ਬੂਬੀ ਟਰੈਪ ਹਮਲੇ-ਇਸਰਾਈਲ ਜੰਗੀ ਅਪਰਾਧਾਂ ਤੇ ਉਤਰਿਆ

Update: 2024-09-25 00:54 GMT

ਬੂਬੀ ਟਰੈਪ ਹਮਲੇ-ਇਸਰਾਈਲ ਜੰਗੀ ਅਪਰਾਧਾਂ ਤੇ ਉਤਰਿਆ

–ਦਰਬਾਰਾ ਸਿੰਘ ਕਾਹਲੋਂ

ਪੂਰੀ ਆਧੁਨਿਕ ਮਾਨਵ ਜਾਤੀ ਅਤੇ ਵਿਸ਼ੇਸ਼ ਕਰਕੇ ਯਹੂਦੀ ਰਾਜ ਇਸਰਾਈਲ ਲਈ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਇਸਰਾਈਲ ਅੰਦਰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ 7 ਅਕਤੂਬਰ, 2023 ਨੂੰ ਇਸ ਦੇਸ਼ ਅੰਦਰ ਹਮਸ ਲੜਾਕੂਆਂ ਦੀ ਕਾਰਵਾਈ ਬਾਅਦ ਆਏ ਦਿਨ ਜ਼ਮੀਨੀ ਅਤੇ ਹਵਾਈ ਹਮਲਿਆਂ ਵਿਚ ਗਾਜ਼ਾ ਪੱਟੀ, ਵੈਸਟ ਬੈਂਕ ਅਤੇ ਲਿਬਨਾਨ ਅੰਦਰ ਹਸਪਤਾਲਾਂ, ਸਕੂਲਾਂ, ਇਬਾਦਤਗਾਹਾਂ, ਸਿਵਲੀਅਨ ਰਿਹਾਇਸ਼ਗਾਹਾਂ ਅਤੇ ਪਨਾਹਗਾਹਾਂ ਵਿਖੇ ਸੈਂਕੜੇ ਲੋਕਾਂ ਦਾ ਘਾਤ ਕਰ ਰਹੀ ਹੈ, ਜਿਨ੍ਹਾਂ ਵਿਚ ਬੱਚੇ, ਬੁੱਢੇ, ਨੌਜਵਾਨ, ਗਰਭਵਤੀ ਔਰਤਾਂ ਅਤੇ ਮਰੀਜ਼ ਸ਼ਾਮਿਲ ਹਨ। ਹੁਣ ਤੱਕ 50 ਹਜ਼ਾਰ ਬੇਗੁਨਾਹ ਲੋਕਾਂ ਦੇ ਘਾਤ ਦੇ ਬਾਵਜੂਦ ਵੀ ਉਸਦਾ ਨਿਸ਼ਾਨਾ ਜਦੋਂ ਪੂਰਾ ਨਹੀਂ ਹੋਇਆ ਤਾਂ ਉਹ ਬੂਬੀ ਟਰੈਪ ਇਲੈਕਟ੍ਰਾਨਿਕ ਹਮਲਿਆਂ ਤੇ ਉੱਤਰ ਆਇਆ ਜੋ ਖਾਲਸ ਘਿਨਾਉਣੇ ਜੰਗੀ ਅਪਰਾਧ ਹਨ।

