (ਸਾਰੀ ਰਾਤ) ਨੀਂਦ ਵਿਚ ਘੁੱਟੀਆਂ ਰਹਿਣ, ਉਹਨਾਂ ਨੂੰ (ਨਾਮ ਦੀ ਕਸਤੂਰੀ ਦੀ) ਪ੍ਰਾਪਤੀ ਕਿਵੇਂ ਹੋਵੇ?। 85।
ਜ਼ਰੂਰੀ ਨੋਟ: ਸ਼ਲੋਕ ਨੰ: 74 ਵਿਚ ਮਨ ਦੇ ਜੋ 'ਟੋਏ ਟਿੱਬੇ' ਦੱਸੇ ਹਨ, ਅਗਲੇ ਸ਼ਲੋਕ ਨੰ: 81 ਵਿਚ ਉਹਨਾਂ ਟੋਏ-ਟਿੱਬਿਆਂ ਦਾ ਅਸਰ ਬਿਆਨ ਕਰਦੇ ਹਨ, ਕਿ ਇਹਨਾਂ ਦੇ ਕਾਰਨ ਸਾਰੇ ਜਗਤ ਵਿਚ ਦੁੱਖ ਹੀ ਦੁੱਖ ਵਾਪਰ ਰਿਹਾ ਹੈ, ਪਰ ਇਸ ਗੱਲ ਦੀ ਸਮਝ ਉਸ ਨੂੰ ਪੈਂਦੀ ਹੈ ਜੋ ਆਪ ਮਨ ਦੇ 'ਟੋਏ ਟਿੱਬੇ' ਤੋਂ ਉਚੇਰਾ ਹੁੰਦਾ ਹੈ।
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ {ਪੰਨਾ 1382}
ਪਦ ਅਰਥ: ਮੁਝ ਕੂ = ਮੈਨੂੰ। ਸਬਾਇਐ ਜਗਿ = ਸਾਰੇ ਜਗਤ ਵਿਚ। ਊਚੇ ਚੜਿ ਕੈ = ਦੁੱਖ ਤੋਂ ਉੱਚਾ ਹੋ ਕੇ। ਘਰਿ = ਘਰ ਵਿਚ। ਘਰਿ ਘਰਿ = ਹਰੇਕ ਘਰ ਵਿਚ। ਅਗਿ = (ਇਸ ਲਫ਼ਜ਼ ਦਾ ਜੋੜ ਧਿਆਨ-ਜੋਗ ਹੈ, ਸਦਾ (ਿ) -ਅੰਤ ਹੈ, ਅਸਲ ਲਫ਼ਜ਼ ਸੰਸਕ੍ਰਿਤ ਦਾ 'ਅਗਨਿ' ਹੈ, ਇਸ ਤੋਂ ਪ੍ਰਾਕ੍ਰਿਤ-ਰੂਪ 'ਅਗਿ' ਹੈ) ।
ਅਰਥ: ਹੇ ਫਰੀਦ! ਮੈਂ (ਪਹਿਲਾਂ ਮਨ ਦੇ 'ਟੋਏ ਟਿੱਬੇ' ਤੋਂ ਪੈਦਾ ਹੋਏ ਦੁੱਖ ਵਿਚ ਘਾਬਰ ਕੇ ਇਹ) ਸਮਝਿਆ ਕਿ ਦੁੱਖ (ਸਿਰਫ਼) ਮੈਨੂੰ (ਹੀ) ਹੈ (ਸਿਰਫ਼ ਮੈਂ ਹੀ ਦੁਖੀ ਹਾਂ) , (ਪਰ ਅਸਲ ਵਿਚ ਇਹ) ਦੁੱਖ ਤਾਂ ਸਾਰੇ (ਹੀ) ਜਗਤ ਵਿਚ (ਵਾਪਰ ਰਿਹਾ) ਹੈ। ਜਦੋਂ ਮੈਂ (ਆਪਣੇ ਦੁੱਖ ਤੋਂ) ਉਚੇਰਾ ਹੋ ਕੇ (ਧਿਆਨ ਮਾਰਿਆ) ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿਚ ਇਹੀ ਅੱਗ (ਬਲ) ਰਹੀ ਹੈ (ਭਾਵ, ਹਰੇਕ ਜੀਵ ਦੁਖੀ ਹੈ) । 81।
