ਜਾਹਨਵੀ ਕੰਦੁਲਾ ਨੂੰ ਮਰਨ ਉਪ੍ਰੰਤ ਡਿਗਰੀ ਦੇਵੇਗੀ ਅਮਰੀਕੀ ਯੂਨੀਵਰਸਿਟੀ
ਸਿਐਟਲ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੀ ਭਾਰਤੀ ਵਿਦਿਆਰਥਣ ਜਾਹਨਵੀ ਕੰਦੁਲਾ ਨੂੰ ਮਰਨ ਉਪ੍ਰੰਤ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਪੁਲਿਸ ਕਰੂਜ਼ਰ ਦੀ ਟੱਕਰ ਕਾਰਨ ਮਾਰੀ ਗਈ ਜਾਹਨਵੀ ਨੂੰ ਇਨਸਾਫ ਦਿਵਾਉਣ ਲਈ ਲੋਕ ਸੜਕਾਂ ’ਤੇ ਉਤਰ ਚੁੱਕੇ ਹਨ ਅਤੇ ਨੌਰਥ ਈਸਟ੍ਰਨ ਯੂਨੀਵਰਸਿਟੀ ਨੇ ਵੀ ਵੱਡਾ ਫੈਸਲਾ ਲਿਆ ਹੈ। ਯੂਨੀਵਰਸਿਟੀ ਦੇ […]
By : Editor Editor
ਸਿਐਟਲ, 16 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੀ ਭਾਰਤੀ ਵਿਦਿਆਰਥਣ ਜਾਹਨਵੀ ਕੰਦੁਲਾ ਨੂੰ ਮਰਨ ਉਪ੍ਰੰਤ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਪੁਲਿਸ ਕਰੂਜ਼ਰ ਦੀ ਟੱਕਰ ਕਾਰਨ ਮਾਰੀ ਗਈ ਜਾਹਨਵੀ ਨੂੰ ਇਨਸਾਫ ਦਿਵਾਉਣ ਲਈ ਲੋਕ ਸੜਕਾਂ ’ਤੇ ਉਤਰ ਚੁੱਕੇ ਹਨ ਅਤੇ ਨੌਰਥ ਈਸਟ੍ਰਨ ਯੂਨੀਵਰਸਿਟੀ ਨੇ ਵੀ ਵੱਡਾ ਫੈਸਲਾ ਲਿਆ ਹੈ। ਯੂਨੀਵਰਸਿਟੀ ਦੇ ਚਾਂਸਲਰ ਕੈਨਥ ਡਬਲਿਊ ਹੈਂਡਰਸਨ ਨੇ ਕਿਹਾ ਕਿ ਭਾਵੇਂ ਜਾਹਨਵੀ ਇਸ ਦੁਨੀਆਂ ਵਿਚ ਨਹੀਂ ਰਹੀ ਪਰ ਉਸ ਡਿਗਰੀ ਪ੍ਰਦਾਨ ਕਰਨ ਦੀ ਰਸਮ ਅਦਾ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਜਾਹਨੀ ਦੇ ਜਾਣ ਨਾਲ ਉਸ ਦੇ ਸਾਥੀ ਬਹੁਤ ਦੁਖੀ ਹਨ ਪਰ ਉਸ ਦੀਆਂ ਯਾਦਾਂ ਸਾਡੇ ਦਿਲ ਵਿਚ ਹਮੇਸ਼ਾ ਰਹਿਣਗੀਆਂ। ਇਥੇ ਦਸਣਾ ਬਣਦਾ ਹੈ ਕਿ ਜਾਹਨਵੀ ਨੇ ਆਉਂਦੇ ਦਸੰਬਰ ਮਹੀਨੇ ਵਿਚ ਗ੍ਰੈਜੁਏਟ ਹੋਣਾ ਸੀ ਪਰ ਇਕ ਪੁਲਿਸ ਕਰੂਜ਼ਰ ਦੀ ਟੱਕਰ ਨੇ ਉਸ ਦੀ ਜਾਨ ਲੈ ਲਈ। ਜਾਹਨਵੀ ਦੀ ਮੌਤ ’ਤੇ ਹੱਸਣ ਵਾਲੇ ਪੁਲਿਸ ਅਫਸਰ ਦੀ ਸ਼ਨਾਖਤ ਡੈਨੀਅਲ ਔਡਰਰ ਵਜੋਂ ਕੀਤੀ ਗਈ ਹੈ ਜਿਸ ਨੂੰ ਇਹ ਕਹਿੰਦਿਆਂ ਸਾਫ ਸੁਣਿਆ ਜਾ ਸਕਦਾ ਹੈ ਕਿ ਮਰਨ ਵਾਲੀ ਕੁੜੀ ਦੀ ਕੋਈ ਅਹਿਮੀਅਤ ਨਹੀਂ ਸੀ। ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਪੁਲਿਸ ਅਫਸਰ ਸਿਐਟਲ ਦੇ ਪੁਲਿਸ ਅਫਸਰਾਂ ਦੀ ਜਥੇਬੰਦੀ ਦਾ ਮੀਤ ਪ੍ਰਧਾਨ ਦੱਸਿਆ ਜਾ ਰਿਹਾ ਹੈ ਅਤੇ ਉਹ ਫੋਨ ’ਤੇ ਜਥੇਬੰਦੀ ਦੇ ਪ੍ਰਧਾਨ ਮਾਈਕ ਸੋਲਨ ਨਾਲ ਗੱਲ ਕਰ ਰਿਹਾ ਸੀ।
ਫੋਨ ’ਤੇ ਗੱਲ ਕਰਦਿਆਂ ਉਹ ਕਹਿੰਦਾ ਹੈ ਕਿ 11 ਹਜ਼ਾਰ ਡਾਲਰ ਦਾ ਚੈਕ ਤਿਆਰ ਕਰੋ, ਉਸ ਦੀ ਉਮਰ ਤਕਰੀਬਨ 26 ਸਾਲ ਸੀ। ਔਡਰਰ ਇਹ ਵੀ ਕਹਿੰਦਾ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਪੁਲਿਸ ਅਫਸਰ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਇਕ ਤਜਰਬੇਕਾਰ ਡਰਾਈਵਰ ਵਾਸਤੇ ਇਹ ਕੋਈ ਜ਼ਿਆਦਾ ਰਫ਼ਤਾਰ ਨਹੀਂ। ਦੂਜੇ ਪਾਸੇ ਪੜਤਾਲ ਦੌਰਾਨ ਸਾਹਮਣੇ ਆ ਚੁੱਕਾ ਹੈ ਕਿ ਜਾਹਨਵੀ ਕੰਦੁਲਾ ਨੂੰ ਟੱਕਰ ਮਾਰਨ ਵਾਲਾ ਪੁਲਿਸ ਅਫਸਰ 25 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਹੱਦ ਵਾਲੇ ਇਲਾਕੇ ਵਿਚ 74 ਮੀਲ ਪ੍ਰਤੀ ਘੰਟਾ ਦੀ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ।