ਅਮਰੀਕਾ: 6 ਸੀਕ੍ਰੇਟ ਸਰਵਿਸ ਏਜੰਟ ਮੁਅੱਤਲ
ਡਿਪਟੀ ਡਾਇਰੈਕਟਰ ਕੁਇਨ ਦਾ ਕਹਿਣਾ ਹੈ ਕਿ ਸਿਸਟਮ ਵਿੱਚ ਸੁਧਾਰ ਸਿਰਫ਼ ਸਜ਼ਾ ਦੇਣ ਨਾਲ ਨਹੀਂ, ਸਗੋਂ ਅੰਦਰੂਨੀ ਤੌਰ 'ਤੇ ਵਿਅਵਸਥਾ ਨੂੰ ਮਜ਼ਬੂਤ ਕਰਕੇ ਆਉਂਦੇ ਹਨ।
ਅਮਰੀਕਾ ਵਿੱਚ ਪਿਛਲੇ ਸਾਲ ਪੈਨਸਿਲਵੇਨੀਆ ਦੇ ਬਟਲਰ ਵਿੱਚ ਚੋਣ ਰੈਲੀ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹੋਏ ਜਾਨਲੇਵਾ ਹਮਲੇ ਦੀ ਜਾਂਚ 'ਚ ਵੱਡੀ ਕਾਰਵਾਈ ਹੋਈ ਹੈ। 6 ਸੀਕ੍ਰੇਟ ਸਰਵਿਸ ਏਜੰਟਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ਉੱਤੇ ਗੰਭੀਰ ਸੁਰੱਖਿਆ ਕੁਤਾਹੀਆਂ ਦਾ ਦੋਸ਼ ਲਗਾਇਆ ਗਿਆ ਹੈ।
ਕੀ ਸੀ ਮਾਮਲਾ?
2024 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ, ਟਰੰਪ 'ਤੇ ਚੋਣ ਰੈਲੀ ਦੌਰਾਨ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿੱਚ ਉਹ ਜ਼ਖਮੀ ਹੋ ਗਏ ਸਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਹਮਲਾਵਰ ਕਾਫ਼ੀ ਸਮੇਂ ਤੋਂ ਨੇੜੇ ਮੌਜੂਦ ਸੀ, ਪਰ ਸੀਕ੍ਰੇਟ ਸਰਵਿਸ ਸਮੇਂ ਸਿਰ ਉਸਦੀ ਪਛਾਣ ਨਹੀਂ ਕਰ ਸਕੀ। ਇਸ ਘਟਨਾ ਨੇ ਅਮਰੀਕਾ ਦੀ ਰਾਜਨੀਤਿਕ ਸੁਰੱਖਿਆ ਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਸਨ।
ਏਜੰਟਾਂ 'ਤੇ ਕਾਰਵਾਈ
ਸੀਕ੍ਰੇਟ ਸਰਵਿਸ ਦੇ ਡਿਪਟੀ ਡਾਇਰੈਕਟਰ ਮੈਟ ਕੁਇਨ ਨੇ ਦੱਸਿਆ ਕਿ ਮੁਅੱਤਲੀ ਦੀ ਮਿਆਦ 10 ਤੋਂ 42 ਦਿਨਾਂ ਦੇ ਵਿਚਕਾਰ ਹੈ ਅਤੇ ਇਸ ਦੌਰਾਨ ਏਜੰਟਾਂ ਨੂੰ ਤਨਖਾਹ ਨਹੀਂ ਮਿਲੇਗੀ। ਹਾਲਾਂਕਿ, ਉਨ੍ਹਾਂ ਨੂੰ ਬਰਖਾਸਤ ਨਹੀਂ ਕੀਤਾ ਗਿਆ, ਪਰ ਮੁਅੱਤਲੀ ਤੋਂ ਬਾਅਦ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਘੱਟ ਕਰ ਦਿੱਤੀਆਂ ਜਾਣਗੀਆਂ ਅਤੇ ਘੱਟ ਸੰਵੇਦਨਸ਼ੀਲ ਭੂਮਿਕਾਵਾਂ ਵਿੱਚ ਤਾਇਨਾਤ ਕੀਤਾ ਜਾਵੇਗਾ।
ਕੁਇਨ ਨੇ ਕਿਹਾ,
"ਅਸੀਂ ਇਸਨੂੰ ਬਰਖਾਸਤਗੀ ਰਾਹੀਂ ਹੱਲ ਨਹੀਂ ਕਰਨ ਜਾ ਰਹੇ। ਅਸੀਂ ਜੜ੍ਹ ਤੱਕ ਜਾਵਾਂਗੇ ਅਤੇ ਉਹਨਾਂ ਖਾਮੀਆਂ ਨੂੰ ਦੂਰ ਕਰਾਂਗੇ, ਜਿਨ੍ਹਾਂ ਕਾਰਨ ਇਹ ਸਥਿਤੀ ਪੈਦਾ ਹੋਈ।"
ਸੁਰੱਖਿਆ ਪ੍ਰਣਾਲੀ 'ਤੇ ਚਰਚਾ
ਹਮਲੇ ਤੋਂ ਬਾਅਦ ਸੀਕ੍ਰੇਟ ਸਰਵਿਸ ਅਤੇ ਅਮਰੀਕੀ ਸੁਰੱਖਿਆ ਪ੍ਰਣਾਲੀ ਦੀ ਸਮੀਖਿਆ ਕੀਤੀ ਜਾ ਰਹੀ ਹੈ। ਕਈ ਮਾਹਰਾਂ ਅਤੇ ਕਾਨੂੰਨਸਾਜ਼ਾਂ ਨੇ ਇਸਨੂੰ ਸੁਰੱਖਿਆ ਵਿੱਚ ਵੱਡੀ ਕੁਤਾਹੀ ਕਰਾਰ ਦਿੱਤਾ ਹੈ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਡਿਪਟੀ ਡਾਇਰੈਕਟਰ ਕੁਇਨ ਦਾ ਕਹਿਣਾ ਹੈ ਕਿ ਸਿਸਟਮ ਵਿੱਚ ਸੁਧਾਰ ਸਿਰਫ਼ ਸਜ਼ਾ ਦੇਣ ਨਾਲ ਨਹੀਂ, ਸਗੋਂ ਅੰਦਰੂਨੀ ਤੌਰ 'ਤੇ ਵਿਅਵਸਥਾ ਨੂੰ ਮਜ਼ਬੂਤ ਕਰਕੇ ਆਉਂਦੇ ਹਨ।
ਇਹ ਘਟਨਾ ਅਮਰੀਕਾ ਦੀ ਸਿਆਸੀ ਸੁਰੱਖਿਆ ਪ੍ਰਣਾਲੀ ਲਈ ਵੱਡੀ ਚੇਤਾਵਨੀ ਹੈ ਅਤੇ ਹੁਣ ਸੁਰੱਖਿਆ ਪ੍ਰਬੰਧਾਂ ਵਿੱਚ ਵਧੇਰੇ ਸੁਧਾਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।