ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਪਰ ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਨਹੀਂ
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ, ਸਰਬਜੀਤ ਸਿੰਘ ਝਿੰਜਰ ਨੇ ਕਿਹਾ, “ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਅੱਜ ਬੜੀ ਉਤਸ਼ਾਹ ਨਾਲ ਸ਼ੁਰੂ ਹੋਈ।;
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ੁਰੂ, ਸਰਬਜੀਤ ਸਿੰਘ ਝਿੰਜਰ ਪਹਿਲੇ ਮੈਂਬਰ ਬਣੇ
(ਬਿਕਰਮਜੀਤ ਸਿੰਘ)
21 ਜਨਵਰੀ, ਫਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਭਰਤੀ ਮੁਹਿੰਮ ਸ਼ੁਰੂ ਤਾਂ ਕਰ ਲਈ ਹੈ ਪਰ ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਮੁਤਾਬਕ ਇਹ ਭਰਤੀ ਸ਼੍ਰੋਮਣੀ ਅਕਾਲੀ ਦਲ ਨੇ ਖੁਦ ਆਪ ਨਹੀਂ ਸੀ ਕਰਨੀ।
ਇਸ ਲਈ ਜਥੇਦਾਰ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਐਲਾਨ ਕੀਤਾ ਸੀ ਕਿ ਸੱਤ ਮੈਂਬਰੀ ਕਮੇਟੀ ਬਣਾਈ ਜਾਵੇਗੀ ਅਤੇ ਉਹ ਇਸ ਨਵੀਂ ਭਰਤੀ ਮੁਹਿੰਮ ਨੂੰ ਵੇਖੇਗੀ । ਪਰ ਅਕਾਲੀ ਦਲ ਤੇ ਲੀਡਰਾਂ ਨੇ ਆਪਣੇ ਪੱਧਰ ਉੱਤੇ ਇਹ ਭਰਤੀ ਸ਼ੁਰੂ ਕਰ ਲਈ ਹੈ ਅਤੇ ਉਹਨਾਂ ਨੇ ਇਸ ਸੱਤ ਮੈਂਬਰੀ ਕਮੇਟੀ ਨਾਲ ਗੱਲ ਕਰਨੀ ਵੀ ਮੁਨਾਸਬ ਨਹੀ ਸਮਝੀ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਜ਼ਿਲ੍ਹੇ ਦੇ ਪਹਿਲੇ ਮੈਂਬਰ ਵਜੋਂ ਦੁਬਾਰਾ ਮੈਂਬਰਸ਼ਿਪ ਲਈ।
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ, ਸਰਬਜੀਤ ਸਿੰਘ ਝਿੰਜਰ ਨੇ ਕਿਹਾ, “ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਅੱਜ ਬੜੀ ਉਤਸ਼ਾਹ ਨਾਲ ਸ਼ੁਰੂ ਹੋਈ। ਇਸ ਮੁਹਿੰਮ ਦਾ ਉਦਘਾਟਨ ਪਾਰਟੀ ਦੇ ਅਬਜਰਵਰ ਬਿਕਰਮ ਸਿੰਘ ਖਾਲਸਾ ਅਤੇ ਪਰਮਜੀਤ ਸਿੰਘ ਢਿੱਲੋ ਨੇ ਕੀਤਾ, ਜਿਨ੍ਹਾਂ ਨੇ ਮੈਨੂੰ ਜ਼ਿਲ੍ਹੇ ਦੀ ਪਹਿਲੀ ਮੈਂਬਰਸ਼ਿਪ ਪਰਚੀ ਜਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਨ ਦਾ ਮੁੜ ਤੋਂ ਮਾਣ ਬਖਸ਼ਿਆ।”
ਉਹਨਾਂ ਨੇ ਅੱਗੇ ਕਿਹਾ, “ਇਸ ਮਹੱਤਵਪੂਰਨ ਮੌਕੇ ’ਤੇ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੀਨੀਅਰ ਲੀਡਰ ਸ੍ਰੀ ਦਰਬਾਰਾ ਸਿੰਘ ਗੁਰੂ , ਜ਼ਿਲ੍ਹਾ ਪ੍ਰਧਾਨ (ਦਿਹਾਤੀ) ਸ੍ਰੀ ਸਰਵੰਜੀਤ ਸਿੰਘ ਚਰਨਾਥਲ , ਸਾਬਕਾ ਚੇਅਰਮੈਨ ਸ੍ਰੀ ਬਲਜੀਤ ਸਿੰਘ ਭੂਟਾ ਅਤੇ ਜ਼ਿਲ੍ਹੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।”
ਮੁਹਿੰਮ ਦੇ ਉਦੇਸ਼ਾਂ ਬਾਰੇ ਗੱਲ ਕਰਦਿਆਂ, ਝਿੰਜਰ ਨੇ ਕਿਹਾ, “ਇਸ ਭਰਤੀ ਮੁਹਿੰਮ ਦਾ ਮੁੱਖ ਉਦੇਸ਼ ਪਾਰਟੀ ਨੂੰ ਜ਼ਮੀਨੀ ਸਤਰ ’ਤੇ ਮਜ਼ਬੂਤ ਕਰਨਾ ਹੈ, ਜ਼ਿਆਦਾ ਤੋਂ ਜ਼ਿਆਦਾ ਮੈਂਬਰਾਂ ਨੂੰ ਸ਼ਾਮਿਲ ਕਰਕੇ ਅਤੇ ਸਮਾਜ ਦੇ ਹਰ ਵਰਗ ਦੀ ਪ੍ਰਤਿਨਿਧਤਾ ਯਕੀਨੀ ਬਣਾਉਣਾ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁੱਲਾਂ ਦੀ ਰੱਖਿਆ ਕਰਨ ਲਈ ਸਮਰਪਿਤ ਰਹੀ ਹੈ, ਅਤੇ ਇਸ ਮੁਹਿੰਮ ਰਾਹੀਂ, ਅਸੀਂ ਉਹਨਾਂ ਵਿਅਕਤੀਆਂ ਨੂੰ ਇਕੱਠਾ ਕਰਨ ਦਾ ਉਦੇਸ਼ ਰੱਖਦੇ ਹਾਂ ਜੋ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਾਡੇ ਦ੍ਰਿਸ਼ਟਿਕੋਣ ਨੂੰ ਸਾਂਝਾ ਕਰਦੇ ਹਨ।”
“ਮੈਂ ਨੌਜਵਾਨਾਂ ਅਤੇ ਸਾਰੇ ਸਮਾਜ ਦੇ ਮੈਂਬਰਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਮੁਹਿੰਮ ਵਿੱਚ ਸਰਗਰਮ ਹਿੱਸਾ ਲੈਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਭਲਾਈ ਲਈ ਇੱਕ ਮਜ਼ਬੂਤ ਤਾਕਤ ਬਣਾਉਣ ਵਿੱਚ ਯੋਗਦਾਨ ਪਾਉਣ,” ਝਿੰਜਰ ਨੇ ਅਖੀਰ ਵਿੱਚ ਕਿਹਾ।