112ਵਾਂ ਦਲੀਪ ਸਿੰਘ ਯਾਦਗਾਰੀ ਖੇਡ ਮੇਲਾ ਉਨਾਂ ਦੇ ਪੋਤਰੇ ਪ੍ਰੀਤਮ ਅਤੇ ਬਿੰਦਰ ਗਰੇਵਾਲ ਨੇ ਬੁਲੰਦੀਆਂ 'ਤੇ ਪਹੁੰਚਾਇਆ
ਹਰ ਸਾਲ ਅੱਖਾਂ ਦਾ ਕੈਂਪ ਅਤੇ ਸੂਫੀ ਬਲਵੀਰ ਅਤੇ ਜੀ.ਐੱਸ. ਪੀਟਰ ਵੱਲੋਂ ਮੇਲੇ ਵਿੱਚ ਪੇਸ਼ ਕੀਤੇ ਗੀਤਾਂ ਰਾਹੀਂ ਜ਼ਿੰਦਗੀ ਦੀਆਂ ਸੱਚਾਈਆਂ ਵੱਖਰਾ ਰੰਗ ਭਰ ਗਈਆਂ;
ਲੁਧਿਆਣਾ - 112ਵਾਂ ਦਲੀਪ ਸਿੰਘ ਯਾਦਗਾਰੀ ਖੇਡ ਮੇਲਾ ਪਿੰਡ ਬੀਲ੍ਹਾ ਵਿੱਚ ਜੋ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ, ਇਸ ਸਾਲ ਵੀ ਸਵ. ਦਲੀਪ ਸਿੰਘ ਦੇ ਪੋਤਰਿਆਂ ਪ੍ਰੀਤਮ ਸਿੰਘ ਗਰੇਵਾਲ ਅਤੇ ਬਿੰਦਰ ਗਰੇਵਾਲ ਦੀ ਮਿਹਨਤ, ਲਗਨ, ਮਿੱਟੀ ਦਾ ਮੋਹ, ਦੋਸਤਾਂ ਦਾ ਪਿਆਰ, ਵੱਡਿਆਂ ਦਾ ਸਤਿਕਾਰ, ਕਬੱਡੀ ਖੇਡ ਨੂੰ ਦੁਨੀਆਂ ਵਿੱਚ ਪਹਿਚਾਣ ਦੇਣ ਵਾਲੇ ਸਰਵਣ ਸਿੰਘ ਢੁਡੀਕੇ, ਜੋ ਰਿਸ਼ਤੇ ਵਿੱਚ ਫੁੱਫੜ ਜੀ ਹਨ ਹਰ ਸਾਲ ਹਾਜ਼ਰੀ ਭਰਦੇ ਹਨ ਅਤੇ ਮੇਲੇ ਨੂੰ ਹੋਰ ਨਵਾਂ ਨਰੋਆ ਕਰਦੇ ਹਨ। ਉਨਾਂ ਦੀ ਹਾਜ਼ਰੀ 'ਚ ਖੇਡ ਮੇਲੇ ਵਿੱਚ ਵਿਧਾਇਕ ਪੱਪੀ ਪਰਾਸ਼ਰ, ਖੇਡ ਪ੍ਰੇਮੀ ਅਤੇ ਪਰਿਵਾਰਿਕ ਮਿੱਤਰ ਕ੍ਰਿਸ਼ਨ ਕੁਮਾਰ ਬਾਵਾ, ਗੁਰਚਰਨ ਸਿੰਘ ਸ਼ੇਰਗਿੱਲ, ਭਰਾਵਾਂ ਵਰਗੇ ਦੋਸਤ ਸ਼ਮਸ਼ੇਰ ਸਿੰਘ ਗੁੱਡੂ, ਪ੍ਰਿੰਸੀਪਲ ਬਲਦੇਵ ਬਾਵਾ, ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਹਰਬੰਤ ਸਿੰਘ ਹੈਪੀ ਦਿਓਲ ਕੈਨੇਡਾ, ਦਲਜੀਤ ਸਿੰਘ ਹਿੱਸੋਵਾਲ ਯੂ.ਐੱਸ.ਏ., ਰਾਜ ਧਾਲੀਵਾਲ, ਨਿੰਮਾ ਬਾਈ, ਰਵੀ ਸਹੋਤਾ, ਸਤਬੀਰ ਅਟਵਾਲ, ਗੁਰਪ੍ਰੀਤ ਖੰਗੂੜਾ, ਭੁਪਿੰਦਰਪਾਲ ਸਿੰਘ, ਪਾਲੀ ਗਿੱਲ ਦੀ ਹਾਜ਼ਰੀ ਦੱਸਦੀ ਸੀ ਕਿ ਐਨ.ਆਰ.ਆਈ. ਭਰਾਵਾਂ ਦੇ ਅੰਦਰ ਪੰਜਾਬ ਵੱਸਦਾ ਹੈ। ਉਹ ਖੇਡਾਂ, ਸੱਭਿਆਚਾਰਕ ਮੇਲੇ, ਇਤਿਹਾਸ ਅਤੇ ਮਹਾਨ ਗੁਰੂਆਂ ਸ਼ਹੀਦਾਂ ਦੇ ਦਿਹਾੜੇ ਮਨਾਉਣ ਲਈ ਮੋਹਰੀ ਰੋਲ ਅਦਾ ਕਰਦੇ ਹਨ। ਲੋੜ ਹੈ ਅਸੀਂ ਪੰਜਾਬੀ ਵੀ ਉਹਨਾਂ ਨੂੰ ਪਲਕਾਂ 'ਤੇ ਬਿਠਾ ਕੇ ਸਤਿਕਾਰ ਦਈਏ।
ਇਸ ਸਮੇਂ ਬੋਲਦੇ ਸਰਵਣ ਸਿੰਘ ਢੁੱਡੀਕੇ ਨੇ ਕਿਹਾ ਕਿ ਕਬੱਡੀ ਖੇਡ ਸਾਡੀ ਮਾਂ ਖੇਡ ਹੈ। ਇਸ ਨੂੰ ਪ੍ਰਫੁੱਲਿਤ ਕਰਨਾ ਸਾਡੀ ਸਭ ਦੀ ਡਿਊਟੀ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਕਬੱਡੀ ਦੇ ਜਾਣ ਨਾਲ ਪੰਜਾਬੀਆਂ ਦਾ ਸਿਰ ਉੱਚਾ ਹੁੰਦਾ ਹੈ।
ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਪ੍ਰੀਤਮ ਅਤੇ ਬਿੰਦਰ ਦਾ ਪਿਆਰ ਭਰਾਵਾਂ ਦਾ ਮਿਲ ਕੇ ਦੋਸਤਾਂ ਦੀ ਤਰ੍ਹਾਂ ਜਿਉਣ ਦਾ ਸੰਦੇਸ਼ ਦਿੰਦਾ ਹੈ। ਇਹ ਉਨਾਂ ਦੇ ਪਿਤਾ ਸਾਧੂ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੀ ਵੱਡੀ ਦੇਣ ਹੈ। ਉਹਨਾਂ ਕਿਹਾ ਕਿ ਖੇਡਾਂ ਦੇ ਪ੍ਰਤੀ ਦੋਵੋਂ ਭਰਾਵਾਂ ਦੇ ਦਿਲ ਅੰਦਰ ਜਜ਼ਬਾ, ਦਲੇਰੀ, ਪਿਆਰ, ਸਤਿਕਾਰ ਵਿਲੱਖਣ ਹੈ, ਜੋ ਸਾਡੇ ਲਈ ਸਿੱਖਿਆਦਾਇਕ ਹੈ।