ਉਹ ਹਿਟਲਰ ਵੱਲੋਂ ਦੂਸਰੀ ਵਿਸ਼ਵ ਜੰਗ ਵਿਚ ਮਾਰੇ ਗਏ 6 ਮਿਲੀਅਨ ਯਹੂਦੀਆਂ ਦੀ ਵੇਦਨਾ ਅਤੇ ਕੁਰਲਾਹਟ ਭੁੱਲ ਗਿਆ। ਕੌਮਾਂਤਰੀ ਅਦਾਲਤ ਵੱਲੋਂ ਨਿਉਹਮਬਰਗ ਵਿਖੇ ਦੋਸ਼ੀ ਨਾਜ਼ੀਆਂ ਅਤੇ ਹਮਜੋਲੀਆਂ ਤੇ ਚਲਾਏ ਗਏ ਜੰਗੀ ਅਪਰਾਧਿਕ ਕੇਸਾਂ ਦੀ ਦਾਸਤਾਨ ਸ਼ਾਇਦ ਭੁੱਲ ਗਿਆ ਹੈ। ਹੈਰਾਨਗੀ ਇਸ ਗੱਲ ਦੀ ਵੀ ਹੈ ਕਿ ਯੂ. ਐੱਨ. ਸੁਰੱਖਿਆ ਕੌਂਸਲ ਅਜੇ ਤੱਕ ਗੋਲੀਬੰਦੀ ਕਰਾਉਣ ਵਿਚ ਨਾਕਾਮ ਰਹੀ ਹੈ। ਜਦੋਂ ਅਮਰੀਕਾ ਵਰਗੀ ਮਹਾਂ ਸ਼ਕਤੀ ਉਸਦੀ ਪਿੱਠ ’ਤੇ ਹੈ ਤਾਂ ਚੀਨ, ਰੂਸ, ਭਾਰਤ, ਜਪਾਨ, ਬ੍ਰਾਜੀਲ ਵਰਗੇ ਦੇਸ਼ ਸਮੂਹ ਵਿਸ਼ਵ ਭਾਈਚਾਰੇ ਸਮੇਤ ਮੂਕ ਦਰਸ਼ਕ ਬਣੇ ਪਏ ਹਨ।

ਵਾਰੰਟ: ਜੰਗੀ ਅਪਰਾਧਾਂ ਕਰਕੇ ਪਹਿਲਾਂ ਹੀ ਕੌਮਾਂਤਰੀ ਅਪਰਾਧ ਅਦਾਲਤ ਵੱਲੋਂ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰਖਿਆ ਮੰਤਰੀ ਯੋਅ ਗਾਲੰਟ ਵਿਰੁੱਧ ਜੰਗੀ ਅਪਰਾਧ ਅੰਜਾਮ ਦੇਣ ਦੇ ਸਬੂਤਾਂ ਨੂੰ ਲੈ ਕੇ ਵਾਰੰਟ ਜਾਰੀ ਹੋ ਚੁੱਕੇ ਹਨ। ਉਨਾਂ ਤੇ ਸਿਵਲੀਅਨਾਂ ਨੂੰ ਭੁੱਖ ਨਾਲ ਮਾਰਨ ਦੇ ਦੋਸ਼ ਵੀ ਲਗੇ ਹੋਏ ਹਨ।

ਬੂਬੀ ਟਰੈਪ ਹਮਲੇ :

ਜੰਗੀ ਅਪਰਾਧਾਂ ਦੀ ਇੰਤਹਾਅ ਵੱਲ ਵਧਦਿਆਂ 17 ਸਤੰਬਰ, 2024 ਨੂੰ ਬੂਬੀਟਰੈਪ ਹਮਲਿਆਂ ਵਿਚ ਲੈਬਨਾਨ ਅਤੇ ਸੀਰੀਆ ਵਿਚ ਹਿਜਬੁੱਲਾ ਲੜਾਕੂਆਂ ਦੇ 12 ਲੋਕ ਮਾਰ ਦਿੱਤੇ ਜਿਨ੍ਹਾਂ ਵਿਚ ਇੱਕ ਨੌਂ ਸਾਲਾਂ ਦੀ ਲੜਕੀ ਅਤੇ 11 ਸਾਲਾਂ ਦਾ ਲੜਕਾ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ 2800 ਲੋਕ ਜ਼ਖ਼ਮੀ ਹੋ ਗਏ।

ਅਗਲੇ ਦਿਨ 18 ਸਤੰਬਰ ਨੂੰ ਤਿੰਨ ਹਿਜ਼ਬੁਲਾ ਲੜਾਕੂਆਂ ਦੇ ਅੰਤਿਮ ਸਸਕਾਰ ਵੇਲੇ ਬੂਬੀ ਟਰੈਪ ਹਮਲੇ ਵਿਚ 25 ਲੋਕ ਮਾਰੇ ਗਏ, 450 ਦੇ ਕਰੀਬ ਜ਼ਖਮੀ ਹੋ ਗਏ।

