ਉਨਟਾਰੀਓ ‘ਚ ਨੌਮਨੀ ਪ੍ਰੋਗਰਾਮ ਤਹਿਤ 2680 ਰੱਦ ਕੇਸਾਂ ਤੇ ਮੁੜ ਵਿਚਾਰ ਹੋਵੇਗੀ-ਡੱਗ ਫੋਰਡ
ਮਿਆਦ ਪੁੱਗੇ ਵਰਕ ਪਰਮਿਟਾਂ ਤੇ ਪ੍ਰੀਮੀਅਰ ਮਿਲ ਕੇ ਫੈਸਲਾ ਲੈਣਗੇ
ਟਰਾਂਟੋ 25 ਨਵੰਬਰ (ਹਮਦਰਦ ਦੇ ਵਿਸ਼ੇਸ਼ ਪ੍ਰਤੀਨਿਧ ਦੁਆਰਾ):-ਬੀਤੇ ਦਿਨੀਂ 24 ਨਵੰਬਰ ਨੂੰ ਉਨਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਸਮਾਗਮ ਮੌਕੇ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਗੁਰੂ ਘਰ ਵਿਖੇ ਸ਼ਰਧਾਂ ਦੇ ਫੁੱਲ ਭੇਂਟ ਕਰਨ ਲਈ ਨਤਮਸਤਕ ਹੋਏ। ਲੱਗਭਗ ਇਕ ਘੰਟਾ ਗੁਰੂ ਘਰ ਵਿਖੇ ਹਾਜ਼ਰੀਆਂ ਭਰੀਆਂ ਤੇ ਉਨ੍ਹਾਂ ਨੇ ਗੁਰੂ ਘਰ ਦੇ ਪ੍ਰਬੰਧਕ ਭਾਈ ਅਮਰਜੀਤ ਸਿੰਘ ਦਿਉਲ, ਭਾਈ ਪਰਮਿੰਦਰਜੀਤ ਸਿੰਘ ਹਰਗਣ ਤੇ ਹੋਰ ਮੈਂਬਰਾਂ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਨੌਮਨੀ ਪ੍ਰੋਗਰਾਮ ਦੇ ਰੱਦ ਹੋਏ ਕੇਸਾਂ ਅਤੇ ਸਟੂਡੈਂਟਾਂ ਦੇ ਮਿਆਦ ਪੁੱਗ ਚੁੱਕੇ ਵਰਕ ਪਰਮਿਟਾਂ ਦੇ ਮਾਮਲੇ ਨੂੰ ਲੈ ਕੇ ਉਨਟਾਰੀਓ ਗੁਰਦੁਆਰਾਜ਼ ਕਮੇਟੀ ਦੇ ਮੈਂਬਰਾਂ ਸਦਕਾ ਸਟੂਡੈਂਟਾਂ ਦੇ ਇਕ ਵਫਦ ਨਾਲ ਪ੍ਰੀਮੀਅਰ ਡੱਗ ਫੋਰਡ ਨੇ ਮੁਲਾਕਾਤ ਕੀਤੀ।
ਸਟੂਡੈਂਟਾਂ ਵਲੋਂ ਪ੍ਰੀਮੀਅਰ ਨੂੰ ਉਨ੍ਹਾਂ ਮੰਗਾਂ ਬਾਰੇ ਦੱਸਿਆ ਗਿਆ ਜਿਨ੍ਹਾਂ ਸਬੰਧੀ ਬੀਤੇ ਦਿਨਾਂ ਤੋਂ ਉਨਟਾਰੀਓ ਦੀ ਅਸੈਂਬਲੀ ਕਿਊਨਜ਼ ਪਾਰਕ ਟਰਾਂਟੋ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਸਟੂਡੈਂਟਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਤੇ ਸਾਲਾਬੱਦੀ ਇਸ ਗੱਲ ਦਾ ਇੰਤਜਾਰ ਕੀਤਾ ਕਿ ਉਨ੍ਹਾਂ ਦੀ ਵਾਰੀ ਆਉਣ ਵਾਲੀ ਹੈ ਪਰ ਉਸ ਸਮੇਂ ਉਨ੍ਹਾਂ ਨੂੰ ਬਹੁਤ ਦੁੱਖ ਲੱਗਿਆ ਜਦੋਂ ਉਨ੍ਹਾਂ ਦੀਆਂ ਅਰਜ਼ੀਆਂ ਅਚਾਨਕ ਰੱਦ ਕਰ ਦਿੱਤੀਆਂ।ਡੱਗ ਫੋਰਡ ਨੇ ਸਟੂਡੈਂਟਾਂ ਦੀਆਂ ਮੰਗਾਂ ਬੜੇ ਧਿਆਨ ਨਾਲ ਸੁਣੀਆਂ।ਸਟੂਡੈਂਟਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਵਰਕ ਪਰਮਿਟ ਤੇ ਨੌਕਰੀਆਂ ਵੀ ਗਵਾਉਣੀਆਂ ਪਈਆਂ। ਅਖੀਰ ਨੂੰ ਜਦੋਂ ਸਭ ਉਮੀਦਾਂ ਟੁੱਟ ਗਈਆਂ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਦੇ ਸਾਹਮਣੇ ਆਪਣਾ ਰੋਸ ਪ੍ਰਗਟ ਕਰਨਾ ਪਿਆ।
