ਅਮਰੀਕਾ ਵਿਚ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ

Update: 2025-01-24 19:01 GMT

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਕੋਨੈਕਟੀਕਟ ਰਾਜ ਵਿਚ ਨਿਊ ਹੈਵਨ ਵਿਖੇ ਇਕ ਭਾਰਤੀ ਮੂਲ ਦੇ 26 ਸਾਲਾ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਰਿਪੋਰਟ ਹੈ। ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਸੂਚਨਾ ਮਿਲਣ 'ਤੇ ਪੁਲਿਸ ਅਫਸਰ ਦੁਪਹਿਰ ਬਾਅਦ 4 ਵਜੇ ਦੇ ਆਸ ਪਾਸ ਘਟਨਾ ਸਥਾਨ 'ਤੇ ਪੁੱਜੇ। ਮੌਕੇ ਉਪਰ ਇਕ ਵਿਅਕਤੀ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਵੀਤੇਜਾ ਕੋਆਡਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਕੋਆਡਾ ਚੀਨ ਦੇ ਇਕ ਰੈਸਟੋਰੈਂਟ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ ਤੇ ਉਸ ਨੂੰ ਗੋਲੀ ਉਸ ਵੇਲੇ ਮਾਰੀ ਗਈ ਜਦੋਂ ਉਹ ਕਿਸੇ ਗਾਹਕ ਨੂੰ ਭੋਜਨ ਦੇਣ ਗਿਆ ਸੀ। ਗੋਲੀ ਮਾਰਨ ਉਪਰੰਤ ਉਸ ਦੀ ਕਾਰ ਵੀ ਚੋਰੀ ਹੋ ਗਈ ਪਰੰਤੂ ਪੁਲਿਸ ਨੇ ਕਾਰ ਨੂੰ ਬਰਾਮਦ ਕਰ ਲਿਆ ਹੈ । ਮਾਮਲੇ ਦੀ ਨਿਊ ਹੈਵਨ ਪੁਲਿਸ ਵਿਭਾਗ ਜਾਂਚ ਕਰ ਰਿਹਾ ਹੈ। ਪੁਲਿਸ ਅਨੁਸਾਰ ਅਜੇ ਤੱਕ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ ਤੇ ਉਸ ਨੇ ਮਾਮਲਾ ਸੁਲਝਾਉਣ ਲਈ ਮੌਕੇ 'ਤੇ ਮੌਜੂਦ ਲੋਕਾਂ ਨੂੰ ਮੱਦਦ ਦੀ ਅਪੀਲ ਕੀਤੀ ਹੈ। ਭਾਰਤ ਦੇ ਕੌਂਸਲੇਟ ਜਨਰਲ ਨਿਊਯਾਰਕ ਨੇ ਕੋਆਡਾ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਹ ਪਰਿਵਾਰ ਦੇ ਸੰਪਰਕ ਵਿਚ ਹੈ। ਕੋਆਡਾ ਮੂਲ ਰੂਪ ਵਿਚ ਤੇਲੰਗਾਨਾ ਦਾ ਰਹਿਣ ਵਾਲਾ ਸੀ ਤੇ ਉਹ 2022 ਵਿਚ ਅਮਰੀਕਾ ਆਇਆ ਸੀ ਜਿਥੇ ਉਹ ਮਾਸਟਰ ਡਿਗਰੀ ਕਰ ਰਿਹਾ ਸੀ।


Tags:    

Similar News