ਮਹਿਲਾ ਉਮੀਦਵਾਰਾਂ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰੀ

Update: 2024-10-07 07:58 GMT

- ਟੈਂਕੀ ਤੇ ਚੜੇ ਸਾਥੀਆਂ ਦਾ ਅੱਜ ਤੀਜਾ ਦਿਨ

- ਪਿੰਡ ਗੰਭੀਰਪੁਰ ਵਿਖੇ ਰੋਸ ਧਰਨਾ ਨੌ ਦਿਨਾਂ ਤੋਂ ਜਾਰੀ

-

ਸ਼੍ਰੀ ਆਨੰਦਪੁਰ ਸਾਹਿਬ : ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੀਆਂ ਮਹਿਲਾ ਉਮੀਦਵਾਰਾਂ ਨੇ ਸੋਮਵਾਰ ਨੂੰ ਸਵੇਰੇ 8 ਵਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਨਿੱਜੀ ਰਿਹਾਇਸ਼ ਦਾ ਘਿਰਾਓ ਕਰਦੇ ਹੋਏ ਜਮ ਕੇ ਰੋਸ ਪ੍ਰਦਰਸ਼ਨ ਕੀਤਾ।

ਇਸ ਦੇ ਨਾਲ ਟੈਂਕੀ 'ਤੇ ਚੜੇ ਦੋ ਉਮੀਦਵਾਰਾਂ ਆਦਰਸ਼ ਅਬੋਹਰ ਅਤੇ ਅਨਮੋਲ ਬੱਲੂਆਣਾ ਨੂੰ ਤੀਜਾ ਦਿਨ ਸ਼ੁਰੂ ਹੋ ਗਿਆ ਹੈ। ਇਸ ਸਭ ਦੇ ਬਾਵਜੂਦ ਪੰਜਾਬ ਸਰਕਾਰ ਇਹਨਾਂ ਨੌਜਵਾਨਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਵਾਉਣ ਲਈ ਕੋਈ ਦਿਲਚਸਪੀ ਨਹੀਂ ਲੈ ਰਹੀ। ਜਿਸ ਕਾਰਨ ਟੈਂਕੀ 'ਤੇ ਚੜੇ ਦੋ ਨੌਜਵਾਨਾਂ ਅਤੇ ਟੈਂਕੀ ਦੇ ਹੇਠਾਂ ਧਰਨਾ ਦੇ ਰਹੇ ਸਮੁੱਚੇ ਕਾਡਰ ਦਾ ਰੋਸ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਧਰਨਾ ਦੇ ਰਹੇ ਨੌਜਵਾਨਾਂ ਦਾ ਭਰਤੀ ਪ੍ਰੋਸੈਸ 90% ਤੱਕ ਪੂਰਨ ਹੋ ਚੁੱਕਿਆ ਹੈ ਤੇ ਹੁਣ ਸਿਰਫ ਤੇ ਸਿਰਫ ਸਟੇਸ਼ਨ ਚੋਣ ਕਰਵਾ ਕੇ ਇਹਨਾਂ ਨੌਜਵਾਨਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਵਾਉਣਾ ਹੀ ਬਾਕੀ ਰਹਿ ਗਿਆ ਹੈ। ਜਿਸ ਨੂੰ ਲੈ ਕੇ ਸਰਕਾਰ ਲਗਾਤਾਰ ਟਾਲਮਟੋਲ ਕਰਦੇ ਹੋਏ ਡੰਗ ਟਪਾਊ ਨੀਤੀ ਤਹਿਤ ਕੰਮ ਕਰ ਰਹੀ ਹੈ। ਉਕਤ ਭਰਤੀ 12 ਅਕਤੂਬਰ 2022 ਨੂੰ ਕੱਢੀ ਗਈ ਸੀ, ਜਿਸ ਨੂੰ ਅੱਜ ਲਗਭਗ ਦੋ ਸਾਲ ਦਾ ਸਮਾਂ ਬੀਤ ਚੁੱਕਿਆ ਹੈ ਪਰ ਸਰਕਾਰ ਅਜੇ ਵੀ ਇਸ ਭਰਤੀ ਨੂੰ ਪੂਰਾ ਕਰਨ ਲਈ ਕੋਈ ਦਿਲਚਸਪੀ ਨਹੀਂ ਲੈ ਰਹੀ।

Similar News