Amritsar ‘ਚ ਆਜ਼ਾਦ ਟੈਕਸੀ ਯੂਨੀਅਨ ਦਾ ਵੱਡਾ ਪ੍ਰਦਰਸ਼ਨ, Himachal government ਖਿਲਾਫ਼ ਨਾਅਰੇਬਾਜ਼ੀ

ਅੱਜ ਪੰਜਾਬ ਭਰ ਤੋਂ ਆਜ਼ਾਦ ਟੈਕਸੀ ਯੂਨੀਅਨ ਦੇ ਸਦੱਸ ਅੰਮ੍ਰਿਤਸਰ ਵਿੱਚ ਇਕੱਠੇ ਹੋਏ ਅਤੇ ਹਿਮਾਚਲ ਸਰਕਾਰ ਖਿਲਾਫ਼ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ।

Update: 2026-04-02 13:37 GMT

ਅੰਮ੍ਰਿਤਸਰ : ਅੱਜ ਪੰਜਾਬ ਭਰ ਤੋਂ ਆਜ਼ਾਦ ਟੈਕਸੀ ਯੂਨੀਅਨ ਦੇ ਸਦੱਸ ਅੰਮ੍ਰਿਤਸਰ ਵਿੱਚ ਇਕੱਠੇ ਹੋਏ ਅਤੇ ਹਿਮਾਚਲ ਸਰਕਾਰ ਖਿਲਾਫ਼ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਹਿਮਾਚਲ ਸਰਕਾਰ ਵੱਲੋਂ ਟੈਕਸੀ ਚਾਲਕਾਂ ‘ਤੇ ਲਗਾਤਾਰ “ਗੁੰਡਾ ਟੈਕਸ” ਲਗਾਇਆ ਜਾ ਰਿਹਾ ਹੈ, ਜੋ ਕਿ ਬਿਲਕੁਲ ਗਲਤ ਅਤੇ ਅਨਿਆਇਕ ਹੈ। ਇਸ ਮੌਕੇ ਡਰਾਈਵਰਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਦੇ ਫੈਸਲਿਆਂ ‘ਤੇ ਗੰਭੀਰ ਸਵਾਲ ਖੜੇ ਕੀਤੇ।



ਮੀਡੀਆ ਨਾਲ ਗੱਲਬਾਤ ਕਰਦਿਆਂ ਆਜ਼ਾਦ ਟੈਕਸੀ ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਬੋਪਾਰਾਏ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਟੈਕਸੀ ਚਾਲਕ ਪਹਿਲਾਂ ਹੀ ਕਈ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। ਕੋਰੋਨਾ ਮਹਾਮਾਰੀ ਦੌਰਾਨ ਟੂਰਿਸਟ ਸੈਕਟਰ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ, ਜਿਸ ਨਾਲ ਉਨ੍ਹਾਂ ਦੀ ਆਮਦਨ ਖਤਮ ਹੋ ਗਈ। ਇਸ ਤੋਂ ਬਾਅਦ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਦੋ ਦੇਸ਼ਾਂ ਵਿਚਕਾਰ ਬਣੇ ਤਣਾਅ ਕਾਰਨ ਵੀ ਸੈਰ-ਸਪਾਟੇ ‘ਤੇ ਬੁਰਾ ਅਸਰ ਪਿਆ।


ਉਨ੍ਹਾਂ ਨੇ ਕਿਹਾ ਕਿ ਹੜਾਂ ਕਾਰਨ ਵੀ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਹੁਣ ਇਰਾਨ-ਇਜ਼ਰਾਇਲ ਜੰਗ ਕਾਰਨ ਤੇਲ ਦੀਆਂ ਕੀਮਤਾਂ ਵੱਧਣ ਨਾਲ ਮੰਗਾਈ ਹੋਰ ਵਧ ਗਈ ਹੈ। ਇਸਦੇ ਨਾਲ ਹੀ ਹਿਮਾਚਲ ਸਰਕਾਰ ਵੱਲੋਂ ਟੈਕਸਾਂ ਵਿੱਚ ਕੀਤੀ ਗਈ ਵੱਡੀ ਵਾਧਾ ਟੈਕਸੀ ਚਾਲਕਾਂ ਲਈ ਹੋਰ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ।


