America : ICE agents ਦਾ ਵਿਰੋਧ ਰਹੇ ਲੋਕਾਂ ’ਤੇ ਚੱਲੀਆਂ ਗੋ.ਲੀਆਂ
ਟਰੰਪ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਬੱਚਿਆਂ ਉਤੇ ਕਹਿਰ ਢਾਹੁਣ ਦਾ ਸਿਲਸਿਲਾ ਜਾਰੀ ਹੈ
ਪੋਰਟਲੈਂਡ/ਮਿਨੀਆਪੌਲਿਸ : ਟਰੰਪ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਬੱਚਿਆਂ ਉਤੇ ਕਹਿਰ ਢਾਹੁਣ ਦਾ ਸਿਲਸਿਲਾ ਜਾਰੀ ਹੈ ਅਤੇ ਪੋਰਟਲੈਂਡ ਦੇ ਮੇਅਰ ਨੇ ਦੋਸ਼ ਲਾਇਆ ਹੈ ਕਿ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਲੋਕਾਂ ਉਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ ਜਿਨ੍ਹਾਂ ਵਿਚ ਇਕ ਛੋਟੀ ਬੱਚੀ ਵੀ ਸ਼ਾਮਲ ਸੀ। ਔਰੇਗਨ ਸੂਬੇ ਵਿਚ ਇਕ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਦੇ ਬਾਹਰ ਮੌਜੂਦ ਵਿਖਾਵਾਕਾਰੀਆਂ ਉਤੇ ਕੈਮੀਕਲ ਛਿੜਕੇ ਗਏ ਜਦਕਿ ਰਬੜ ਦੀਆਂ ਗੋਲੀਆਂ ਵੀ ਚੱਲੀਆਂ। ਇੰਸਟਾਗ੍ਰਾਮ ’ਤੇ ਅਪਲੋਡ ਇਕ ਵੀਡੀਓ ਵਿਚ ਛੋਟੀ ਬੱਚੀ ਰੋਂਦੀ ਵਿਲਕਦੀ ਦੇਖੀ ਜਾ ਸਕਦੀ ਹੈ ਜਿਸ ਦੇ ਨੇੜੇ ਆਈਸ ਏਜੰਟਾਂ ਨੇ ਕਥਿਤ ਤੌਰ ’ਤੇ ਹੰਝੂ ਗੈਸ ਦੇ ਗੋਲੇ ਦਾਗੇ। ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਤ ਮੇਅਰ ਕੀਥ ਵਿਲਸਨ ਨੇ ਮਿਨੀਆਪੌਲਿਸ ਦੇ ਮੇਅਰ ਜੈਕਬ ਫ਼੍ਰੇਅ ਦੀ ਰਾਏ ਨਾਲ ਸਹਿਮਤੀ ਜ਼ਾਹਰ ਕਰਦਿਆਂ ਇੰਮੀਗ੍ਰੇਸ਼ਲ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੂੰ ਸ਼ਹਿਰ ਵਿਚੋਂ ਬਾਹਰ ਹੋ ਜਾਣ ਦੀ ਤਾਕੀਦ ਕੀਤੀ।
ਮੇਅਰ ਨੇ ਛੋਟੀ ਬੱਚੀ ਨੇੜੇ ਹੰਝੂ ਗੈਸ ਦੇ ਗੋਲੇ ਦਾਗਣ ਦਾ ਦੋਸ਼ ਲਾਇਆ
