ਗਾਇਕ ਸਤਿੰਦਰ ਸਰਤਾਜ ਨੂੰ ਸੰਮਨ ਜਾਰੀ
ਗਾਇਕ ਸਤਿੰਦਰ ਸਰਤਾਜ ਨੂੰ ਕਪੂਰਥਲਾ ਦੀ ਇਕ ਅਦਾਲਤ ਨੇ 30 ਅਕਤੂਬਰ ਨੂੰ ਪੇਸ਼;
ਕਪੂਰਥਲਾ: ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੂੰ ਕਪੂਰਥਲਾ ਦੀ ਇਕ ਅਦਾਲਤ ਨੇ 30 ਅਕਤੂਬਰ ਨੂੰ ਪੇਸ਼ ਹੋਣ ਲਈ ਤਲਬ ਕੀਤਾ ਹੈ। ਇਹ ਸੰਮਨ ਸ਼ਹਿਰ ਦੇ ਇਕ ਸੀਨੀਅਰ ਵਕੀਲ ਅਤੇ ਖਿਡਾਰੀ ਐਸਐਸ ਮੱਲ੍ਹੀ ਦੀ ਅਰਜ਼ੀ ’ਤੇ ਜਾਰੀ ਹੋਏ ਹਨ। ਅਰਜ਼ੀਕਾਰ ਵੱਲੋਂ ਸਤਿੰਦਰ ਸਰਤਾਜ ਦਾ ਇਥੇ 10 ਨਵੰਬਰ ਨੂੰ ਹੋ ਰਿਹਾ ਸ਼ੋਅ ਸਰਕਾਰੀ ਗੁਰੂ ਨਾਨਕ ਸਟੇਡੀਅਮ ਦੀ ਗਰਾਊਂਡ ਵਿੱਚ ਕਰਵਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਸੀਨੀਅਰ ਜੱਜ ਸੁਰੇਸ਼ ਕੁਮਾਰ ਦੀ ਅਦਾਲਤ ਵਿਚ ਸ਼ਿਕਾਇਤ ਦਾਇਰ ਕੀਤੀ ਹੈ।
ਅਰਜ਼ੀਕਾਰ ਮੱਲ੍ਹੀ ਦਾ ਕਹਿਣਾ ਹੈ ਕਿ ਇਸ ਸ਼ੋਅ ਦੀਆਂ ਬਹੁਤੀਆਂ ਟਿਕਟਾਂ ਵਿਕ ਚੁੱਕੀਆਂ ਹਨ ਤੇ ਇਸ ਤਰ੍ਹਾਂ ਸਰਤਾਜ ਵੱਲੋਂ ਸਟੇਡੀਅਮ ਦੀ ਵਪਾਰਕ ਵਰਤੋਂ ਕੀਤੀ ਜਾ ਰਹੀ ਹੈ। ਅਰਜ਼ੀਕਾਰ ਨੇ ਦੱਸਿਆ ਕਿ ਕਪੂਰਥਲਾ ਵਿੱਚ ਇਹ ਕੇਵਲ ਇੱਕੋ ਸਟੇਡੀਅਮ ਹੈ ਜਿਹੜਾ ਸਰਕਾਰੀ ਤੌਰ ’ਤੇ ਖੇਡ ਅਤੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਾ ਹੈ। ਨਿਯਮਾਂ ਮੁਤਾਬਿਕ ਜੇ ਕਿਸੇ ਨੇ ਸਟੇਡੀਅਮ ਵਿੱਚ ਕੋਈ ਪ੍ਰੋਗਰਾਮ ਕਰਨਾ ਹੋਵੇ ਤਾਂ ਇਸ ਨੂੰ ਲੋਕ ਹਿੱਤ ਵਿੱਚ ਕਿਰਾਏ ’ਤੇ ਦਿੱਤਾ ਜਾ ਸਕਦਾ ਹੈ, ਨਾ ਕਿ ਵਪਾਰਕ ਪ੍ਰੋਗਰਾਮਾਂ ਲਈ।
ਜ਼ਿਲ੍ਹਾ ਸਪੋਰਟਸ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਉਨ੍ਹਾਂ ਨੇ ਅਜੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਇਸ ਸਾਰੇ ਪ੍ਰੋਗਰਾਮ ਦੀ ਫਾਈਲ ਬਣਾ ਕੇ ਡਾਇਰੈਕਟਰ ਸਪੋਰਟਸ ਨੂੰ ਭੇਜੀ ਗਈ ਹੈ, ਉਥੋਂ ਮਨਜ਼ੂਰੀ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਅਜਿਹੇ ਪ੍ਰੋਗਰਾਮਾਂ ਲਈ ਪੰਜਾਬ ਸਟੇਟ ਸਪੋਰਟਸ ਕਾਉਂਸਲ ਬਣਾਈ ਗਈ ਹੈ। ਇਹ ਕਮੇਟੀ ਇਸ ਬਾਰੇ ਵਿਚਾਰ ਕਰਦੀ ਹੈ, ਜਿਸ ਦੇ ਚੇਅਰਮੈਨ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਨ।
ਸੂਤਰਾਂ ਅਨੁਸਾਰ ਸਰਤਾਜ ਦੇ ਇਸ ਸ਼ੋਅ ਦੀਆਂ 80 ਫੀਸਦੀ ਟਿਕਟਾਂ ਵਿਕ ਚੁੱਕੀਆਂ ਹਨ, ਜਦੋਂਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਅਜੇ ਤੱਕ ਸ਼ੋਅ ਦੀ ਇਜਾਜ਼ਤ ਨਹੀਂ ਦਿੱਤੀ ਗਈ।