ਵਾਈਟ ਹਾਊਸ ’ਚ ਸੰਗੀਤ ਸਮਾਗਮ ਦੌਰਾਨ ‘ਸੁੰਨ’ ਹੋ ਗਏ ਜੋਅ ਬਾਇਡਨ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਸਿਹਤ ’ਤੇ ਮੁੜ ਸਵਾਲ ਉਠਣ ਲੱਗੇ ਜਦੋਂ ਵਾਈਟ ਹਾਊਸ ਵਿਚ ਇਕ ਸੰਗੀਤ ਸਮਾਗਮ ਦੌਰਾਨ ਉਹ ਸੁੰਨ ਹੋ ਗਏ ਜਦਕਿ ਉਨ੍ਹਾਂ ਦੇ ਬਿਲਕੁਲ ਨਾਲ ਮੌਜੂਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਹੋਰ ਨੱਚ ਟੱਪ ਰਹੇ ਸਨ।

Update: 2024-06-11 10:53 GMT

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਸਿਹਤ ’ਤੇ ਮੁੜ ਸਵਾਲ ਉਠਣ ਲੱਗੇ ਜਦੋਂ ਵਾਈਟ ਹਾਊਸ ਵਿਚ ਇਕ ਸੰਗੀਤ ਸਮਾਗਮ ਦੌਰਾਨ ਉਹ ਸੁੰਨ ਹੋ ਗਏ ਜਦਕਿ ਉਨ੍ਹਾਂ ਦੇ ਬਿਲਕੁਲ ਨਾਲ ਮੌਜੂਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਹੋਰ ਨੱਚ ਟੱਪ ਰਹੇ ਸਨ। ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਬਾਇਡਨ ਦੇ ਖੱਬੇ ਹੱਥ ਖੜ੍ਹੇ ਮਰਹੂਮ ਜਾਰਜ ਫਲੌਇਡ ਦੇ ਭਰਾ ਫਿਲੋਨਾਇਜ਼ ਫਲੌਇਡ ਨੇ ਜਦੋਂ ਰਾਸ਼ਟਰਪਤੀ ਨੂੰ ਕਲਾਵੇ ਵਿਚ ਲਿਆਂ ਤਾਂ ਉਹ ਹਰਕਤ ਵਿਚ ਆਏ।

ਮਾਮਲਾ ਇਥੇ ਹੀ ਨਹੀਂ ਰੁਕਿਆ ਅਤੇ ਸੰਗੀਤ ਪੇਸ਼ਕਾਰੀਆਂ ਮਗਰੋਂ ਜੋਅ ਬਾਇਡਨ ਨੇ ਭਾਸ਼ਣ ਸ਼ੁਰੂ ਕੀਤਾ ਤਾਂ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਲੱਗੇ। ਭਾਸ਼ਣ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਬੋਤਲ ਰਾਹੀਂ ਲਾਲ ਰੰਗ ਦਾ ਤਰਲ ਪਦਾਰਥ ਪੀਂਦੇ ਦੇਖਿਆ ਗਿਆ। ਸੰਗੀਤ ਸਮਾਗਮ ਦੌਰਾਨ ਉਹ ਪਹਿਲੀ ਕਤਾਰ ਵਿਚ ਸਨ ਅਤੇ ਹਰ ਕੈਮਰੇ ਦੀ ਅੱਖ ਉਨ੍ਹਾਂ ਵੱਲ ਸੀ। ਅਸਲ ਵਿਚ ਇਹ ਸਮਾਗਮ ਅਦਾਕਾਰ ਰੌਏ ਵੁੱਡ ਜੂਨੀਅਰ ਵੱਲੋਂ ਕਰਵਾਇਆ ਗਿਆ ਜਿਨ੍ਹਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਅਫਰੀਕੀ ਮੂਲ ਦੇ ਲੋਕਾਂ ਵਾਸਤੇ ਬਹੁਤ ਕੁਝ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਜੋਅ ਬਾਇਡਨ ਵੱਲੋਂ 2021 ਵਿਚ ਇਕ ਕਾਨੂੰਨ ’ਤੇ ਦਸਤਖਤ ਕਰਦਿਆਂ ਜੂਨ ਮਹੀਨੇ ਦੀ 19 ਤਰੀਕ ਨੂੰ ਕੌਮੀ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ।

ਇਸ ਛੁੱਟੀ ਨੂੰ 1865 ਦੇ ਉਸ ਯਾਦਗਾਰੀ ਦਿਹਾੜੇ ਨਾਲ ਜੋੜਿਆ ਗਿਆ ਜਦੋਂ ਅਮਰੀਕਾ ਵਿਚ ਰਹਿ ਗਏ ਅੰਤਮ ਗੁਲਾਮਾਂ ਨੂੰ ਮੁਕਤੀ ਮਿਲੀ ਸੀ। 2020 ਦੀਆਂ ਚੋਣਾਂ ਦੌਰਾਨ ਅਫਰੀਕੀ ਮੂਲ ਦੇ 90 ਫੀ ਸਦੀ ਲੋਕਾਂ ਨੇ ਬਾਇਡਨ ਨੂੰ ਵੋਟ ਪਾਈ ਪਰ ਇਸ ਵਾਰ ਅੰਕੜਾ ਉਪਰ ਹੇਠ ਹੁੰਦਾ ਮਹਿਸੂਸ ਹੋ ਰਿਹਾ ਹੈ। ਇਸੇ ਦੌਰਾਨ ਵਾਈਟ ਹਾਊਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਆਪਣਾ ਕੰਮਕਾਜ ਆਮ ਵਾਂਗ ਕਰ ਰਹੇ ਹਨ ਅਤੇ ਸਿਹਤ ਸਬੰਧੀ ਕੋਈ ਸਮੱਸਿਆ ਨਹੀਂ ਆਈ। 

Tags:    

Similar News