ਇਸ ਤੇ ਹਿਜ਼ਬੁਲਾ ਲੜਾਕੂ ਸੰਗਠਨ ਦੇ ਸਕੱਤਰ ਜਨਰਲ ਹਸਨ ਨਸਰਾਲਾ ਵੱਲੋਂ ਦਿਤੀ ਚਿਤਾਵਨੀ ਕਿ ਇੰਨਾਂ ਹਮਲਿਆਂ ਦਾ ਭਿਆਨਕ ਤਾਬੜਤੋੜ ਅਤੇ ਸਹੀ ਇਨਸਾਫ ਕਰਨ ਵਾਲੀ ਸਜ਼ਾ ਦੇਣ ਵਾਲਾ ਜਵਾਬ ਦਿੱਤਾ ਜਾਵੇਗਾ। ਇਸ ਬਿਆਨ ਬਾਅਦ ਵੀਰਵਾਰ 19 ਸਤੰਬਰ ਰਾਤ ਨੂੰ ਇਸਰਾਈਲ ਦੀ ਫੌਜ ਆਈਡੀਐੱਫ ਨੇ 52 ਹਵਾਈ ਹਮਲੇ ਅੰਜਾਮ ਦਿਤੇ। ਇਹ ਸਭ ਮਿੱਥੇ ਨਿਸ਼ਾਨਿਆਂ ਤੇ ਸਪੂੰਰਨ ਤੌਰ ਤੇ ਚੋਟ ਮਾਰਦੇ ਮਾਰੂ ਹਮਲੇ ਸਨ। ਇਨ੍ਹਾਂ ਵਿਚ ਹਿਜ਼ਬੁਲਾ ਲੜਾਕੂ ਸੰਗਠਨ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇਸ ਵਿਚ ਸੀਨੀਅਰ ਲੜਾਕੂ ਕਮਾਂਡਰਾਂ ਨਾਲ ਮੀਟਿੰਗ ਕਰ ਰਿਹਾ ਰੈਡਵਾਂ ਫੋਰਸ ਦਾ ਐਕਟਿੰਗ ਕਮਾਂਡਰ ਇਬਰਾਹੀਮ ਅਕੀਲ 12 ਵਿਅਕਤੀਆਂ ਸਮੇਤ ਮਾਰਿਆ ਗਿਆ, 59 ਲੋਕ ਜ਼ਖ਼ਮੀ ਹੋਏ। ਸਤੰਬਰ 20, 1983 ਵਿਚ ਆਤਮਘਾਤੀ ਬੰਬਰਾਂ ਨਾਲ 241 ਅਮਰੀਕੀ ਮੈਰੀਨ ਮਾਰਨ ਦਾ ਮੁੱਖ ਮਾਸਟਰਮਾਈਂਡ ਇਹੀ ਵਿਅਕਤੀ ਸੀ ਜਿਸ ਦੇ ਸਿਰ ਦਾ ਇਨਾਮ ਅਮਰੀਕਾ ਵੱਲੋਂ 7 ਮਿਲੀਅਨ ਡਾਲਰ ਰੱਖਿਆ ਹੋਇਆ ਸੀ।

ਇਸੇ ਰਾਤ ਪੱਛਮੀ ਕਿਨਾਰੇ ਤੇ ਇਸਰਾਈਲ ਫੌਜੀ ਹਮਲੇ ਵਿਚ 7 ਫਲਸਤੀਨੀ ਕਿਊਬੱਤੀਆ ਕਸਬੇ ਵਿਚ ਮਾਰੇ ਗਏ। ਉਨ੍ਹਾਂ ਦੀਆਂ ਲਾਸ਼ਾਂ ਛੱਤ ਤੋਂ ਥੱਲੇ ਸੁੱਟਦੇ ਜੰਗੀ ਅਪਰਾਧ ਅੰਜਾਮ ਦਿੰਦੇ ਇਸਰਾਈਲੀ ਫੌਜੀ ਵੇਖੇ ਗਏ।