ਉਨ੍ਹਾਂ ਦੋਸ਼ ਲਾਇਆ ਕਿ ਸਿਰਫ਼ ਨਾਹਰੇਬਾਜ਼ੀ ਕਰ ਰਹੇ ਵਿਖਾਵਾਕਾਰੀਆਂ ਨੂੰ ਖਿੰਡਾਉਣ ਲਈ ਹਰ ਹੀਲਾ ਵਰਤਿਆ ਗਿਆ ਜੋ ਅਮਰੀਕਾ ਦੇ ਸੰਵਿਧਾਨ ਤਹਿਤ ਮਿਲੇ ਹੱਕਾਂ ਦੀ ਸਿੱਧੇ ਤੌਰ ’ਤੇ ਉਲੰਘਣਾ ਬਣਦੀ ਹੈ। ਆਈਸ ਦੀ ਕਾਰਵਾਈ ਦਾ ਵਿਰੋਧ ਸਿਰਫ਼ ਮੇਅਰ ਤੱਕ ਸੀਮਤ ਨਹੀਂ ਰਿਹਾ ਸਗੋਂ ਔਰੇਗਨ ਦੀ ਗਵਰਨਰ ਟੀਨਾ ਕੋਟੈਕ ਅਤੇ ਅਟਾਰਨੀ ਜਨਰਲ ਡੈਨ ਰੇਅਫ਼ੀਲਡ ਨੇ ਵੀ ਫ਼ੈਡਰਲ ਏਜੰਟਾਂ ਦੀ ਕਾਰਵਾਈ ਦਾ ਵਿਰੋਧ ਕੀਤਾ। ਇਸੇ ਦੌਰਾਨ ਪੋਰਟਲੈਂਡ ਪੁਲਿਸ ਨੇ ਸਪੱਸ਼ਟੀਕਰਨ ਦਿੰਦਿਆ ਕਿਹਾ ਹੈ ਕਿ ਉਨ੍ਹਾਂ ਵੱਲੋਂ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਅਤੇ ਵਿਖਾਵਾਕਾਰੀਆਂ ਵਿਰੁਧ ਕਾਰਵਾਈ ਦਾ ਕੋਈ ਯਤਨ ਕੀਤਾ। ਦੂਜੇ ਪਾਸੇ ਮਿਨੀਆਪੌਲਿਸ ਤੋਂ ਗ੍ਰਿਫ਼ਤਾਰ ਪੰਜ ਸਾਲ ਦਾ ਬੱਚਾ ਲਿਆਮ ਅਤੇ ਉਸ ਦਾ ਪਿਤਾ ਟੈਕਸਸ ਦੀ ਜੇਲ ਵਿਚੋਂ ਰਿਹਾਈ ਮਗਰੋਂ ਮਿਨੇਸੋਟਾ ਪਰਤ ਆਏ। ਲਿਆਮ ਅਤੇ ਉਸ ਦੇ ਪਿਤਾ ਐਡ੍ਰੀਅਨ ਨੂੰ 20 ਜਨਵਰੀ ਦੀ ਕਾਰਵਾਈ ਦੌਰਾਨ ਮਿਨੀਆਪੌਲਿਸ ਤੋਂ ਗ੍ਰਿਫਤਾਰ ਕਰ ਕੇ ਟੈਕਸਸ ਲਿਜਾਇਆ ਗਿਆ।
5 ਸਾਲ ਦਾ ਜਵਾਕ ਅਤੇ ਉਸ ਦਾ ਪਿਤਾ ਮਿਨੇਸੋਟਾ ਪਰਤੇ
ਡੈਮੋਕ੍ਰੈਟਿਕ ਪਾਰਟੀ ਵੱਲੋਂ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਜੋਕਿਨ ਕੈਸਟਰੋ ਦੇ ਦਫ਼ਤਰ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਦੋਵੇਂ ਜਣੇ ਟੈਕਸਸ ਦੇ ਡਿਲੀ ਕਸਬੇ ਤੋਂ ਰਵਾਨਾ ਹੋਏ ਅਤੇ ਐਤਵਾਰ ਮਿਨੇਸੋਟਾ ਵਿਖੇ ਆਪਣੇ ਘਰ ਪੁੱਜ ਗਏ। ਕੈਸਟਰੋ ਦੀ ਤਰਜਮਾਨ ਕੈਥਰੀਨ ਸ਼ਨਾਈਡਰ ਨੇ ਆਖਿਆ ਕਿ ਅਮਰੀਕਾ ਪ੍ਰਵਾਸੀਆਂ ਦੀ ਬਦੌਲਤ ਹੀ ਦੁਨੀਆਂ ਦਾ ਸਭ ਤੋਂ ਤਾਕਤਵਾਰ ਅਤੇ ਖੁਸ਼ਹਾਲ ਮੁਲਕ ਬਣ ਸਕਿਆ ਹੈ। ਇਥੇ ਦਸਣਾ ਬਣਦਾ ਹੈ ਕਿ ਇੰਮੀਗ੍ਰੇਸ਼ਨ ਅਫ਼ਸਰਾਂ ਨੇ ਕਥਿਤ ਤੌਰ ’ਤੇ ਲਿਆਮ ਦੇ ਪਿਤਾ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਬੇਟੇ ਨੂੰ ਚਾਰੇ ਵਜੋਂ ਵਰਤਿਆ ਪਰ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਦਿਆਂ ਦਾਅਵਾ ਕੀਤਾ ਕਿ ਲਿਆਮ ਦਾ ਪਿਤਾ ਸਟਾਰਟ ਗੱਡੀ ਵਿਚ ਆਪਣੇ ਬੱਚੇ ਨੂੰ ਛੱਡ ਕੇ ਫ਼ਰਾਰ ਹੋ ਗਿਆ।