ਕੈਨੇਡਾ ਤੋਂ ਇੱਕ ਹੋਰ ਪੰਜਾਬਣ ਹਰਦੀਪ ਕੌਰ ਲਾਪਤਾ, ਭਾਈਚਾਰੇ 'ਚ ਚਿੰਤਾ ਵਧੀ, ਪੁਲਿਸ ਕਰ ਰਹੀ ਭਾਲ

ਸਸਕੈਚਵਨ 'ਚ 29 ਨਵੰਬਰ ਨੂੰ ਅਖੀਰਲੀ ਵਾਰ 20 ਸਾਲਾ ਹਰਦੀਪ ਕੌਰ ਨੂੰ ਦੇਖਿਆ ਗਿਆ ਸੀ,ਪਹਿਲਾਂ ਵੀ ਕਈ ਪੰਜਾਬਣਾਂ ਹੋ ਚੁੱਕੀਆਂ ਨੇ ਲਾਪਤਾ, ਪਰਿਵਾਰਾਂ ਵੱਲੋਂ ਜਤਾਈ ਜਾ ਰਹੀ ਚਿੰਤਾ

Update: 2025-12-03 17:30 GMT

ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਾਪਤਾ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਰ ਮਹੀਨੇ ਕਿਸੇ ਨਾ ਕਿਸੇ ਸੂਬੇ 'ਚੋਂ ਅਜਿਹੀ ਖਬਰ ਸੁਣਨ ਨੂੰ ਮਿਲ ਜਾਂਦੀ ਹੈ। ਤਾਜ਼ੇ ਮਾਮਲੇ ਅਨੁਸਾਰ ਹੁਣ ਇੱਕ ਹੋਰ ਪੰਜਾਬਣ ਸਸਕੈਚਵਨ 'ਚੋਂ ਗੁੰਮ ਹੋ ਗਈ ਹੈ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ ਅਤੇ ਸਮੂਹ ਭਾਈਚਾਰੇ 'ਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਬੈਟਲਫੋਰਜ਼ ਆਰਸੀਐਮਪੀ ਨੂੰ ਮਿਲੀ ਜਾਣਕਾਰੀ ਅਨੁਸਾਰ 20 ਸਾਲਾ ਹਰਦੀਪ ਕੌਰ ਨੂੰ ਅਖੀਰਲੀ ਵਾਰ 29 ਨਵੰਬਰ, 2025 ਨੂੰ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਕੁੱਝ ਪਤਾ ਨਹੀਂ ਲੱਗਾ ਅਤੇ ਫਿਰ ਉਸ ਦੇ ਨਜ਼ਦੀਕੀਆਂ ਵੱਲੋਂ ਹਰਦੀਪ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਗਈ। ਹਰਦੀਪ ਨੂੰ ਆਖਰੀ ਵਾਰ 29 ਨਵੰਬਰ ਨੂੰ ਸਵੇਰੇ 8:30 ਵਜੇ ਨੌਰਥ ਬੈਟਲਫੋਰਡ ਦੇ ਸੇਂਟ ਲੌਰੇਂਟ ਡਰਾਈਵ 'ਤੇ ਦੇਖਿਆ ਗਿਆ ਸੀ।