ਇਸ ਸਾਲ ਜਨਵਰੀ ਵਿਚ ਇੱਕ ਟਾਰਗੈੱਟ ਹਵਾਈ ਹਮਲੇ ਵਿਚ ਹੱਮਸ ਦਾ ਡਿਪਟੀ ਲੀਡਰ ਸਾਲੇਹ ਅੱਲ ਅਰੋਰੀ ਇਸਰਾਈਲੀ ਹਵਾਈ ਹਮਲੇ ਵਿਚ ਬੈਰੂਤ (ਲੈਥਨਾਨ) ਵਿਖੇ ਮਾਰਿਆ ਗਿਆ। ਇਸੇ ਸਾਲ ਜੁਲਾਈ ਵਿਚ ਹਿਜ਼ਬੁਲਾ ਮਿਲਟਰੀ ਕਮਾਂਡਰ ਫੁਆਦ ਸ਼ੁਕਰ ਮਾਰਿਆ ਗਿਆ। ਅਗਸਤ ਵਿਚ ਇਰਾਨ ਦੀ ਰਾਜਧਾਨੀ ਤਹਿਰਾਨ ਵਿਖੇ ਇੱਕ ਰਿਹਾਇਸ਼ੀ ਇਲਾਕੇ ਵਿਚ ਹਮਸ ਆਗੂ ਇਸਮਾਈਲ ਹਾਨੀਯੇਹ ਇਸਰਾਈਲੀ ਬੰਬਾਰੀ ਵਿੱਚ ਮਾਰਿਆ ਗਿਆ। ਸਕੱਤਰ ਜਨਰਲ ਨਸਰਾਲਾ ਦਾ ਕਹਿਣਾ ਹੈ ਕਿ ਇਸਰਾਈਲ ਟਾਰਗੈੱਟ ਹਮਲਿਆਂ ਵਿਚ ਸਾਡੇ ਕਮਾਂਡਰਾਂ ਨੂੰ ਇੱਕ-ਇੱਕ ਕਰਕੇ ਨਿਸ਼ਾਨਾ ਬਣਾ ਰਿਹਾ ਹੈ।

ਕੀ ਹਨ ਬੂਬੀ ਟਰੈਪ ਹਮਲੇ?

ਇਹ ਜੰਗੀ ਅਪਰਾਧਾਂ ਨਾਲ ਜੁੜੀ ਤਕਨੀਕ ਬੂਬੀ ਟਰੈਪ ਕੋਈ ਨਵੀਂ ਨਹੀਂ ਹੈ। ਇਨ੍ਹਾਂ ਬਾਰੇ 300 ਪੰਨਿਆਂ ਦਾ ਇੱਕ ਪੇਪਰ ਫੀਲਡ ਮੈਨੂਅਲ 5-31 ਅਮਰੀਕੀ ਫੌਜੀ ਵਿਭਾਗ) ਵੱਲੋਂ ਸੰਨ 1965 ਵਿਚ ਛਾਪਿਆ ਗਿਆ ਸੀ ਜਿਸ ਅਨੁਸਾਰ ਟੈਲੀਫੋਨ, ਭਾਂਡੇ, ਕੇਤਲੀਆਂ, ਟੀ.ਵੀ. ਸੈੱਟ, ਬਿਸਤਰੇ ਆਦਿ ਵਿਸਫੋਟਿਕ ਵਸਤਾਂ ਵਜੋਂ ਬਦਲ ਕੇ ਹਿੱਟ ਕੀਤੇ ਜਾ ਸਕਦੇ ਹਨ। ਫੌਜੀਆਂ ਦੇ ਹੈਂਡਸੈੱਟ ਵੀ ਇਨ੍ਹਾਂ ਵਿਚ ਸ਼ਾਮਿਲ ਸਨ। ਦੂਸਰੇ ਵਿਸ਼ਵ ਯੁੱਧ ਵਿਚ ਐਸੇ ਯੰਤਰਾਂ ਦਾ ਨਿਰਮਾਣ ਕੀਤਾ ਗਿਆ ਜੋ ਇਨਾਂ ਨੂੰ ਡੈਟੋਨੇਟ ਕਰਕੇ ਵਿਸਫੋਟ ਕਰਨ ਵਿਚ ਸਹਾਈ ਹੁੰਦੇ ਸਨ। ਸੰਨ 1966 ਵਿਚ ਟੀਐੱਮ 31-200–1 ਫੌਜੀ ਦਸਤਾਵੇਜ਼ ਅਨੁਸਾਰ ਕੰਨਾਂ ਨੂੰ ਲਗਾਏ ਜਾਣ ਵਾਲੇ ਯੰਤਰ, ਟੈਲੀਫੋਨ ਸੈੱਟ ਆਦਿ ਵਿਸਫੋਟ ਕੀਤੇ ਜਾ ਸਕਦੇ ਹਨ।

