ਪਾਕਿਸਤਾਨ ਦੇ ਭਾਰਤ ਵਿਚ 16 ਵੱਡੇ ਯੂਟਿਊਬ ਚੈਨਲ ਬਲਾਕ
ਇਹ 16 ਚੈਨਲ ਕੁੱਲ ਮਿਲਾ ਕੇ 6.3 ਕਰੋੜ ਤੋਂ ਵੱਧ ਗਾਹਕਾਂ ਵਾਲੇ ਹਨ। ਬਲਾਕ ਕੀਤੇ ਚੈਨਲਾਂ ਵਿੱਚ ਡਾਨ ਨਿਊਜ਼, ਸਮਾ ਟੀਵੀ, ਏਆਰਵਾਈ ਨਿਊਜ਼, ਬੋਲ ਨਿਊਜ਼, ਰਫਤਾਰ, ਜੀਓ ਨਿਊਜ਼, ਸੁਨੋ
ਭਾਰਤ ਨੇ ਪਾਕਿਸਤਾਨ ਵਿਰੁੱਧ ਡਿਜੀਟਲ ਮੋਰਚੇ 'ਤੇ ਵੱਡੀ ਕਾਰਵਾਈ ਕਰਦਿਆਂ 16 ਵੱਡੇ ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਮਸ਼ਹੂਰ ਕ੍ਰਿਕਟਰ ਸ਼ੋਏਬ ਅਖਤਰ ਦਾ ਚੈਨਲ ਵੀ ਸ਼ਾਮਲ ਹੈ। ਇਹ ਕਦਮ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਚੁੱਕਿਆ ਗਿਆ, ਜਿਸ ਵਿੱਚ 26 ਲੋਕ ਮਾਰੇ ਗਏ ਸਨ। ਸਰਕਾਰ ਨੇ ਇਹ ਫੈਸਲਾ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫ਼ਾਰਸ਼ 'ਤੇ ਲਿਆ, ਕਿਉਂਕਿ ਇਨ੍ਹਾਂ ਚੈਨਲਾਂ ਵੱਲੋਂ ਭਾਰਤ ਵਿਰੁੱਧ ਭੜਕਾਊ, ਫਿਰਕੂ ਅਤੇ ਗਲਤ ਜਾਣਕਾਰੀ ਵਾਲੀ ਸਮੱਗਰੀ ਚਲਾਈ ਜਾ ਰਹੀ ਸੀ, ਜੋ ਕੌਮੀ ਸੁਰੱਖਿਆ ਅਤੇ ਆਮਨ-ਕਨੂੰਨ ਲਈ ਖ਼ਤਰਾ ਬਣ ਸਕਦੀ ਸੀ।
ਇਹ 16 ਚੈਨਲ ਕੁੱਲ ਮਿਲਾ ਕੇ 6.3 ਕਰੋੜ ਤੋਂ ਵੱਧ ਗਾਹਕਾਂ ਵਾਲੇ ਹਨ। ਬਲਾਕ ਕੀਤੇ ਚੈਨਲਾਂ ਵਿੱਚ ਡਾਨ ਨਿਊਜ਼, ਸਮਾ ਟੀਵੀ, ਏਆਰਵਾਈ ਨਿਊਜ਼, ਬੋਲ ਨਿਊਜ਼, ਰਫਤਾਰ, ਜੀਓ ਨਿਊਜ਼, ਸੁਨੋ ਨਿਊਜ਼, ਸਮਾ ਸਪੋਰਟਸ, ਜੀਐਨਐਨ, ਉਜ਼ੈਰ ਕ੍ਰਿਕਟ, ਉਮਰ ਚੀਮਾ ਐਕਸਕਲੂਸਿਵ, ਅਸਮਾ ਸ਼ਿਰਾਜ਼ੀ, ਮੁਨੀਬ ਫਾਰੂਕ, ਇਰਸ਼ਾਦ ਭੱਟੀ, ਰਾਜ਼ੀ ਨਾਮਾ ਅਤੇ The Pakistan Reference ਸ਼ਾਮਲ ਹਨ।
ਭਾਰਤ ਸਰਕਾਰ ਨੇ ਦੱਸਿਆ ਕਿ ਇਹ ਚੈਨਲ ਜ਼ਿਆਦਾਤਰ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਭਾਰਤ ਵਿਰੁੱਧ ਉਕਸਾਉਣ ਵਾਲੀ ਅਤੇ ਗਲਤ ਜਾਣਕਾਰੀ ਫੈਲਾ ਰਹੇ ਸਨ, ਜਿਸ ਨਾਲ ਭਾਰਤ ਦੀ ਸੁਰੱਖਿਆ, ਅਖੰਡਤਾ ਅਤੇ ਲੋਕਾਂ ਵਿੱਚ ਫਿਰਕੂ ਤਣਾਅ ਪੈਦਾ ਹੋ ਸਕਦਾ ਸੀ। ਇਸ ਕਾਰਵਾਈ ਨਾਲ ਭਾਰਤ ਨੇ ਸਪਸ਼ਟ ਕੀਤਾ ਹੈ ਕਿ ਉਹ ਡਿਜੀਟਲ ਪਲੇਟਫਾਰਮਾਂ 'ਤੇ ਭੜਕਾਊ ਅਤੇ ਗਲਤ ਜਾਣਕਾਰੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗਾ।
ਇਸ ਤੋਂ ਪਹਿਲਾਂ ਵੀ ਭਾਰਤ ਵਲੋਂ ਕਈ ਪਾਕਿਸਤਾਨੀ ਚੈਨਲਾਂ ਨੂੰ ਬਲਾਕ ਕੀਤਾ ਜਾ ਚੁੱਕਾ ਹੈ, ਪਰ ਇਸ ਵਾਰ ਕਾਰਵਾਈ ਪਹਿਲਗਾਮ ਹਮਲੇ ਤੋਂ ਬਾਅਦ ਵਧੇ ਤਣਾਅ ਦੇ ਮਾਹੌਲ ਵਿੱਚ ਹੋਈ ਹੈ।