ਹਰਦੀਪ ਕੌਰ ਦਾ ਕੱਦ 5 ਫੁੱਟ 4 ਇੰਚ ਹੈ ਅਤੇ ਉਸ ਦਾ ਭਾਰ 120 ਪੌਂਡ, ਅੱਖਾਂ ਦਾ ਭੂਰਾ ਰੰਗ ਅਤੇ ਵਾਲਾਂ ਦਾ ਕਾਲਾ ਰੰਗ ਦੱਸਿਆ ਗਿਆ ਹੈ ਅਤੇ ਨਾਲ ਹੀ ਉਸ ਦੀ ਇੱਕ ਫੋਟੋ ਵੀ ਸਾਂਝੀ ਕੀਤੀ ਗਈ ਹੈ। ਜੇਕਰ ਤੁਸੀਂ ਹਰਦੀਪ ਨੂੰ ਦੇਖਿਆ ਹੈ ਜਾਂ ਜਾਣਦੇ ਹੋ ਕਿ ਉਹ ਕਿੱਥੇ ਹੈ, ਤਾਂ ਬੈਟਲਫੋਰਡਜ਼ ਆਰਸੀਐਮਪੀ ਨਾਲ ਸੰਪਰਕ ਕਰਕੇ ਜਾਣਕਾਰੀ ਜਮ੍ਹਾਂ ਕਰਵਾਈ ਜਾ ਸਕਦੀ ਹੈ। ਭਾਈਚਾਰੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਕਿ ਹਰਦੀਪ ਕੌਰ ਸਹੀ ਸਲਾਮਤ ਵਾਪਸ ਮਿਲ ਜਾਵੇ। ਦੱਸਣਯੋਗ ਹੈ ਕਿ ਇਹ ਅਜਿਹਾ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪੰਜਾਬਣਾਂ ਦੇ ਲਾਪਤਾ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਸਾਲ ਦਸੰਬਰ 'ਚ ਵਿੰਡਸਰ ਤੋਂ 27 ਸਾਲਾ ਰੁਪਿੰਦਰ ਕੌਰ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ ਅਤੇ ਹੁਣ ਪੂਰੇ ਇੱਕ ਸਾਲ ਬਾਅਦ ਰੁਪਿੰਦਰ ਦੇ ਕੇਸ ਨੂੰ ਲੈ ਕੇ ਅਪਡੇਟ ਆਈ ਹੈ। ਵਿੰਡਸਰ ਪੁਲਿਸ ਦਾ ਕਹਿਣਾ ਹੈ ਕਿ ਇੱਕ ਔਰਤ ਜਿਸਦੀ ਪਿਛਲੇ ਦਸੰਬਰ ਵਿੱਚ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ, ਲਾਸਾਲੇ ਵਿੱਚ ਮ੍ਰਿਤਕ ਮਿਲੀ ਹੈ।

ਜੂਨ 2025 ਵਿੱਚ ਫਾਈਟਿੰਗ ਆਈਲੈਂਡ ਦੇ ਨੇੜੇ ਡੇਟ੍ਰੋਇਟ ਨਦੀ ਵਿੱਚ ਲਾਸਾਲੇ ਪੁਲਿਸ ਦੁਆਰਾ ਮਨੁੱਖੀ ਅਵਸ਼ੇਸ਼ ਲੱਭੇ ਗਏ ਸਨ। ਫੋਰੈਂਸਿਕ ਜਾਂਚ ਤੋਂ ਬਾਅਦ ਮ੍ਰਿਤਕ ਦੀ ਪਛਾਣ ਰਸਮੀ ਤੌਰ 'ਤੇ 27 ਸਾਲਾ ਰੁਪਿੰਦਰ ਕੌਰ ਵਜੋਂ ਹੋਈ। ਇਸ ਤੋਂ ਪਹਿਲਾਂ ਅਪ੍ਰੈਲ 2025 'ਚ 21 ਸਾਲਾ ਵਿਦਿਆਰਥਣ ਵੰਸ਼ਿਕਾ ਸੈਣੀ ਕਈ ਦਿਨਾਂ ਤੋਂ ਲਾਪਤਾ ਰਹਿਣ ਤੋਂ ਬਾਅਦ ਓਟਾਵਾ ਦੇ ਇੱਕ ਬੀਚ 'ਤੇ ਮ੍ਰਿਤਕ ਪਾਈ ਗਈ ਸੀ। ਕਥਿਤ ਤੌਰ 'ਤੇ ਉਹ ਕਿਰਾਏ ਦੇ ਕਮਰੇ ਨੂੰ ਦੇਖਣ ਲਈ ਆਪਣੇ ਘਰ ਤੋਂ ਬਾਹਰ ਨਿਕਲੀ ਸੀ ਪਰ ਕਦੇ ਵਾਪਸ ਨਹੀਂ ਆਈ। ਜਾਂਚ ਤੋਂ ਬਾਅਦ ਉਸ ਦੇ ਮ੍ਰਿਤਕ ਹੋਣ ਦੀ ਖਬਰ ਹੀ ਸੁਣਨ ਨੂੰ ਪ੍ਰਾਪਤ ਹੋਈ ਸੀ। ਜਨਵਰੀ 2025 'ਚ 22 ਸਾਲਾ ਸੰਦੀਪ ਕੌਰ ਕੇਪ ਸਪੀਅਰ, ਨਿਊਫਾਊਂਡਲੈਂਡ ਵਿਖੇ ਸਮੁੰਦਰ ਵਿੱਚ ਰੁੜ੍ਹਨ ਤੋਂ ਬਾਅਦ ਲਾਪਤਾ ਹੋ ਗਈ ਸੀ। ਉਹ ਪੰਜਾਬ ਦੀ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਸੀ ਅਤੇ ਹੁਣ ਤੱਕ ਉਸ ਦੀ ਮ੍ਰਿਤਕ ਦੇਹ ਬਰਾਮਦ ਨਹੀਂ ਕੀਤੀ ਗਈ।

Tags:    

Similar News