ਸੰਨ 2010 ਵਿਚ ਅੱਲ ਕਾਇਦਾ ਸਬੰਧੀ ਮੈਗਜ਼ੀਨ ਵਿਚ ਵਿਸਫੋਟਿਕ ਵਿਭਾਗ) ਨਾਲ ਸਬੰਧਿਤ ਇਕਰਮਾ ਅੱਲ ਮੁਨੀਰ ਨੇ ਨੋਕੀਆ ਸੈੱਲ ਫੋਨ ਰਾਹੀਂ ਵਿਸਫੋਟ ਯੰਤਰ ਏਅਰਪੋਰਟ ਸੁਰੱਖਿਆ ਨੂੰ ਚਕਮਾ ਦੇਣ ਵਾਲੀ ਤਕਨੀਕ ਨਾਲ ਕਿੱਧਰੇ ਵੀ ਲਿਜਾਏ ਜਾਣ ਦਾ ਖੁਲਾਸਾ ਕੀਤਾ।

ਸੰਨ 2023 ਵਿਚ ਈਕੁਆਡੋਰ ਪੱਤਰਕਾਰ ਨੇ ਬੂਬੀ ਟਰੈਪਡ ਯੂਐੱਸਬੀ ਸਲਾਖਾਂ ਰਾਹੀਂ ਕੰਪਿਊਟਰ ਵਿਸਫੋਟ ਕਰਕੇ ਟੈਲੀਵਿਜ਼ਨ ਪ੍ਰਸਾਰਨ ਕਰਤਾ ਜ਼ਖ਼ਮੀ ਕਰ ਦਿੱਤਾ ਸੀ।

