ਮੁੰਬਈ 'ਚ 20ਵੀਂ ਮੰਜ਼ਿਲ ਤੋਂ ਡਿੱਗੇ 6 ਮਜ਼ਦੂਰ; 4 ਦੀ ਮੌਤ
ਮੁੰਬਈ : ਮੁੰਬਈ ਦੇ ਮਲਾਡ ਈਸਟ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਕੰਮ ਕਰ ਰਹੇ 6 ਮਜ਼ਦੂਰ 20ਵੀਂ ਮੰਜ਼ਿਲ ਤੋਂ ਡਿੱਗ ਗਏ, ਜਿਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਵਿਅਕਤੀ ਗੰਭੀਰ ਹਾਲਤ ਵਿਚ ਇਲਾਜ ਅਧੀਨ ਹਨ।
ਇਹ ਹਾਦਸਾ ਸਵੇਰੇ ਕਰੀਬ 11:40 ਵਜੇ ਵਾਪਰਿਆ, ਜਦੋਂ ਮਲਾਡ ਈਸਟ ਦੇ ਗੋਵਿੰਦ ਨਗਰ ਇਲਾਕੇ 'ਚ ਸਥਿਤ ਨਵਜੀਵਨ ਬਿਲਡਿੰਗ 'ਚ ਕੰਮ ਚੱਲ ਰਿਹਾ ਸੀ। ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਡਿੰਡੋਸ਼ੀ ਪੁਲੀਸ ਨੂੰ ਕਰੀਬ ਅੱਧੇ ਘੰਟੇ ਬਾਅਦ ਮਿਲੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਇਮਾਰਤ ਵਿੱਚ ਵਾਪਰਿਆ ਜੋ ਝੁੱਗੀ-ਝੌਂਪੜੀ ਦੇ ਮੁੜ ਵਸੇਬੇ ਲਈ ਬਣਾਈ ਜਾ ਰਹੀ ਹੈ।
ਇਹ ਇਮਾਰਤ ਸ਼ਿਵ ਸ਼ਕਤੀ ਬਿਲਡਰਜ਼ ਵੱਲੋਂ ਬਣਾਈ ਜਾ ਰਹੀ ਹੈ। ਵੀਰਵਾਰ ਨੂੰ 20ਵੀਂ ਮੰਜ਼ਿਲ 'ਤੇ ਕਰੀਬ 28 ਮਜ਼ਦੂਰ ਕੰਮ ਕਰ ਰਹੇ ਸਨ। ਇਸ ਦੌਰਾਨ ਉੱਥੇ ਬਣੀ ਇੱਕ ਸਲੈਬ ਡਿੱਗ ਗਈ ਅਤੇ ਉਸ ਵਿੱਚ ਖੜ੍ਹੇ ਛੇ ਮਜ਼ਦੂਰ ਹੇਠਾਂ ਡਿੱਗ ਗਏ। ਇਸ ਭਿਆਨਕ ਹਾਦਸੇ 'ਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਜ਼ਖਮੀ ਹਾਲਤ 'ਚ ਨੇੜੇ ਦੇ ਹਸਪਤਾਲ 'ਚ ਇਲਾਜ ਅਧੀਨ ਹਨ। ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਮਜ਼ਦੂਰ ਦੀ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਬਿਲਡਰਾਂ 'ਤੇ ਸਵਾਲ ਉੱਠ ਰਹੇ ਹਨ ਕਿ ਉੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਕੰਮ ਚੱਲ ਰਿਹਾ ਸੀ ਉੱਥੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਸਨ। ਫਿਲਹਾਲ ਪੁਲਿਸ ਮੌਕੇ 'ਤੇ ਮੌਜੂਦ ਹੋਰ ਮਜ਼ਦੂਰਾਂ ਦੇ ਬਿਆਨ ਲੈ ਰਹੀ ਹੈ ਤਾਂ ਜੋ ਉੱਥੇ ਦੀ ਸਥਿਤੀ ਦਾ ਸਹੀ ਅੰਦਾਜ਼ਾ ਲਗਾਇਆ ਜਾ ਸਕੇ। ਇਸ ਮਾਮਲੇ ਵਿੱਚ ਠੇਕੇਦਾਰ ਅਤੇ ਸੁਪਰਵਾਈਜ਼ਰ ਖ਼ਿਲਾਫ਼ ਕੇਸ ਦਰਜ ਕੀਤਾ ਜਾ ਸਕਦਾ ਹੈ। ਪੁਲਿਸ ਨੇ ਕਿਹਾ ਕਿ ਜੇਕਰ ਇਹ ਲੋਕ ਦੋਸ਼ੀ ਪਾਏ ਗਏ ਤਾਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।