ਟੈਕਸੀ ਚਾਲਕਾਂ ਦਾ ਦੋਸ਼ ਹੈ ਕਿ ਪਹਿਲਾਂ ਛੋਟੀ ਗੱਡੀਆਂ ‘ਤੇ 30 ਰੁਪਏ ਟੈਕਸ ਸੀ, ਜੋ ਪਹਿਲਾਂ 70 ਰੁਪਏ ਕੀਤਾ ਗਿਆ ਅਤੇ ਹੁਣ ਇੱਕਦਮ 170 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਤਿੰਨ ਮਹੀਨੇ ਦਾ ਟੈਕਸ ਵੀ ਕਾਫੀ ਵਧਾ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਟੈਕਸ ਅਦਾ ਕਰ ਰਹੇ ਹਨ, ਫਿਰ ਹਿਮਾਚਲ ਵਿੱਚ ਵੱਖਰੇ ਟੈਕਸ ਲਗਾਉਣਾ ਕਿਹੜਾ ਨਿਆਮ ਹੈ।


ਚਾਲਕਾਂ ਨੇ ਇਹ ਵੀ ਦੱਸਿਆ ਕਿ ਹਿਮਾਚਲ ਵਿੱਚ ਕਈ ਥਾਵਾਂ ‘ਤੇ ਆਰਟੀਓ ਅਧਿਕਾਰੀਆਂ ਵੱਲੋਂ ਹਫ਼ਤਾ ਵਸੂਲੀ ਕੀਤੀ ਜਾਂਦੀ ਹੈ ਅਤੇ ਕਈ ਵਾਰ ਟੈਕਸੀ ਚਾਲਕਾਂ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦਲਹੌਜ਼ੀ, ਧਰਮਸ਼ਾਲਾ ਅਤੇ ਹੋਰ ਇਲਾਕਿਆਂ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ, ਜਿੱਥੇ ਟੈਕਸੀ ਚਾਲਕਾਂ ਨੂੰ ਸਵਾਰੀਆਂ ਚੁੱਕਣ ਤੋਂ ਵੀ ਰੋਕਿਆ ਜਾਂਦਾ ਹੈ।

ਇਸ ਦੇ ਨਾਲ ਹੀ ਟੈਕਸੀ ਮਾਲਕਾਂ ਨੇ ਆਪਣੀ ਆਰਥਿਕ ਹਾਲਤ ਬਾਰੇ ਵੀ ਗੰਭੀਰ ਚਿੰਤਾ ਜਤਾਈ। ਜ਼ਿਆਦਾਤਰ ਗੱਡੀਆਂ ਲੋਨ ‘ਤੇ ਹਨ ਅਤੇ ਕਿਸ਼ਤਾਂ ਭਰਨ ਮੁਸ਼ਕਿਲ ਹੋ ਗਈਆਂ ਹਨ। ਘਰ ਦਾ ਖਰਚਾ ਚਲਾਉਣਾ ਔਖਾ ਹੋ ਰਿਹਾ ਹੈ ਅਤੇ ਬੱਚਿਆਂ ਦੀ ਫੀਸ ਤੱਕ ਦੇਣ ਵਿੱਚ ਦਿੱਕਤ ਆ ਰਹੀ ਹੈ। ਡਰਾਈਵਰਾਂ ਨੇ ਕਿਹਾ ਕਿ ਇੰਨਾ ਖਰਚਾ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਹੱਥ ਵਿੱਚ ਕੁਝ ਨਹੀਂ ਬਚਦਾ।



ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਿਮਾਚਲ ਸਰਕਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕਰਵਾਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ 10 ਤਾਰੀਖ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸਰਹੱਦਾਂ ‘ਤੇ ਵੱਡਾ ਪ੍ਰਦਰਸ਼ਨ ਕਰਨਗੇ। ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਲੱਗਦਾ ਹੈ ਕਿ ਟੈਕਸੀ ਚਾਲਕਾਂ ਦਾ ਗੁੱਸਾ ਲਗਾਤਾਰ ਵੱਧ ਰਿਹਾ ਹੈ ਅਤੇ ਜੇ ਸਰਕਾਰ ਵੱਲੋਂ ਜਲਦੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਇਹ ਆੰਦੋਲਨ ਹੋਰ ਵੀ ਵੱਡਾ ਰੂਪ ਧਾਰ ਸਕਦਾ ਹੈ।


 

Tags:    

Similar News