ਕਾਂਗੋ 'ਚ ਕਿਸ਼ਤੀ 'ਤੇ ਧਮਾਕੇ ਕਾਰਨ 145 ਮੌਤਾਂ ਦੀ ਪੁਸ਼ਟੀ, ਕਈ ਲਾਪਤਾ
ਧਮਾਕੇ ਦੇ ਤੁਰੰਤ ਬਾਅਦ ਭਗਦੜ ਮਚ ਗਈ। ਕਈ ਲੋਕ ਅੱਗ ਵਿਚ ਸੜ ਕੇ ਮਰ ਗਏ ਤੇ ਕਈ ਕਿਸ਼ਤੀ ਡੁੱਬਣ ਕਰਕੇ ਨਦੀ ਵਿੱਚ ਸਮਾ ਗਏ।
ਮਬੰਡਾਕਾ (ਕਾਂਗੋ) – ਅਫ਼ਰੀਕੀ ਦੇਸ਼ ਕਾਂਗੋ ਵਿੱਚ ਇੱਕ ਵੱਡੀ ਕਿਸ਼ਤੀ 'ਤੇ ਖਾਣਾ ਪਕਾਉਂਦੇ ਸਮੇਂ ਹੋਏ ਧਮਾਕੇ ਕਾਰਨ ਹੋਏ ਹਾਦਸੇ ਵਿੱਚ ਘੱਟੋ-ਘੱਟ 145 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਦਰਜਨ ਲੋਕ ਹਜੇ ਵੀ ਲਾਪਤਾ ਹਨ। ਇਹ ਹਾਦਸਾ ਮੰਗਲਵਾਰ ਦੀ ਰਾਤ ਨੂੰ ਮਬੰਡਾਕਾ ਦੇ ਨੇੜੇ ਕਾਂਗੋ ਅਤੇ ਰੁਕੀ ਨਦੀਆਂ ਦੇ ਸੰਗਮ 'ਤੇ ਵਾਪਰਿਆ।
ਅੱਗ ਅਤੇ ਧਮਾਕੇ ਨੇ ਮਚਾਈ ਤਬਾਹੀ
ਸਥਾਨਕ ਅਧਿਕਾਰੀਆਂ ਅਨੁਸਾਰ, ਕਿਸ਼ਤੀ 'ਤੇ ਸਵਾਰ ਲੋਕ ਆਪਣੀਆਂ ਜ਼ਰੂਰਤਾਂ ਲਈ ਬਾਲਣ ਲੈ ਕੇ ਜਾ ਰਹੇ ਸਨ। ਇੱਕ ਔਰਤ ਵੱਲੋਂ ਖਾਣਾ ਪਕਾਉਣ ਲਈ ਅੱਗ ਲਾਈ ਗਈ, ਜਿਸ ਦੇ ਨੇੜੇ ਹੀ ਬਹੁਤ ਜ਼ਿਆਦਾ ਜਲਣਸ਼ੀਲ ਬਾਲਣ ਰੱਖਿਆ ਗਿਆ ਸੀ। ਅਚਾਨਕ ਬਾਲਣ ਅੱਗ ਦੇ ਸੰਪਰਕ 'ਚ ਆਇਆ ਤੇ ਤਗੜਾ ਧਮਾਕਾ ਹੋਇਆ, ਜਿਸ ਨਾਲ ਕਿਸ਼ਤੀ 'ਚ ਅੱਗ ਲੱਗ ਗਈ ਅਤੇ ਉਸਨੇ ਪਲਟੀ ਮਾਰ ਲਈ।
ਬੇਹਦ ਭਿਆਨਕ ਮੌਤਾਂ
ਧਮਾਕੇ ਦੇ ਤੁਰੰਤ ਬਾਅਦ ਭਗਦੜ ਮਚ ਗਈ। ਕਈ ਲੋਕ ਅੱਗ ਵਿਚ ਸੜ ਕੇ ਮਰ ਗਏ ਤੇ ਕਈ ਕਿਸ਼ਤੀ ਡੁੱਬਣ ਕਰਕੇ ਨਦੀ ਵਿੱਚ ਸਮਾ ਗਏ।
ਜਾਂਚ ਟੀਮ ਦੇ ਮੁਖੀ ਜੋਸਫਾਈਨ ਲੋਕਮ ਅਨੁਸਾਰ, “ਅਸੀਂ ਬੁੱਧਵਾਰ ਨੂੰ 131 ਲਾਸ਼ਾਂ ਅਤੇ ਵੀਰਵਾਰ-ਸ਼ੁੱਕਰਵਾਰ ਨੂੰ 12 ਹੋਰ ਲਾਸ਼ਾਂ ਬਰਾਮਦ ਕੀਤੀਆਂ। ਬਹੁਤ ਸਾਰੀਆਂ ਲਾਸ਼ਾਂ ਇੰਨੀ ਬੁਰੀ ਹਾਲਤ ਵਿੱਚ ਹਨ ਕਿ ਪਛਾਣ ਕਰਨੀ ਮੁਸ਼ਕਲ ਹੋ ਰਹੀ ਹੈ।”
