ਹਥਿਆਰ ਬਰਾਮਦ, ਪੁਲਿਸ ਥਾਣਿਆਂ 'ਤੇ ਹਮਲੇ ਦੀਆਂ ਯੋਜਨਾਵਾਂ ਨਾਕਾਮ
ਚੰਡੀਗੜ੍ਹ: ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਪਾਕਿਸਤਾਨੀ ISI-ਸਮਰਥਿਤ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਨੈੱਟਵਰਕ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਯੂਕੇ ਸਥਿਤ ਨਿਸ਼ਾਨ ਸਿੰਘ ਵੱਲੋਂ ਚਲਾਇਆ ਜਾ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਦੋ ਮੁਲਜ਼ਮਾਂ ਦੀ ਪਛਾਣ ਸਹਿਜਪਾਲ ਸਿੰਘ ਅਤੇ ਵਿਕਰਮਜੀਤ ਸਿੰਘ ਵਜੋਂ ਹੋਈ ਹੈ ਜੋ ਅੰਮ੍ਰਿਤਸਰ ਦੇ ਰਾਮਦਾਸ ਇਲਾਕੇ ਦੇ ਰਹਿਣ ਵਾਲੇ ਹਨ।
ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਹੈਂਡ ਗ੍ਰਨੇਡ, 1 ਗਲੋਕ ਪਿਸਤੌਲ ਅਤੇ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਪੁਲਿਸ ਦੇ ਅਨੁਸਾਰ, ਇਹ ਦੋਸ਼ੀ ਅੰਮ੍ਰਿਤਸਰ ਵਿੱਚ ਪੁਲਿਸ ਥਾਣਿਆਂ 'ਤੇ ਹਮਲੇ ਅਤੇ ਟਾਰਗੇਟ ਕਿਲਿੰਗ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਗ੍ਰਿਫ਼ਤਾਰੀ ਨਾਲ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ ਅਤੇ ਕਈ ਜਾਨਾਂ ਬਚਾਈਆਂ ਗਈਆਂ ਹਨ।
ਮਾਮਲੇ ਦੀ ਜਾਂਚ ਮੋਹਾਲੀ ਪੁਲਿਸ ਸਟੇਸ਼ਨ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਭਾਰਤੀ ਦੰਡ ਸੰਹਿਤਾ ਅਤੇ ਵਿਸਫੋਟਕ ਐਕਟ ਦੀਆਂ ਧਾਰਾਵਾਂ ਹੇਠ ਕੀਤੀ ਜਾ ਰਹੀ ਹੈ। ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਰਾਹੀਂ ਇਸ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੁਲਿਸ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ।
ਇਹ ਗ੍ਰਿਫ਼ਤਾਰੀ ਪੰਜਾਬ ਵਿੱਚ ISI-ਸਮਰਥਿਤ ਬੱਬਰ ਖਾਲਸਾ ਦੇ ਅੱਤਵਾਦੀ ਮਾਡਿਊਲਾਂ ਖਿਲਾਫ਼ ਪੁਲਿਸ ਦੀਆਂ ਜ਼ੋਰਦਾਰ ਕਾਰਵਾਈਆਂ ਦਾ ਹਿੱਸਾ ਹੈ, ਜਿਸ ਨਾਲ ਅੰਮ੍ਰਿਤਸਰ ਸਹਿਤ ਕਈ ਜਗ੍ਹਾਂ ਪੁਲਿਸ ਥਾਣਿਆਂ 'ਤੇ ਹਮਲਿਆਂ ਦੀਆਂ ਯੋਜਨਾਵਾਂ ਨੂੰ ਨਾਕਾਮ ਕੀਤਾ ਗਿਆ ਹੈ।