Amritsar: Golden Temple ਵਿਖੇ 125 ਸਾਲ ਪੁਰਾਤਨ ਇਤਿਹਾਸਕ ਘੜੀ ਮੁੜ ਚਾਲੂ

ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਇਤਿਹਾਸਕ ਪਲ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ 125 ਸਾਲ ਪੁਰਾਤਨ ਕੀਮਤੀ ਘੜੀ ਨੂੰ ਮੁੜ ਠੀਕ ਕਰਵਾ ਕੇ ਸੰਗਤਾਂ ਦੇ ਦਰਸ਼ਨ ਲਈ ਚਾਲੂ ਕੀਤਾ ਗਿਆ।

Update: 2026-01-09 10:20 GMT

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਇਤਿਹਾਸਕ ਪਲ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ 125 ਸਾਲ ਪੁਰਾਤਨ ਕੀਮਤੀ ਘੜੀ ਨੂੰ ਮੁੜ ਠੀਕ ਕਰਵਾ ਕੇ ਸੰਗਤਾਂ ਦੇ ਦਰਸ਼ਨ ਲਈ ਚਾਲੂ ਕੀਤਾ ਗਿਆ। ਇਹ ਘੜੀ ਸਾਲ 1900 ਵਿੱਚ ਭਾਰਤ ਦੇ ਤਤਕਾਲੀ ਵਾਇਸਰਾਏ ਲਾਰਡ ਕਰਜਨ ਵੱਲੋਂ ਆਪਣੀ ਪਹਿਲੀ ਫੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਭੇਟ ਕੀਤੀ ਗਈ ਸੀ।

ਇਹ ਘੜੀ ਵਿਦੇਸ਼ੀ ਪ੍ਰਸਿੱਧ ਐਲਕਿੰਟਨ ਕੰਪਨੀ ਵੱਲੋਂ ਤਿਆਰ ਕੀਤੀ ਗਈ ਸੀ, ਜੋ ਉਸ ਸਮੇਂ ਬੇਹੱਦ ਮਹਿੰਗੀ ਅਤੇ ਵਿਲੱਖਣ ਮੰਨੀ ਜਾਂਦੀ ਸੀ। ਕੁਝ ਸਾਲਾਂ ਤੋਂ ਇਹ ਇਤਿਹਾਸਕ ਘੜੀ ਖਰਾਬ ਹੋਣ ਕਾਰਨ ਬੰਦ ਪਈ ਸੀ। ਸੰਗਤਾਂ ਦੀ ਲੰਬੇ ਸਮੇਂ ਤੋਂ ਇੱਛਾ ਸੀ ਕਿ ਇਸ ਵਿਰਾਸਤੀ ਨਿਸ਼ਾਨੀ ਨੂੰ ਮੁੜ ਉਸੇ ਰੂਪ ਵਿੱਚ ਸਜਾਇਆ ਜਾਵੇ। ਇਸ ਸੇਵਾ ਦੀ ਜ਼ਿੰਮੇਵਾਰੀ ਬਾਬਾ ਮਹਿੰਦਰ ਸਿੰਘ ਨਿਸ਼ਕਾਮ ਸੇਵਕ ਜੱਥਾ ਯੂਕੇ ਵੱਲੋਂ ਨਿਭਾਈ ਗਈ।


ਉਨ੍ਹਾਂ ਵੱਲੋਂ ਘੜੀ ਨੂੰ ਯੂਕੇ ਲਿਜਾ ਕੇ ਉਸੇ ਮੂਲ ਕੰਪਨੀ ਤੋਂ ਪੂਰੀ ਤਰ੍ਹਾਂ ਮਰੰਮਤ ਕਰਵਾਇਆ ਗਿਆ, ਤਾਂ ਜੋ ਇਸ ਦੀ ਅਸਲੀਅਤ ਅਤੇ ਇਤਿਹਾਸਕ ਮਹੱਤਤਾ ਕਾਇਮ ਰਹੇ। ਨਿਸ਼ਕਾਮ ਸੇਵਕ ਜੱਥਾ ਯੂਕੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਸੇਵਾ ਵੀ ਲਗਾਤਾਰ ਨਿਭਾਈ ਜਾ ਰਹੀ ਹੈ। ਇਸੇ ਲੜੀ ਤਹਿਤ ਘੜੀ ਦੀ ਸੇਵਾ ਨੂੰ ਵੀ ਸੇਵਾ ਭਾਵ ਨਾਲ ਪੂਰਾ ਕੀਤਾ ਗਿਆ। ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਘੜੀ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮੁੜ ਸਥਾਪਿਤ ਕੀਤਾ ਗਿਆ।


ਇਹ ਘੜੀ ਰਾਗੀ ਸਿੰਘਾਂ ਵਾਲੀ ਸਾਈਡ ਦੇ ਦਰਵਾਜ਼ੇ ਕੋਲ, ਜਿੱਥੇ ਪਹਿਲਾਂ ਵੀ ਲਗਾਈ ਗਈ ਸੀ, ਓਥੇ ਹੀ ਮੁੜ ਸੁਸ਼ੋਭਿਤ ਕੀਤੀ ਗਈ ਹੈ। ਇੱਕ ਵਾਰ ਚਾਬੀ ਦੇਣ ਤੋਂ ਬਾਅਦ ਇਹ ਘੜੀ ਲਗਭਗ ਅੱਠ ਦਿਨ ਤੱਕ ਚਲਦੀ ਰਹਿੰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਇਸ ਮੌਕੇ ਬਾਬਾ ਮਹਿੰਦਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੇਵਾ ਸੱਚਖੰਡ ਦੀ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

Tags:    

Similar News