17-18 ਸਤੰਬਰ ਨੂੰ ਬੇਰੂਤ, ਸਾਰੇ ਲੈਬਨਾਨ, ਸੀਰੀਆ ਵਿਚ 3000 ਪੇਜਰ, ਵਾਕੀ-ਟਾਕੀ, ਸੋਲਰ ਯੰਤਰ, ਹੈਂਡਸੈੱਟ ਹਸਪਤਾਲਾਂ, ਸਟੋਰਾਂ, ਸਿਵਲੀਅਨ ਥਾਵਾਂ ’ਤੇ ਵੀ ਹਿਜ਼ਬੁਲਾ ਲੜਾਕੂਆਂ ਇਲਾਵਾ ਹਿੱਟ ਕੀਤੇ। ਇਸ ਵਿਚ ਮਿਲਟਰੀ ਗਰੇਡ ਪਲਾਸਟਿਕ ਵਿਸਫੋਟਿਕ ਵਰਤੇ ਗਏ ਜੋ ਇਸਰਾਈਲੀ ਫਰੰਟ ਕੰਪਨੀ ਨੇ ਤਿਆਰ ਕੀਤੇ ਜਿੰਨਾਂ ਦਾ ਸਬੰਧ ਯੂਰਪੀਨ ਕੰਪਨੀਆਂ ਨਾਲ ਵੀ ਹੈ। ਇਹ ਵਪਾਰਕ ਵਿਸਫੋਟ ਯੰਤਰ ਨਹੀਂ ਹਨ। ਇਹ ਵਿਅਕਤੀ ਦੇ ਸਿਰ ਜਾਂ ਧੜ ਨੂੰ ਜ਼ਖ਼ਮੀ ਕਰ ਦਿੰਦੇ ਹਨ ਜਿਨ੍ਹਾਂ ਨਾਲ ਵਿਅਕਤੀ ਮਰ ਵੀ ਸਕਦਾ ਹੈ। ਵਾਕੀ-ਟਾਕੀ ਸੈੱਟਾਂ ਰਾਹੀਂ 70 ਥਾਵਾਂ ਤੇ ਅੱਗ ਲਗੀ। ਇਨ੍ਹਾਂ ਵਿੱਚ ਨਿੱਜੀ ਘਰ ਵੀ ਸ਼ਾਮਿਲ ਸਨ। ਇਨ੍ਹਾਂ ਨਾਲ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਸਪਤਾਲਾਂ ਵਿਚ ਡਾਕਟਰਾਂ ਦਸਿਆ ਕਿ ਕਈ ਜਖ਼ਮੀਆਂ ਦੀਆਂ ਅੱਖਾਂ, ਹੱਥ, ਬਾਹਾਂ ਉਂਗਲਾਂ ਉੱਡ ਗਈਆਂ।

ਚੁੱਪ: ਹੈਰਾਨਗੀ ਇਸ ਗੱਲ ਦੀ ਹੈ ਕਿ ਇਨਾਂ ਅਪਰਾਧਿਕ ਕਾਰਨਾਮਿਆਂ ਦੀ ਜ਼ਿੰਮੇਵਾਰੀ ਅਜੇ ਤੱਕ ਤਾਂ ਇਸਰਾਈਲੀ ਸਰਕਾਰ, ਫੌਜ ਜਾਂ ਖੁਫ਼ੀਆ ਏਜੰਸੀ ਮੋਸਾਦ ਨੇ ਲਈ ਹੈ।

ਲੇਕਿਨ ਇਸ ਕਿਸਮ ਦੇ ਜੰਗੀ ਅਪਰਾਧਾਂ ਲਈ ਕੌਮਾਂਤਰੀ ਕਾਨੂੰਨ ਮਾਹਿਰਾਂ ਅਨੁਸਾਰ

ਇਸਰਾਈਲ ਫੌਜ ਅਤੇ ਸਰਕਾਰ ਨੂੰ ਜ਼ਿੰਮੇਵਾਰ ਤਾਂ ਠਹਿਰਾਇਆ ਜਾਵੇਗਾ, ਇਸ ਨਾਲ ਅਮਰੀਕਾ ਜੋ ਇਸ ਦੀ ਪਿੱਠ ਤੇ ਹੈ ਅਤੇ ਵੱਡਾ ਹਥਿਆਰ ਸਪਲਾਈ ਕਰਨ ਵਾਲਾ ਦੇਸ਼ ਹੈ ਵੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ।

