ਵਿਨੇਸ਼ ਨੂੰ ਤਮਗ਼ਾ ਨਾ ਮਿਲਣ 'ਤੇ ਖ਼ੁਸ਼ ਹਨ ਬ੍ਰਿਜ ਭੂਸ਼ਣ : ਬਜਰੰਗ ਪੂਨੀਆ ਦਾ ਜਵਾਬੀ ਹਮਲਾ
ਨਵੀਂ ਦਿੱਲੀ : ਓਲੰਪਿਕ ਤਮਗਾ ਜੇਤੂ ਅਤੇ ਹਾਲ ਹੀ 'ਚ ਕਾਂਗਰਸ 'ਚ ਸ਼ਾਮਲ ਹੋਏ ਬਜਰੰਗ ਪੂਨੀਆ ਨੇ ਭਾਜਪਾ ਨੇਤਾ ਅਤੇ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂਐੱਫਆਈ) ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਪਲਟਵਾਰ ਕੀਤਾ ਹੈ। ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਸੀ ਕਿ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਤੋਂ ਅਯੋਗ ਹੋਣ ਦੀ ਹੱਕਦਾਰ ਸੀ, ਉਸ ਨੇ ਧੋਖਾਧੜੀ ਕੀਤੀ ਸੀ।
ਬਜਰੰਗ ਪੂਨੀਆ ਨੇ ਕਿਹਾ ਹੈ ਕਿ ਇਸ ਤੋਂ ਉਨ੍ਹਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਬਜਰੰਗ ਪੂਨੀਆ ਨੇ ਦੋਸ਼ ਲਾਇਆ ਹੈ ਕਿ ਵਿਨੇਸ਼ ਫੋਗਾਟ ਜਿਸ ਤਰ੍ਹਾਂ ਪੈਰਿਸ ਓਲੰਪਿਕ 'ਚ ਤਮਗਾ ਜਿੱਤਣ ਤੋਂ ਖੁੰਝ ਗਈ, ਉਹ ਰਾਸ਼ਟਰੀ ਸੋਗ ਦਾ ਵਿਸ਼ਾ ਸੀ ਪਰ ਭਾਜਪਾ ਦੇ ਆਈਟੀ ਸੈੱਲ ਨੇ ਉਸ ਦਾ ਮਜ਼ਾਕ ਉਡਾਉਣ ਅਤੇ ਜ਼ਲੀਲ ਕਰਨ ਦੀ ਮੁਹਿੰਮ ਚਲਾਈ।
ਗੱਲਬਾਤ ਕਰਦੇ ਹੋਏ ਪੂਨੀਆ ਨੇ ਬ੍ਰਿਜ ਭੂਸ਼ਣ ਸਿੰਘ ਦੇ ਤਾਜ਼ਾ ਬਿਆਨ 'ਤੇ ਸਖਤ ਨਿਸ਼ਾਨਾ ਸਾਧਿਆ। ਬਜਰੰਗ ਪੂਨੀਆ ਨੇ ਕਿਹਾ, "ਇਹ ਬ੍ਰਿਜ ਭੂਸ਼ਣ ਸਿੰਘ ਦੀ ਦੇਸ਼ ਪ੍ਰਤੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਹ ਵਿਨੇਸ਼ ਦਾ ਮੈਡਲ ਨਹੀਂ ਸੀ, ਇਹ 140 ਕਰੋੜ ਭਾਰਤੀਆਂ ਦਾ ਮੈਡਲ ਸੀ ਅਤੇ ਉਹ ਆਪਣੀ ਹਾਰ ਦਾ ਜਸ਼ਨ ਮਨਾ ਰਹੇ ਹਨ।" "ਕੀ ਵਿਨੇਸ਼ ਦੀ ਅਯੋਗਤਾ ਦਾ ਜਸ਼ਨ ਮਨਾਉਣ ਵਾਲੇ ਦੇਸ਼ ਭਗਤ ਹਨ ? ਅਸੀਂ ਬਚਪਨ ਤੋਂ ਹੀ ਦੇਸ਼ ਲਈ ਲੜ ਰਹੇ ਹਾਂ ਅਤੇ ਉਹ ਸਾਨੂੰ ਦੇਸ਼ ਭਗਤੀ ਸਿਖਾਉਣ ਦੀ ਹਿੰਮਤ ਕਰਦੇ ਹਨ। ਉਹ ਲੜਕੀਆਂ ਨਾਲ ਛੇੜਛਾੜ ਕਰਨ ਵਾਲਿਆਂ ਵਿੱਚੋਂ ਇੱਕ ਹੈ,"।
ਬ੍ਰਿਜ ਭੂਸ਼ਣ ਸ਼ਰਨ ਸਿੰਘ, ਜੋ ਕਿ ਕਈ ਮਹਿਲਾ ਪਹਿਲਵਾਨਾਂ ਦੁਆਰਾ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਨੇ ਦਾਅਵਾ ਕੀਤਾ ਸੀ ਕਿ ਫੋਗਾਟ ਨੇ ਓਲੰਪਿਕ ਤਮਗਾ ਜਿੱਤਣ ਦਾ ਮੌਕਾ ਗੁਆ ਦਿੱਤਾ ਕਿਉਂਕਿ ਪ੍ਰਮਾਤਮਾ ਨੇ ਉਸ ਨੂੰ ਸਜ਼ਾ ਦਿੱਤੀ ਸੀ। ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਵਿੱਚ, ਬ੍ਰਿਜ ਭੂਸ਼ਣ ਸਿੰਘ ਨੇ ਦੋਸ਼ ਲਾਇਆ ਕਿ ਫੋਗਾਟ ਨੇ ਓਲੰਪਿਕ ਵਿੱਚ ਗਲਤ ਤਰੀਕੇ ਨਾਲ ਇੱਕ ਹੋਰ ਪਹਿਲਵਾਨ ਦੀ ਥਾਂ ਲੈ ਕੇ ਬੇਈਮਾਨੀ ਕੀਤੀ ਹੈ। "ਉਹ ਓਲੰਪਿਕ ਵਿਚ ਉਸ ਕੁੜੀ ਦੀ ਥਾਂ ਲੈ ਕੇ ਗਈ ਸੀ ਜਿਸ ਨੇ ਉਸ ਨੂੰ ਟਰਾਇਲਾਂ ਵਿਚ ਹਰਾਇਆ ਸੀ ਅਤੇ ਹੰਗਾਮਾ ਮਚਾਇਆ ਸੀ। ਇਸ ਲਈ ਜੋ ਵੀ ਉਸ ਨਾਲ ਹੋਇਆ ਉਹ ਸਹੀ ਸੀ ਅਤੇ ਉਹ ਇਸ ਦੀ ਹੱਕਦਾਰ ਸੀ।