ਨੋਟ: ਇਸ ਸ਼ਲੋਕ ਤੋਂ ਅੱਗੇ ਦੋ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦੇ ਹਨ। ਆਪ ਲਿਖਦੇ ਹਨ ਕਿ ਉਹੀ ਵਿਰਲੇ ਬੰਦੇ ਦੁੱਖਾਂ ਦੀ ਮਾਰ ਤੋਂ ਬਚੇ ਹੋਏ ਹਨ, ਜੋ ਸਤਿਗੁਰੂ ਦੀ ਸਰਨ ਪੈ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ।
ਮਹਲਾ ੫ ॥ ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥ ਜੋ ਜਨ ਪੀਰਿ ਨਿਵਾਜਿਆ ਤਿੰਨ੍ਹ੍ਹਾ ਅੰਚ ਨ ਲਾਗ ॥੮੨॥ {ਪੰਨਾ 1382}
ਪਦ ਅਰਥ: ਭੂਮਿ = ਧਰਤੀ। ਰੰਗਾਵਲੀ = ਰੰਗ-ਆਵਲੀ। ਆਵਲੀ = ਕਤਾਰ, ਸਿਲਸਿਲਾ। ਰੰਗ = ਸੁਹਜ, ਖ਼ੁਸ਼ੀ, ਆਨੰਦ। ਰੰਗਾਵਲੀ = ਸੁਹਾਵਣੀ। ਮੰਝਿ = (ਇਸ) ਵਿਚ। ਵਿਸੂਲਾ = ਵਿਸੁ-ਭਰਿਆ, ਵਿਹੁਲਾ।
ਨੋਟ: ਜਿਨ੍ਹਾਂ ਲਫ਼ਜ਼ਾਂ ਦੇ ਅਸਲ ਰੂਪ ਵਿਚ (ੁ) ਸਦਾ ਨਾਲ ਰਹਿੰਦਾ ਹੈ, ਉਹਨਾਂ ਦੇ 'ਕਾਰਕੀ' ਆਦਿ ਰੂਪਾਂ ਵਿਚ (ੁ) ਦੇ ਥਾਂ (ੂ) ਹੋ ਜਾਂਦਾ ਹੈ, ਜਿਵੇਂ 'ਜਿੰਦੁ' ਤੋਂ 'ਜਿੰਦੂ', 'ਖਾਕੁ' ਤੋਂ 'ਖਾਕੂ', 'ਮਸੁ' ਤੋਂ 'ਮਸੂ' ਅਤੇ 'ਵਿਸੁ ਤੋਂ 'ਵਿਸੂ'। ਨਿਵਾਜਿਆ = ਵਡਿਆਇਆ ਹੋਇਆ। ਤਿੰਨ੍ਹ੍ਹਾ = (ਇਸ ਲਫ਼ਜ਼ ਦੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) । ਅੰਚ = ਸੇਕ, ਆਂਚ। ਪੀਰ = ਮੁਰਸ਼ਿਦ, ਗੁਰੂ।
ਅਰਥ: ਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ, (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ (ਲੱਗਾ ਹੋਇਆ) ਹੈ (ਜਿਸ ਵਿਚ ਦੁੱਖਾਂ ਦੀ ਅੱਗ ਬਲ ਰਹੀ ਹੈ) । ਜਿਸ ਵਿਚ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨਿ ਦਾ) ਸੇਕ ਨਹੀਂ ਲੱਗਦਾ। 82।
Page 1382