ਰਾਸ਼ਟਰਪਤੀ ਬਾਰਾਕ ਓਬਾਮਾ ਕਾਲ ਵੇਲੇ ਗ੍ਰਹਿ ਵਿਭਾਗ ਦੇ ਕਾਨੂੰਨੀ ਸਲਾਹਕਾਰ ਰਹੇ ਬਰਾਇਨ ਫਾਈਨੁਕੈਨ ਜੋ ਕੌਮਾਂਤਰੀ ਸੰਕਟ ਗਰੁੱਪ ਦੇ ਇਸ ਵੇਲੇ ਸੀਨੀਅਰ ਸਲਾਹਕਾਰ ਵੀ ਹਨ, ਦਾ ਕਹਿਣਾ ਹੈ ਕਿ ਅਮਰੀਕਾ, ਇਸਰਾਈਲੀ ਜੰਗ ਦਾ ਭਾਗੀਦਾਰ ਹੈ, ਸੋ ਅਪਰਾਧਿਕ ਦੋਸ਼ ਨਹੀਂ ਬੱਚ ਸਕਦਾ। ਕੀ ਅਮਰੀਕਾ ਦਸੇਗਾ ਕਿ ਇਸਰਾਈਲ ਸਿਵਲੀਅਨਾਂ ਨੂੰ ਮਾਰਨ ਤੋਂ ਤੋਬਾ ਕਰੇਗਾ? ਕੀ ਉਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਐਸੀ ਜੰਗ ਨਾਲ ਵੱਡੇ ਪੱਧਰ ਤੇ ਸਿਵਲੀਅਨ ਨਿਸ਼ਾਨ ਬਣਨਗੇ? ਕੀ ਉਸ ਨੂੰ ਅੰਦਾਜ਼ਾ ਨਹੀਂ ਕਦੋਂ ਤੇ ਕਿਵੇਂ ਕਿਨਾਂ ਲਈ ਬੂਬੀ ਟਰੈਪ ਯੰਤਰ ਵਰਤੇ ਜਾਣਗੇ? ਇਸਰਾਈਲ ਨੂੰ ਆਪਣੀ ਸੁਰੱਖਿਆ ਦਾ ਪੂਰਾ ਹੱਕ ਹੈ, ਪਰ ਅਪਰਾਧਿਕ ਕਾਰਵਾਈਆਂ ਲਈ ਕੋਈ ਕੌਮਾਂਤਰੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਜੋ ਉਹ ਲਗਾਤਾਰ ਕਰਦਾ ਆ ਰਿਹਾ ਹੈ। ਜੇ ਅਮਰੀਕਾ ਉਸ ਨੂੰ ਨਹੀਂ ਵਰਜਦਾ ਤਾਂ ਮੱਧ ਏਸ਼ੀਆ ਵਿਚ ਲਗਾਇਆ ਜਾ ਰਿਹਾ ਲਾਂਬੂ ਉਸ ਲਈ ਘਾਤਿਕ ਸਿੱਧ ਹੋ ਸਕਦਾ ਹੈ। ਉਸਨੂੰ ਤਾਂ ਸੰਨ 1996 ਤੋਂ ਪਤਾ ਹੈ ਜਦੋਂ ਬੂਬੀ ਟਰੈਪ ਰਾਹੀਂ ਗਾਜ਼ਾ ਅੰਦਰ ਘਰ ਵਿਚ ਇਸਰਾਈਲ ਨੇ ਹਮਸ ਲਈ ਬੰਬ ਬਣਾਉਣ ਵਾਲਾ ਸਖ਼ਸ਼ ਯਾਹੀਆ ਅਯਾਸ਼ ਮਾਰਿਆ ਸੀ।