ਲਾਪਤਾ ਲੋਕਾਂ ਦੀ ਭਾਲ ਜਾਰੀ
ਕਈ ਲੋਕ ਹਜੇ ਵੀ ਲਾਪਤਾ ਹਨ ਅਤੇ ਸਥਾਨਕ ਪ੍ਰਸ਼ਾਸਨ ਤੇ ਸਿਵਲ ਸੰਗਠਨ ਭਾਲ ਵਿੱਚ ਜੁਟੇ ਹੋਏ ਹਨ। ਸਥਾਨਕ ਆਗੂ ਜੋਸਫ਼ ਲੋਕੋਂਡੋ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਹੋਰ ਕਿਸ਼ਤੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ, ਜਿਸ ਰਾਹੀਂ ਕਈ ਲੋਕਾਂ ਦੀ ਜ਼ਿੰਦਗੀ ਬਚੀ ਤੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਸਮਰੱਥਾ ਤੋਂ ਵੱਧ ਸਵਾਰੀ ਹਾਦਸੇ ਦੀ ਵਜ੍ਹਾ
ਜਦੋਂ ਪੁੱਛਿਆ ਗਿਆ ਕਿ ਕਿਸ਼ਤੀ 'ਤੇ ਕਿੰਨੇ ਲੋਕ ਸਵਾਰ ਸਨ, ਤਾਂ ਲੋਕਮ ਨੇ ਕਿਹਾ: “ਸਾਨੂੰ ਪੱਕੀ ਗਿਣਤੀ ਨਹੀਂ ਪਤਾ, ਪਰ ਇਹ ਯਕੀਨੀ ਹੈ ਕਿ ਕਿਸ਼ਤੀ 'ਤੇ ਉਸ ਦੀ ਸਮਰੱਥਾ ਤੋਂ ਕਾਫ਼ੀ ਵੱਧ ਲੋਕ ਸਨ।”
ਕਾਂਗੋ 'ਚ ਅਕਸਰ ਵਾਪਰਦੇ ਹਨ ਇਨ੍ਹਾਂ ਤਰ੍ਹਾਂ ਦੇ ਹਾਦਸੇ
ਇਹ ਵੀ ਗੌਰ ਕਰਨ ਯੋਗ ਹੈ ਕਿ ਕਾਂਗੋ ਵਿੱਚ ਸੜਕੀ ਆਵਾਜਾਈ ਦੀ ਬੁਨਿਆਦੀ ਢਾਂਚਾ ਘੱਟ ਹੋਣ ਕਰਕੇ ਲੋਕ ਵੱਡੀਆਂ ਪਾਣੀ ਦੀਆਂ ਕਿਸ਼ਤੀਆਂ 'ਤੇ ਨਿਰਭਰ ਰਹਿੰਦੇ ਹਨ। ਇਨ੍ਹਾਂ ਵਿਚਕਾਰ ਝੀਲਾਂ ਅਤੇ ਨਦੀਆਂ ਰਾਹੀਂ ਯਾਤਰਾ ਆਮ ਹੈ, ਜਿਸ ਕਰਕੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ।
ਇਸ ਹਾਦਸੇ ਨੇ ਨਾ ਸਿਰਫ਼ ਸੈਂਕੜੇ ਪਰਿਵਾਰ ਤਬਾਹ ਕੀਤੇ ਹਨ, ਸਗੋਂ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਖੜਾ ਕੀਤਾ ਹੈ ਕਿ ਆਖ਼ਿਰਕਾਰ ਅਜਿਹੀਆਂ ਕਿਸ਼ਤੀਆਂ 'ਚ ਸੁਰੱਖਿਆ ਉਪਰਾਲੇ ਕਦੋਂ ਲਾਗੂ ਕੀਤੇ ਜਾਣਗੇ?