ਪ੍ਰੀਮੀਅਰ ਨੇ ਸਟੂਡੈਂਟਾਂ ਨਾਲ ਗੁਰੂ ਵਿਖੇ ਉਨ੍ਹਾਂ ਦੀ ਮੰਗਾਂ ਸਬੰਧੀ ਭਰੋਸਾ ਦਿਵਾਉਂਦਿਆਂ ਕਿਹਾ ਕਿ ਜਿਹੜੇ ਨੌਮਨੀ ਪ੍ਰੋਗਰਾਮ ਤਹਿਤ ਉਨਟਾਰੀਓ ‘ਚ 2680 ਕੇਸ ਰੱਦ ਕੀਤੇ ਗਏ ਹਨ ਉਨ੍ਹਾਂ ਦੀਆਂ ਫਾਇਲਾਂ ਮੁੜ ਖੋਲ੍ਹੀਆਂ ਜਾਣਗੀਆਂ ਤੇ ਸਾਰੇ ਕੇਸਾਂ ਤੇ ਵਿਚਾਰ ਕੀਤੀ ਜਾਵੇਗੀ।15 ਮਿੰਟ ਦੀ ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਟੂਡੈਂਟ ਹੋਰ ਕੇਸਾਂ ਲਈ ਜਿਥੇ ਉਹ ਯੋਗ ਹਨ ਉਥੇ ਅਪਲਾਈ ਕਰ ਸਕਦੇ ਹਨ। ਸਟੂਡੈਂਟਾਂ ਦਾ ਕਹਿਣਾ ਸੀ ਕਿ ਮਿਨੀਮਮ 35 ਡਾਲਰ ਵਾਲੀਆਂ ਜੌਬਾਂ ਤੇ ਵੀ ਅਪਲਾਈ ਕਰਨ ਲਈ ਵੀ ਦੋ ਸਾਲ ਦਾ ਸਮਾਂ ਸੀ ਉਹ ਵੀ ਲੰਘ ਚੁੱਕਿਆ ਹੈ।ਸਟੂਡੈਂਟਾਂ ਦੇ ਵਰਕ ਪਰਮਿਟ ਰੀਨਿਊ ਨਾ ਹੋਣ ਬਾਰੇ ਪੁੱਛੇ ਸੁਆਲਾਂ ਦੇ ਜਵਾਬ ਦਿੰਦਿਆਂ ਡੱਗ ਫੋਰਡ ਨੇ ਕਿਹ ਕਿ ਇਸ ਸਬੰਧੀ ਉਹ ਦੂਜੇ ਪ੍ਰੋਵਿੰਸਾਂ ਦੇ ਪ੍ਰੀਮੀਅਰ ਨਾਲ ਵਿਚਾਰ ਵਟਾਂਦਰਾ ਕਰਕੇ ਫੈਡਰਲ ਸਰਕਾਰ ਨਾਲ ਗੱਲਬਾਤ ਕਰਨਗੇ ਕਿਉਂਕਿ ਇਹ ਮਾਮਲਾ ਕੈਨੇਡਾ ਪੱਧਰ ਦਾ ਹੈ।
ਪ੍ਰੀਮੀਅਰ ਦੇ ਨਾਲ ਗੁਰੂ ਘਰ ਵਿਖੇ ਕੈਬਨਿਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਵਿਧਾਇਕ ਅਮਰਜੋਤ ਸਿੰਘ ਸੰਧੂ ਤੇ ਵਿਧਾਇਕ ਹਰਦੀਪ ਸਿੰਘ ਗਰੇਵਾਲ ਵੀ ਗੁਰੂ ਘਰ ਵਿਖੇ ਹਾਜ਼ਰੀ ਭਰਨ ਪਹੁੰਚੇ ਸਨ। ਇਹ ਮੀਟਿੰਗ ਉਨਟਾਰੀਓ ਗੁਰਦੁਆਰਾਜ਼ ਕਮੇਟੀ ਦੇ ਅਮਰਜੀਤ ਸਿੰਘ ਮਾਨ, ਭਗਤ ਸਿੰਘ ਬਰਾੜ, ਪਰਮਿੰਦਰਜੀਤ ਸਿੰਘ ਹਰਗਣ, ਲਖਵਿੰਦਰ ਸਿੰਘ, ਅਮਰਜੀਤ ਸਿੰਘ ਦਿਉਲ, ਮੇਜਰ ਸਿੰਘ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਰਹੇ। ਅੰਤਰ ਰਾਸ਼ਟਰੀ ਵਿਦਿਆਰਥੀਆਂ ਦੇ ਵਫਦ ਨੇ ਹਮਦਰਦ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਡੱਗ ਫੋਰਡ ਨਾਲ ਗੱਲਬਾਤ ਕਰਕੇ ਕਾਫੀ ਤਸੱਲੀ ਹੋਈ ਹੈ ਤੇ ਉਨ੍ਹਾਂ ਨੇ ਉਨਟਾਰੀਓ ਗੁਰਦੁਆਰਾਜ਼ ਕਮੇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਲਈ ਇਹ ਮੌਕਾ ਪ੍ਰਦਾਨ ਕੀਤਾ।