ਹਿ²ਜ਼ਬੁਲਾ : ਹਿਜ਼ਬੁਲਾ ਲੜਾਕੂ ਸੰਗਠਨ ਸੰਨ 1982 ਵਿਚ ਇਸਰਾਈਲੀ ਹਮਲੇ ਮੁਕਾਬਲੇ ਗਠਤ ਕੀਤਾ ਸੀ। ਇਸ ਨੂੰ ਈਰਾਨ, ਹਾਊਥੀ ਲੜਾਕੂਆਂ ਅਤੇ ਹਮਸ ਦੀ ਹਮਾਇਤ ਹਾਸਿਲ ਹੈ। ਸੰਨ 1985 ਵਿਚ ਇਸ ਨੇ ਵਿਧੀਵਤ ਤੌਰ ’ਤੇ ਆਪਣਾ ਮੈਨੀਫੈਸਟੋ ਜਾਰੀ ਕੀਤਾ। ਇਸ ਕੋਲ ਇਸ ਵੇਲੇ ਇੱਕ ਲੱਖ ਲੜਾਕੂ ਮੌਜੂਦ ਹਨ। ਇਸ ਦਾ ਗੁੱਪਤਚਰ ਵਿਭਾਗ ਇਸ ਦੀ ਸਥਾਪਨਾ ਬਾਅਦ ਪਹਿਲੀ ਵਾਰ ਇਸਰਾਈਲੀ ਬੂਬੀ ਟਰੈਪ ਹਮਲੇ ਦੀ ਜਾਣਕਾਰੀ ਪ੍ਰਾਪਤ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ। ਇਸ ਵੱਲੋਂ ਤਾਈਵਾਨ ਕੰਪਨੀ ਗੋਲਡ ਅਪੋਲੋ ਵੱਲੋਂ ਮੰਗਵਾਏ 5000 ਪੇਜਰ, ਵਾਕੀ-ਟਾਕੀ ਅਤੇ ਹੈਂਡ ਸੈੱਟ ਦੀ ਜਾਣਕਾਰੀ ਖੁਫੀਆ ਤੌਰ ਤੇ ਇਸਰਾਈਲ ਨੇ ਪ੍ਰਾਪਤ ਕਰ ਲਈ ਅਤੇ ਇਹ ਵੀ ਕਿ ਇਨ੍ਹਾਂ ਵਿਚ ਤਿੰਨ ਗ੍ਰਾਮ ਵਿਸਫੋਟਿਕ ਪਦਾਰਥ ਫਿੱਟ ਹੈ। ਤਾਹੀਓਂ ਏਡੇ ਵੱਡੇ ਪੱਧਰ ’ਤੇ ਉਹ ਕਾਰਵਾਈ ਕਰਨ ਵਿਚ ਸਫਲ ਹੋਇਆ। ਹੈਰਾਨ ਕਰਨ ਵਾਲੀ ਚਿੰਤਾਜਨਕ ਗੱਲ ਇਹ ਵੀ ਹੈ ਕਿ ਇਸਰਾਈਲੀ ਸਾਬਕਾ ਉਪ ਸੁਰੱਖਿਆ ਸਲਾਹਕਾਰ ਚੱਕ ਫਰੀਲਿਚ ਦਾ ਕਹਿਣਾ ਹੈ ਕਿ ਇਹ ਤਾਂ ਇੱਕ ਸ਼ੁਰੂਆਤ ਹੈ, ਉਨਾਂ ਕੋਲ 100 ਕਿਸਮ ਦੇ ਐਸੇ ਹਮਲਿਆਂ ਦਾ ਪ੍ਰਬੰਧ ਹੈ।

ਸਮੁੱਚੇ ਵਿਸ਼ਵ ਭਾਈਚਾਰੇ ਅਮਰੀਕਾ ਸਮੇਤ ਸਰਮਾਏਦਾਰ ਦੇਸ਼ਾਂ ਅਤੇ ਇਨ੍ਹਾਂ ਦੀ ਰਖੇਲ ਯੂ.ਐੱਨ ਸੰਸਥਾ ਨੂੰ ਇਸਰਾਈਲ ਦੀ ਮਾਰੂ ਅਪਰਾਧਿਕ ਜੰਗ ਅਤੇ ਵਿਸ਼ਵ ਨੂੰ ਕਿਸੇ ਵੱਡੀ ਭਿਆਨਕ ਜੰਗ ਵਿਚ ਝੂਕਣ ਪ੍ਰਤੀ ਮੂਕ ਦਰਸ਼ਕ ਨਹੀਂ ਬਣਨਾ ਚਾਹੀਦਾ, ਬਲਕਿ ਤਕੜੀ ਕਾਰਵਾਈ ਅੰਜ਼ਾਮ ਦਿੰਦੇ ਪੱਕੇ ਪੈਰੀਂ ਰੋਕਣਾ ਚਾਹੀਦਾ ਹੈ।

ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ

ਕਿੰਗਸਟਨ, ਕੈਨੇਡਾ।

+12898292929

Tags:    

Similar News