ਅਮਰੀਕਾ ’ਚ ਸੈਂਕੜੇ ਟਰੱਕ ਡਰਾਈਵਰਾਂ ਨੂੰ ਝਟਕਾ

ਅਮਰੀਕਾ ਵਿਚ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਸਿਖਲਾਈ ਦੇਣ ਵਾਲੇ ਸਕੂਲਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 448 ਟ੍ਰੇਨਿੰਗ ਸਕੂਲਜ਼ ਨੂੰ ਤੁਰਤ ਬੰਦ ਕਰਵਾ ਦਿਤਾ ਗਿਆ ਹੈ ਜਦਕਿ 109 ਸਕੂਲਾਂ ਦੇ ਮਾਲਕ ਖੁਦ ਇਨ੍ਹਾਂ ਨੂੰ ਜਿੰਦੇ ਲਾਉਣ ਵਾਸਤੇ ਸਹਿਮਤ ਹੋ ਗਏ

Update: 2026-02-19 13:44 GMT

ਨਿਊ ਯਾਰਕ : ਅਮਰੀਕਾ ਵਿਚ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਸਿਖਲਾਈ ਦੇਣ ਵਾਲੇ ਸਕੂਲਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 448 ਟ੍ਰੇਨਿੰਗ ਸਕੂਲਜ਼ ਨੂੰ ਤੁਰਤ ਬੰਦ ਕਰਵਾ ਦਿਤਾ ਗਿਆ ਹੈ ਜਦਕਿ 109 ਸਕੂਲਾਂ ਦੇ ਮਾਲਕ ਖੁਦ ਇਨ੍ਹਾਂ ਨੂੰ ਜਿੰਦੇ ਲਾਉਣ ਵਾਸਤੇ ਸਹਿਮਤ ਹੋ ਗਏ। ਟ੍ਰਾਂਸਪੋਰਟ ਮੰਤਰੀ ਸ਼ੌਨ ਡਫ਼ੀ ਨੇ ਦੱਸਿਆ ਕਿ 50 ਰਾਜਾਂ ਵਿਚ 1,400 ਸਟਿੰਗ ਅਪ੍ਰੇਸ਼ਨਜ਼ ਦੌਰਾਨ ਟ੍ਰੇਨਿੰਗ ਸਕੂਲਾਂ ਦੀ ਅਚਨਚੇਤ ਚੈਕਿੰਗ ਕਰਦਿਆਂ ਵੱਡੀਆਂ ਕਮੀਆਂ ਸਾਹਮਣੇ ਆਈਆਂ। ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦੇ 300 ਤੋਂ ਜਾਂਚਕਰਤਾਵਾਂ ਨੇ ਪੰਜ ਦਿਨ ਤੱਕ ਚੱਲੀ ਮੁਹਿੰਮ ਵਿਚ ਸ਼ਮੂਲੀਅਤ ਕੀਤੀ ਅਤੇ 97 ਟ੍ਰੇਨਿੰਗ ਸਕੂਲਾਂ ਨੂੰ ਨਿਯਮਾਂ ਦੀ ਪਾਲਣਾ ਦੇ ਮੁੱਦੇ ’ਤੇ ਪੜਤਾਲ ਅਧੀਨ ਰੱਖਿਆ ਗਿਆ ਹੈ। ਮਹਿਕਮੇ ਦੇ ਪ੍ਰਸ਼ਾਸਕ ਡੈਰੇਕ ਡੀ. ਬਾਰਜ਼ ਨੇ ਦੱਸਿਆ ਕਿ ਜਿਹੜੇ ਟ੍ਰੇਨਿੰਗ ਸਕੂਲਾਂ ਵੱਲੋਂ ਸਹੀ ਟਰੱਕ ਦੀ ਵਰਤੋਂ ਨਹੀਂ ਸੀ ਕੀਤੀ ਜਾ ਰਹੀ ਜਾਂ ਉਥੇ ਮੌਜੂਦ ਇੰਸਟ੍ਰਕਟਰ ਕਾਬਲੀਅਤ ਨਹੀਂ ਸੀ ਰਖਦਾ, ਉਨ੍ਹਾਂ ਨੂੰ ਬੰਦ ਕਰਵਾ ਦਿਤਾ ਗਿਆ।

