BMW ਡਰਾਈਵਰ ਔਰਤ ਗ੍ਰਿਫ਼ਤਾਰ, ਹਾਦਸੇ 'ਚ ਵਿੱਤ ਮੰਤਰਾਲੇ ਦੇ ਅਧਿਕਾਰੀ ਦੀ ਹੋਈ ਸੀ ਮੌਤ
ਪਤੀ-ਪਤਨੀ ਆਪਣੇ ਮੋਟਰਸਾਈਕਲ 'ਤੇ ਬੰਗਲਾ ਸਾਹਿਬ ਗੁਰਦੁਆਰੇ ਤੋਂ ਆਪਣੇ ਘਰ ਹਰੀ ਨਗਰ ਵਾਪਸ ਜਾ ਰਹੇ ਸਨ।
ਨਵੀਂ ਦਿੱਲੀ: ਦਿੱਲੀ ਛਾਉਣੀ ਮੈਟਰੋ ਸਟੇਸ਼ਨ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਵਿੱਤ ਮੰਤਰਾਲੇ ਦੇ ਅਧਿਕਾਰੀ ਨਵਜੋਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਬੀਐੱਮਡਬਲਿਊ ਕਾਰ ਦੀ ਡਰਾਈਵਰ ਗਗਨਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਔਰਤ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਤੁਰੰਤ ਬਾਅਦ ਕੀਤੀ ਗਈ।
ਪੁਲਿਸ ਨੇ ਇਸ ਮਾਮਲੇ ਵਿੱਚ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਡਿਪਟੀ ਸਕੱਤਰ ਵਜੋਂ ਕੰਮ ਕਰਦੇ 52 ਸਾਲਾ ਨਵਜੋਤ ਸਿੰਘ ਦੀ ਐਤਵਾਰ ਨੂੰ ਹੋਏ ਇਸ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ ਸੀ, ਜਦੋਂ ਕਿ ਉਨ੍ਹਾਂ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਪਤੀ-ਪਤਨੀ ਆਪਣੇ ਮੋਟਰਸਾਈਕਲ 'ਤੇ ਬੰਗਲਾ ਸਾਹਿਬ ਗੁਰਦੁਆਰੇ ਤੋਂ ਆਪਣੇ ਘਰ ਹਰੀ ਨਗਰ ਵਾਪਸ ਜਾ ਰਹੇ ਸਨ।
ਨਵਜੋਤ ਸਿੰਘ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਜੇਕਰ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਜਾਂਦਾ ਤਾਂ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ। ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੀਐੱਮਡਬਲਿਊ ਚਲਾ ਰਹੇ ਜੋੜੇ ਨੂੰ ਵਾਰ-ਵਾਰ ਨੇੜਲੇ ਹਸਪਤਾਲ ਲਿਜਾਣ ਲਈ ਬੇਨਤੀ ਕੀਤੀ ਗਈ, ਪਰ ਉਹ ਉਨ੍ਹਾਂ ਨੂੰ ਲਗਭਗ 20 ਕਿਲੋਮੀਟਰ ਦੂਰ ਜੀਟੀਬੀ ਨਗਰ ਦੇ ਨਿਊ ਲਾਈਫ ਹਸਪਤਾਲ ਲੈ ਗਏ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਨਵਜੋਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਅਨੁਸਾਰ ਇਹ ਹਾਦਸਾ ਐਤਵਾਰ ਨੂੰ ਧੌਲਾ ਕੁਆਂ ਤੋਂ ਰਾਜਾ ਗਾਰਡਨ ਜਾਂਦੇ ਸਮੇਂ ਮੈਟਰੋ ਪਿੱਲਰ ਨੰਬਰ 57 ਨੇੜੇ ਵਾਪਰਿਆ। ਇੱਕ ਤੇਜ਼ ਰਫ਼ਤਾਰ ਬੀਐੱਮਡਬਲਿਊ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਡਿਵਾਈਡਰ ਅਤੇ ਫਿਰ ਇੱਕ ਬੱਸ ਨਾਲ ਟਕਰਾ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਹਨ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਜੋੜਾ, ਜੋ ਗੁਰੂਗ੍ਰਾਮ ਦੇ ਰਹਿਣ ਵਾਲੇ ਹਨ, ਵੀ ਹਾਦਸੇ ਵਿੱਚ ਜ਼ਖਮੀ ਹੋਏ ਸਨ ਅਤੇ ਹਸਪਤਾਲ ਵਿੱਚ ਦਾਖਲ ਸਨ। ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।