BJP ਨੇਤਾ ਬ੍ਰਿਜ ਭੂਸ਼ਣ ਫਿਰ ਵਿਨੇਸ਼ ਫੋਗਾਟ ਖਿਲਾਫ ਭੜਾਸ ਕੱਢਣ ਲਈ ਤਿਆਰ
ਹਾਈਕਮਾਂਡ ਤੋਂ ਮੰਗੀ ਇਜਾਜ਼ਤ
ਨਵੀਂ ਦਿੱਲੀ: ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ ਹੈ ਕਿ ਵਿਨੇਸ਼ ਫੋਗਾਟ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਕਿਸੇ ਵੀ ਉਮੀਦਵਾਰ ਤੋਂ ਹਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਇਜਾਜ਼ਤ ਦਿੰਦੀ ਹੈ ਤਾਂ ਉਹ ਹਰਿਆਣੇ ਜਾ ਕੇ ਫੋਗਾਟ ਖ਼ਿਲਾਫ਼ ਪ੍ਰਚਾਰ ਕਰਨਗੇ। ਕਾਂਗਰਸ ਨੇ ਸ਼ੁੱਕਰਵਾਰ ਨੂੰ ਜਾਰੀ 31 ਉਮੀਦਵਾਰਾਂ ਦੀ ਪਹਿਲੀ ਸੂਚੀ 'ਚ ਜੁਲਾਨਾ ਤੋਂ ਵਿਨੇਸ਼ ਫੋਗਾਟ ਨੂੰ ਮੈਦਾਨ 'ਚ ਉਤਾਰਿਆ ਹੈ।
ਬ੍ਰਿਜ ਭੂਸ਼ਣ ਨੇ ਇਹ ਗੱਲਾਂ ਗੋਂਡਾ ਦੇ ਵਿਸ਼ਨੋਹਰਪੁਰ ਸਥਿਤ ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਵਾਨਾਂ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਕੁਸ਼ਤੀ ਵਿੱਚ ਬਹੁਤ ਨਾਮ ਕਮਾਇਆ ਪਰ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਨ੍ਹਾਂ ਦਾ ਨਾਂ ਮਿਟ ਜਾਵੇਗਾ। ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਇਹ ਲੋਕ ਰਾਜਨੀਤੀ ਨੂੰ ਹਵਾ ਸਮਝਦੇ ਹਨ। ਸੱਚਾਈ ਇਹ ਹੈ ਕਿ ਉਹ ਹਰਿਆਣਾ ਦੀ ਕਿਸੇ ਵੀ ਸੀਟ ਤੋਂ ਚੋਣ ਲੜਨ, ਭਾਜਪਾ ਦਾ ਕੋਈ ਵੀ ਉਮੀਦਵਾਰ ਉਸ ਨੂੰ ਹਰਾ ਦੇਵੇਗਾ।
ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਜੇਕਰ ਪਾਰਟੀ BJP ਕਹੇਗੀ ਤਾਂ ਉਹ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵੀ ਪ੍ਰਚਾਰ ਕਰਨ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਭਾਈਚਾਰੇ ਦੇ ਲੋਕਾਂ ਦਾ ਵੀ ਪੂਰਾ ਸਹਿਯੋਗ ਮਿਲੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਸਮੇਂ ਹਰਿਆਣਾ ਦੇ ਲੋਕ ਕਹਿ ਰਹੇ ਸਨ ਕਿ ਜੇਕਰ ਤੁਸੀਂ ਇੱਥੋਂ ਚੋਣ ਲੜੋ ਤਾਂ ਅਸੀਂ ਤੁਹਾਨੂੰ ਜਿਤਾਵਾਂਗੇ। ਪਰ ਮੈਂ ਨਾਂਹ ਕਰ ਦਿੱਤੀ। ਉਸਨੇ ਇੱਕ ਵਾਰ ਫਿਰ ਦੁਹਰਾਇਆ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਉਸਦੇ ਖਿਲਾਫ ਪ੍ਰਦਰਸ਼ਨ ਕਾਂਗਰਸ ਦੀ ਸਾਜ਼ਿਸ਼ ਸੀ।
ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਪਹਿਲੇ ਦਿਨ ਜੋ ਕਿਹਾ ਸੀ, ਅੱਜ ਵੀ ਉਸ 'ਤੇ ਕਾਇਮ ਹਾਂ। ਅੱਜ ਸਾਰਾ ਦੇਸ਼ ਇਹੀ ਕਹਿ ਰਿਹਾ ਹੈ। ਮੈਨੂੰ ਬਹੁਤਾ ਕਹਿਣ ਦੀ ਲੋੜ ਨਹੀਂ ਹੈ। ਹਰਿਆਣਾ ਦੇ ਸੀਨੀਅਰ ਕਾਂਗਰਸੀ ਆਗੂ ਦੀਪੇਂਦਰ ਸਿੰਘ ਹੁੱਡਾ ਅਤੇ ਭੂਪੇਂਦਰ ਸਿੰਘ ਹੁੱਡਾ ਨੇ ਮੇਰੇ ਖ਼ਿਲਾਫ਼ ਸਾਜ਼ਿਸ਼ ਰਚੀ। ਹੁਣ ਮੈਂ ਇਸ ਬਾਰੇ ਹੋਰ ਕੁਝ ਨਹੀਂ ਕਹਾਂਗਾ। ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਪਹਿਲਵਾਨਾਂ ਨੂੰ ਇਨਸਾਫ ਦਿਵਾਉਣ ਦੇ ਨਾਂ ’ਤੇ ਕਈ ਕਾਂਗਰਸੀ ਆਗੂ ਉਨ੍ਹਾਂ ਦੇ ਧਰਨੇ ਵਿੱਚ ਸ਼ਾਮਲ ਹੋਏ। ਇੱਕ ਤੋਂ ਬਾਅਦ ਇੱਕ ਕਈ ਪਹਿਲਵਾਨਾਂ ਨੂੰ ਮੋਹਰੇ ਬਣਾਇਆ ਗਿਆ।