ਟਰੰਪ ਸਰਕਾਰ ਨੇ 448 ਟ੍ਰੇਨਿੰਗ ਸਕੂਲ ਬੰਦ ਕਰਵਾਏ

ਅਜਿਹੇ ਟ੍ਰੇਨਿੰਗ ਸਕੂਲ ਅਯੋਗ ਡਰਾਈਵਰ ਹਾਈਵੇਜ਼ ’ਤੇ ਭੇਜਦੇ ਹਨ ਅਤੇ ਦਿਲ ਕੰਬਾਊ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਹੈ। ਦੂਜੇ ਪਾਸੇ ਟ੍ਰਾਂਸਪੋਰਟੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਯੋਗ ਲਾਇਸੰਸ ਤੋਂ ਬਗੈਰ ਸਿਖਲਾਈ ਦੇਣ ਵਾਲੇ ਇੰਸਟ੍ਰਕਟਰ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਇਸ ਤੋਂ ਇਲਾਵਾ ਕਈ ਸਕੂਲਾਂ ਵਿਚ ਟਰੱਕ ਅਜਿਹੇ ਵਰਤੇ ਜਾਂਦੇ ਹਨ ਜਿਨ੍ਹਾਂ ਦਾ ਆਧੁਨਿਕ ਦੌਰ ਦੇ ਟਰੱਕ ਨਾਲ ਕੋਈ ਮੇਲ ਨਹੀਂ ਹੁੰਦਾ। ਟ੍ਰਾਂਸਪੋਰਟ ਮੰਤਰੀ ਸ਼ੌਨ ਡਫ਼ੀ ਨੇ ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦੇ ਕਾਰਵਾਈ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਾਡੀ ਟ੍ਰਕਿੰਗ ਇੰਡਸਟਰੀ ਵਿਚ ਲੰਮੇ ਸਮੇਂ ਤੋਂ ਜੰਗਲ ਵਾਲਾ ਕਾਨੂੰਨ ਚੱਲ ਰਿਹਾ ਸੀ ਜਿਥੇ ਕਿਸੇ ਨੂੰ ਕੋਈ ਸਵਾਲ ਪੁੱਛਣ ਦਾ ਹੱਕ ਨਹੀਂ ਸੀ ਹੁੰਦਾ ਪਰ ਰਾਸ਼ਟਰਪਤੀ ਟਰੰਪ ਦੇ ਸੱਤਾ ਵਿਚ ਆਉਣ ਮਗਰੋਂ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।

50 ਰਾਜਾਂ ਵਿਚ 1,400 ਥਾਵਾਂ ’ਤੇ ਵੱਜੇ ਛਾਪੇ

ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ 7,500 ਟ੍ਰੇਨਿੰਗ ਸਕੂਲ ਬੰਦ ਕਰਵਾਏ ਗਏ ਅਤੇ ਇਸ ਸਾਲ ਵੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ। ਅਮੈਰਿਕਨ ਟ੍ਰਕਿੰਗ ਐਸੋਸੀਏਸ਼ਨ ਅਤੇ ਓਨਰ ਅਪ੍ਰੇਟਰ ਇੰਡੀਪੈਂਡੈਂਟ ਡਰਾਈਵਰਜ਼ ਐਸੋਸੀਏਸ਼ਨ ਵੱਲੋਂ ਫ਼ਰਜ਼ੀ ਸਕੂਲ ਬੰਦ ਕਰਵਾਉਣ ਦੇ ਕਦਮ ਦੀ ਜ਼ੋਰਦਾਰ ਸ਼ਲਾਘਾ ਕੀਤੀ ਗਈ ਹੈ।

Tags:    

Similar News