ਗੜ੍ਹੀ ਨੂੰ ਬਸਪਾ ‘ਚੋਂ ਕੱਢਿਆ, ਕਰੀਮਪੁਰੀ ਮੁੜ ਬਣੇ ਪੰਜਾਬ ਦੇ ਸੂਬਾ ਪ੍ਰਧਾਨ

-ਬੁਹਜਨ ਸਮਾਜ ਪਾਰਟੀ (Bahujan Samaj Party) ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ (Jasvir Singh Garhi) ਨੂੰ ‘ਅਨੁਸ਼ਾਸਨਹੀਣਤਾ’ ਦੇ ਦੋਸ਼ ਹੇਠ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ;

Update: 2024-11-06 03:09 GMT

ਜਲੰਧਰ-ਬੁਹਜਨ ਸਮਾਜ ਪਾਰਟੀ (Bahujan Samaj Party) ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ (Jasvir Singh Garhi) ਨੂੰ ‘ਅਨੁਸ਼ਾਸਨਹੀਣਤਾ’ ਦੇ ਦੋਸ਼ ਹੇਠ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ (Avtar Singh Karimpuri) ਨੂੰ ਨਵਾਂ ਸੂਬਾ ਪ੍ਰਧਾਨ ਬਣਾਇਆ ਗਿਆ ਹੈ।

ਬਸਪਾ ਦੇ ਪੰਜਾਬ ਮਾਮਲਿਆ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵਲੋਂ ਇਸ ਫੈਸਲੇ ਦੀ ਪੁਸ਼ਟੀ ਕੀਤੀ ਗਈ ਹੈ ਕਿ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਥਾਂ ਅਵਤਾਰ ਸਿੰਘ ਕਰੀਮਪੁਰੀ ਨੂੰ ਮੁੜ ਪੰਜਾਬ ਦੀ ਮੁੜ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਬੀਤੇ ਦਿਨੀਂ ਹੋਈ ਪਾਰਟੀ ਮੀਟਿੰਗ ਵਿੱਚ ਜਸਵੀਰ ਸਿੰਘ ਗੜ੍ਹੀ ਨੇ ਜਨਤਕ ਤੌਰ ‘ਤੇ ਇਹ ਮੁੱਦਾ ਉਠਾਇਆ ਸੀ ਕਿ ਪਾਰਟੀ ਮਾਮਲਿਆ ਦੇ ਇੰਚਾਰਜ ਉਤਰ ਪ੍ਰਦੇਸ਼ ਤੋਂ ਹੀ ਕਿਉਂ ਲੱਗਦੇ ਹਨ।

ਬਸਪਾ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ (Kumari Mayawati) ਉਤਰ ਪ੍ਰਦੇਸ਼ ਵਿਚ ਪੰਜ ਵਾਰ ਮੁੱਖ ਮੰਤਰੀ ਬਣੀ ਸੀ। ਬਸਪਾ ਦੇ ਬਾਨੀ ਬਾਬੂ ਕਾਂਸ਼ੀ ਰਾਮ ਨੇ ਵੀ ਉਤਰ ਪ੍ਰਦੇਸ਼ ਨੂੰ ਸਭ ਤੋਂ ਵੱਧ ਸਮਾਂ ਦਿੱਤਾ ਸੀ। ਪੰਜਾਬ ਦੇ ਆਗੂ ਅਵਤਾਰ ਸਿੰਘ ਕਰੀਮਪੁਰੀ ਨੂੰ ਵੀ ਉਤਰ ਪ੍ਰਦੇਸ਼ ਤੋਂ ਹੀ ਬਸਪਾ ਨੇ ਰਾਜ ਸਭਾ ਵਿਚ ਭੇਜਿਆ ਸੀ।

ਪਾਰਟੀ ਨੇ ਜਸਵੀਰ ਸਿੰਘ ਗੜ੍ਹੀ ਦੇ ਬਿਆਨ ਨੂੰ ਅਨੁਸ਼ਾਸਨਹੀਣਤਾ ਮੰਨਦਿਆਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਬਸਪਾ ਆਗੂ ਬੈਨੀਵਾਲ ਨੇ ਦੱਸਿਆ ਕਿ ਬਹੁਤ ਸਾਰੀਆਂ ਹੋਰ ਗਁਲਾਂ ਦੇ ਖੁਲਾਸੇ ਜਲਦੀ ਕੀਤੇ ਜਾਣਗੇ।

Similar News